ਅੱਗ ਬੁਝਾਊ ਆਪ੍ਰੇਸ਼ਨਾਂ ਦੀਆਂ ਕਾਰਵਾਈਆਂ ਨੂੰ ਦਰਸਾਉਂਦਿਆਂ ਯੂਨੀਅਨ ਦੀ ਬੰਦ ਦੀ ਕਾਲ ਦੇ ਬਾਵਜੂਦ ਵੀ ਫਾਇਰ ਸਟੇਸ਼ਟ ਖੁਲ੍ਹੇ

ਨਿਊ ਸਾਊਥ ਵੇਲਜ਼ ਅੰਦਰ ਅੱਜ ਦਾ ਦਿਹਾੜਾ ਅੱਗ ਬੁਝਾਊ ਆਪ੍ਰੇਸ਼ਨਾਂ ਦੀਆਂ ਕਾਰਵਾਈਆਂ ਨੂੰ ਦਰਸਾਉਂਦਿਆਂ ਮਨਾਇਆ ਜਾ ਰਿਹਾ ਹੈ ਅਤੇ ਇਸ ਵਿੱਚ ਲੋਕਾਂ ਨੂੰ ਪਰਿਵਾਰਸ ਸਮੇਤ ਆਪਣੇ ਨਜ਼ਦੀਕੀ ਫਾਇਰ ਸਟੇਸ਼ਨਾਂ ਉਪਰ ਪਹੁੰਚ ਕੇ ਅੱਗ ਬੁਝਾਊ ਕਰਮਚਾਰੀਆਂ ਦੀਆਂ ਗਤੀਵਿਧੀਆਂ ਆਦਿ ਦੀ ਜਾਣਕਾਰੀ ਲੈਣ ਵਾਸਤੇ ਆਮੰਤ੍ਰਿਤ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਵੀ ਲੈ ਰਹੇ ਹਨ -ਬਾਵਜੂਦ ਇਸਦੇ ਕਿ ਫਾਇਰ ਬ੍ਰਿਗੇਟ ਕਰਮਚਾਰੀ ਯੂਨੀਅਨ ਨੇ ਅੱਜ ਦਾ ਦਿਹਾੜਾ ਨਾ ਮਨਾਉਣ ਦੀ ਅਪੀਲ ਕਰਦਿਆਂ ਸਾਰੇ ਫਾਇਰ ਸਟੇਸ਼ਨਾਂ ਨੂੰ ਬੰਦ ਰੱਖਣ ਦਾ ਅੇਲਾਨ ਸੁਣਾਇਆ ਸੀ।
ਇਸ ਦਿਹਾੜੇ ਨੂੰ ਮਨਾਉਂਦਿਆਂ, ਰਾਜ ਦੇ ਫਾਇਰ ਬ੍ਰਿਗੇਡ ਕਾਮੇ ਅਤੇ ਅਧਿਕਾਰੀ, ਰਾਜ ਦੇ ਸਿਹਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ ਅਤੇ ਲੋਕਾਂ ਨੂੰ ਆਪਣੀਆਂ ਕਾਰਵਾਈਆਂ ਤੋਂ ਜਾਣੂ ਕਰਵਾ ਰਹੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਬੰਧਤ ਵਿਭਾਗਾਂ ਦੇ ਮੰਤਰੀ ਡੇਵਿਡ ਐਲਿਅਟ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਲੋਕਾਂ ਨੂੰ ਵੀ ਇਹ ਜਾਣਨਾ ਚਾਹੀਦਾ ਹੈ ਕਿ ਅੱਗ ਬੁਝਾਊ ਦਸਤਿਆਂ ਦੇ ਕਰਮਚਾਰੀ ਕਿਵੇਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਲੋਕਾਂ ਦੇ ਜਾਨ ਮਾਲ ਦੀ ਹਿਫ਼ਾਜ਼ਤ ਕਰਦੇ ਹਨ।
ਅੱਗ ਬੁਝਾਊ ਮਹਿਕਮੇ ਦੇ ਕਮਿਸ਼ਨਰ ਪਾਲ ਬਾਕਸਟਰ ਨੈ ਕਿਹਾ ਕਿ ਇਹ ਬਹੁਤ ਹੀ ਉਤਮ ਕਾਰਜ ਹੋ ਰਿਹਾ ਹੈ ਅਤੇ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਨਤਕ ਤੌਰ ਉਪਰ ਜਾਨ ਮਾਲ ਦੀ ਰੱਖਿਆ ਕਰਨ ਵਾਲੇ ਕਰਮਚਾਰੀ ਕਿਹੋ ਜਿਹੀਆਂ ਮੁਸ਼ਕਲਾਂ ਨਾਲ ਜੂਝਦੇ ਹਨ ਅਤੇ 24 ਘੰਟੇ ਅਤੇ ਸੱਤੋਂ ਦਿਨ, ਲੋਕਾਂ ਦੀ ਸੁਰੱਖਿਆ ਵਿੱਚ ਤਾਇਨਾਤ ਰਹਿੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਵੀ ਸੁਚੇਤ ਹੋਣਾ ਪਵੇਗਾ ਕਿਉਂਕਿ ਜ਼ਿਆਦਾਤਰ ਘਰਾਂ ਵਿੱਚ ਲੱਗਣ ਵਾਲੀ ਅੱਗ ਲੋਕਾਂ ਦੀ ਅਣਗਹਿਲੀ ਕਾਰਨ ਹੀ ਲੱਗਦੀ ਹੈ ਅਤੇ ਕਈ ਵਾਰੀ ਵੱਡੇ ਨੁਕਸਾਨ ਦਾ ਕਾਰਨ ਬਣ ਜਾਂਦੀ ਹੈ ਕਿਉਂਕਿ ਲੋਕ ਠੰਢ ਦੇ ਦਿਨਾਂ ਵਿੱਚ ਹੀਟਰ ਅਤੇ ਕੰਬਲਾਂ ਦਾ ਇਸਤੇਮਾਲ ਕਰਦੇ ਹਨ ਪਰੰਤੂ ਇਸ ਦੌਰਾਨ ਉਹ ਕਈ ਵਾਰੀ ਅਣਗਹਿਲੀ ਵਰਤ ਜਾਂਦੇ ਹਨ ਅਤੇ ਹਾਦਸੇ ਵਾਪਰ ਜਾਂਦੇ ਹਨ। ਲੋਕਾਂ ਨੂੰ ਹਰ ਗੱਲ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਆਪਣੇ ਅੱਗ ਤੋਂ ਸੁਚੇਤ ਕਰਨ ਵਾਲੇ ਅਲਾਰਮਾਂ ਆਦਿ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਜ਼ਿਆਦਾ ਜਾਣਕਾਰੀ ਵਾਸਤੇ ਸਰਕਾਰ ਦੀ ਵੈਬਸਾਈਟ www.fire.nsw.gov.au/winter ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।