ਨਿਊ ਸਾਊਥ ਵੇਲਜ਼ ਵਿੱਚ ਮਨਾਇਆ ਜਾ ਰਿਹਾ 22ਵਾਂ ਸਿਹਤ ਅਤੇ ਸੜਕ ਸੁਰੱਖਿਆ ਦਿਵਸ

(ਖੇਤਰੀ ਟ੍ਰਾਂਸਪੋਰਟ ਅਤੇ ਸੜਕ ਪਰਿਵਹਨ ਮੰਤਰੀ ਪਾਲ ਟੂਲੇ)

ਰਾਜ ਭਰ ਵਿੱਚ ਅੱਜ, 22ਵਾਂ ਸਿਹਤ ਅਤੇ ਸੜਕ ਸੁਰੱਖਿਆ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸੜਕ ਪਰਿਵਹਨ ਮੰਤਰੀ ਐਂਡ੍ਰਿਊਜ਼ ਕੰਸਟੈਂਸ ਨੇ ਕਿਹਾ ਕਿ ਅੱਜ ਇਹ ਦੇਖ ਕੇ ਖੁਸ਼ੀ ਹੋਈ ਹੈ ਕਿ ਅੱਜ ਸਾਡੇ ਭਵਿੱਖ ਦੇ ਨਾਗਰਿਕ -ਬੱਚਿਆਂ ਨੂੰ ਉਨ੍ਹਾਂ ਦੇ ਮਾਪੇ, ਆਪਣੀਆਂ ਕਾਰਾਂ ਨੂੰ ਦੂਰ ਹੀ ਖੜ੍ਹਾ ਕਰਕੇ ਉਨ੍ਹਾਂ ਨੂੰ ਪੈਦਲ ਹੀ ਆਪਣੇ ਨਾਲ ਤੁਰਾਂਦਿਆਂ ਹੋਇਆਂ ਅਤੇ ਸੜਕ ਨਿਯਮਾਂ ਦੀ ਜਾਣਕਾਰੀ ਦਿੰਦਿਆਂ, ਸਕੂਲ ਦੇ ਗੇਟ ਅੱਗੇ ਛੱਡਣ ਆਏ ਅਤੇ ਇਸ ਮੌਕੇ ਤੇ ਪਰਿਵਾਰਾਂ ਦੇ ਨਾਲ ਨਾਲ ਵਿਦਿਆਰਥੀ ਵੀ ਇਸ ਵਿੱਚ ਆਪਣਾ ਪੂਰਾ ਸਹਿਯੋਗ ਪਾ ਰਹੇ ਹਨ।
ਖੇਤਰੀ ਟ੍ਰਾਂਸਪੋਰਟ ਅਤੇ ਸੜਕ ਪਰਿਵਹਨ ਮੰਤਰੀ ਪਾਲ ਟੂਲੇ ਨੇ ਇਸ ਬਾਰੇ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਮਹਿਜ਼ ਅੱਜ ਦਾ ਦਿਨ ਮਨਾਉਣ ਖਾਤਰ ਹੀ ਨਹੀਂ ਸਗੋਂ ਹੋਰ ਰੋਜ਼ ਹੀ ਅੱਜ ਦੇ ਦਿਨ ਵਾਂਗ ਆਪਣੇ ਬੱਚਿਆਂ ਨੂੰ ਸਿਹਤ ਅਤੇ ਸੜਕ ਸੁਰੱਖਿਆ ਬਾਰੇ ਲਗਾਤਾਰ ਜਾਣੂ ਕਰਵਾਉਂਦੇ ਰਹਿਣ ਤਾਂ ਜੋ ਉਹ ਭਵਿੱਖ ਵਿੱਚ ਵਧੀਆ ਨਾਗਰਿਕ ਬਣ ਸਕਣ ਅਤੇ ਆਪਣੇ ਨਾਲ ਨਾਲ ਆਪਣੇ ਦੇਸ਼ ਦੇ ਹੋਰ ਨਾਗਰਿਕਾਂ ਦੀ ਵੀ ਸੁਰੱਖਿਆ ਕਰ ਸਕਣ।
ਇਹ ਦਿਹਾੜਾ ਹਰ ਸਾਲ ਹੀ ਖਾਸ ਕਰਕੇ ਬੱਚਿਆਂ ਨੂੰ ਸੜਕ ਅਤੇ ਸਿਹਤ ਸਬੰਧੀ ਸੁਰੱਖਿਆ ਬਾਰੇ ਸਮਝਾਉਣ ਲਈ ਹੀ ਮਨਾਇਆ ਜਾਂਦਾ ਹੈ ਕਿਉ਼ਂਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ। ਇਸ ਦੇ ਨਾਲ ਹੀ ਮਾਪਿਆਂ ਆਦਿ ਜਿਹੜੇ ਕਿ ਕਾਰਾਂ ਗੱਡੀਆਂ ਆਦਿ ਵਿੱਚ ਬੱਚਿਆਂ ਨੂੰ ਸਕੂਲ ਛੱਡਣ ਆਉਂਦੇ ਹਨ, ਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਰਹਿਣ ਅਤੇ ਦੇਸ਼ ਦੇ ਕਾਨੂੰਨਾਂ, ਨਿਯਮਾਂ ਰਾਹੀਂ ਉਨ੍ਹਾਂ ਦੀ ਆਪਣੀ ਸਿਹਤ ਅਤੇ ਸੜਕ ਸੁਰੱਖਿਆ ਬਾਰੇ ਲਗਾਤਾਰ ਜਾਣੂ ਕਰਵਾਉ਼ਂਦੇ ਰਹਿਣ।
ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਆਪਣੇ ਪੱਧਰ ਤੇ ਪੁਰੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਕੋਸ਼ਿਸ਼ ਅਧੀਨ -ਸਕੂਲਾਂ ਦੇ ਨਜ਼ਦੀਕ ਵਾਹਨਾਂ ਦੀ ਗਤੀ ਸੀਮਾ ਨਿਸ਼ਚਿਤ (40 ਕਿ ਮੀ. ਪ੍ਰਤੀ ਘੰਟਾ) ਕੀਤੀ ਗਈ ਹੈ, ਖਾਸ ਤਰ੍ਹਾਂ ਦੇ ਨਿਰਦੇਸ਼ਕ ਚਿੰਨ੍ਹਾਂ ਆਦਿ ਨਾਲ ਥਾਂ ਥਾਂ ਤੇ ਮਾਰਕਿੰਗ ਕੀਤੀ ਜਾਂਦੀ ਹੈ ਅਤੇ ਜਗਣ ਬੁਝਣ ਵਾਲੀਆਂ ਲਾਈਟਾਂ ਦਾ ਸਹਿਯੋਗ ਵੀ ਪ੍ਰਦਾਨ ਕੀਤਾ ਜਾਂਦਾ ਹੈ। ਸਕੁਲਾਂ ਆਦਿ ਦੇ ਰਸਤਿਆਂ ਵਿੱਚ ਸਰਕਾਰ ਦੁਆਰਾ 300 ਦੇ ਕਰੀਬ ਨਵੇਂ ਕਰਾਸਿੰਗ ਸੁਪਰਵਾਈਜ਼ਰਾਂ ਦੀ ਨਿਯੁੱਕਤੀ ਵੀ ਕੀਤੀ ਜਾ ਰਹੀ ਹੈ ਜੋ ਕਿ ਹਜ਼ਾਰਾਂ ਹੀ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਆਦਿ ਵਿੱਚ ਸਹਾਈ ਹੋਣਗੇ।
ਜ਼ਿਆਦਾ ਜਾਣਕਾਰੀ ਲਈ https://www.safetytown.com.au/ ਉਪਰ ਜਾਂ https://www.walk.com.au/WSTSD/ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।