Crime Check ਇੰਡੀਅਨ ਰਿਪੋਰਟ ਕਾਰਡ -ਨਿਊਜ਼ੀਲੈਂਡ ’ਚ ਭਾਰਤੀ ਮੂਲ ਦੇ ਲੋਕਾਂ ਨੂੰ ਅਪਰਾਧਿਕ ਸਜ਼ਾਵਾਂ ਦੀ ਗਿਣਤੀ ਵਿਚ ਆਈ ਗਿਰਾਵਟ

– 2020 ਦੇ ਵਿਚ 893 ਲੋਕਾਂ ਨੂੰ ਹੋਈ ਸਜ਼ਾ

ਆਕਲੈਂਡ :-ਇਕ ਸੁੰਦਰ ਦੇਸ਼ ਦੇ ਵਿਚ ਪ੍ਰਵਾਸ ਕਰਨਾ ਅਤੇ ਉਥੇ ਦੇ ਪੱਕੇ ਜਾਂ ਕੱਚੇ ਵਸਨੀਕ ਬਣਕੇ ਉਸ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਨਾ ਮੁੱਖ ਫਰਜ਼ ਹੋਣਾ ਚਾਹੀਦਾ ਹੈ। ਅਪਰਾਧ ਹਰ ਥਾਂ ਹੁੰਦਾ ਹੈ ਪਰ ਜਦੋਂ ਕਿਸੇ ਦੂਸਰੇ ਦੇ ਘਰ ਜਾ ਕੇ ਕੋਈ ਅਪਰਾਧ ਕਰੇ ਤਾਂ ਘਰ ਦੇ ਮਾਲਕ ਕੀ ਸੋਚਦੇ ਹੋਣਗੇ ਅੰਦਾਜ਼ਾ ਲਾਇਆ ਜਾ ਸਕਦਾ ਹੈ। ਨਿਊਜ਼ੀਲੈਂਡ ਦੇ ਵਿਚ ਭਾਰਤੀਆਂ ਦਾ ਲੰਬਾ ਇਤਿਹਾਸ ਹੈ। ਜਿਵੇਂ-ਜਿਵੇਂ ਇਥੇ ਭਾਰਤੀ ਲੋਕਾਂ ਦੀ ਗਿਣਤੀ ਵਧ ਰਹੀ ਹੈ ਉਵੇਂ-ਉਵੇਂ ਲੋਕ ਦੇਸ਼ ਦੀ ਤਰੱਕੀ ਦੇ ਵਿਚ ਵੀ ਹਿੱਸਾ ਪਾ ਰਹੇ ਹਨ ਪਰ ਫਿਰ ਵੀ ਬਹੁਤ ਸਾਰੇ ਅਜਿਹੇ ਨਿਕਲ ਹੀ ਆਉਂਦੇ ਹਨ ਜਿਹੜੇ ਕਿਸੀ ਗਲਤੀ ਜਾਂ ਅਪਰਾਧ ਕਰਕੇ ਸਜ਼ਾ ਦੇ ਹੱਕਦਾਰ ਹੋ ਜਾਂਦੇ ਹਨ ਅਤੇ ਦੇਸ਼ ਦਾ ਕਾਨੂੰਨ ਉਨ੍ਹਾਂ ਨੂੰ ਬਣਦੀ ਸਜ਼ਾ ਦਿੰਦਾ ਹੈ।
ਇਸ ਪੱਤਰਕਾਰ ਵੱਲੋਂ ਇਕੱਠੇ ਕੀਤੇ ਅੰਕੜਿਆਂ ਅਨੁਸਾਰ 2005 ਤੋਂ ਲੈ ਕੇ 2020 ਤੱਕ ਸਜ਼ਾ ਪ੍ਰਾਪਤ ਲੋਕਾਂ ਉਤੇ ਨਿਗ੍ਹਾ ਮਾਰੀ ਜਾਏ ਤਾਂ ਇਹ ਗ੍ਰਾਫ 8 ਸਾਲ ਤਾਂ ਲਗਾਤਾਰ ਉਪਰ ਵਧਦਾ ਦਿਸ ਰਿਹਾ ਹੈ ਅਤੇ ਫਿਰ 2013 ਤੋਂ ਥੋੜਾ ਹੇਠਾਂ ਖਿਸਕਿਆ ਦਿਸ ਰਿਹਾ ਹੈ। ਪਰ ਜੇਕਰ ਸਾਲ 2020 (ਕਰੋਨਾ ਸਾਲ) ਵੇਖਿਆ ਜਾਏ ਤਾਂ ਇਸਦੇ ਵਿਚ ਕਾਫੀ ਗਿਰਾਵਟ ਆਈ ਹੈ। ਸੰਨ 2005 ਦੇ ਵਿਚ 810 ਲੋਕਾਂ ਨੂੰ ਸਜ਼ਾ ਹੋਈ, 2006 ਵਿਚ 938, 2007 ਵਿਚ 1,119, 2008 ਦੇ ਵਿਚ 1,236, 2009 ਦੇ ਵਿਚ 1,561, 2010 ਦੇ ਵਿਚ 1,580, 2011 ਦੇ ਵਿਚ 1,554, 2012 ਦੇ ਵਿਚ 1,555, 2013 ਦੇ ਵਿਚ 1,461, 2014 ਦੇ ਵਿਚ 1,311, 2015 ਦੇ ਵਿਚ 1,260, 2016 ਦੇ ਵਿਚ 1,297, 2017 ਦੇ ਵਿਚ 1,221, 2018 ਦੇ ਵਿਚ 1,162, 2019 ਦੇ ਵਿਚ 1,059 ਅਤੇ 2020 ਦੇ ਵਿਚ 893 ਲੋਕਾਂ ਨੂੰ ਵੱਖ-ਵੱਖ ਅਪਰਾਧਾਂ ਦੇ ਵਿਚ ਸਜ਼ਾ ਹੋਈ। ਨਿਊਜ਼ੀਲੈਂਡ ਅਤੇ ਆਸਟਰੇਲੀਆ ਦੇ ਵਿਚ 16 ਪ੍ਰਮੁੱਖ ਅਪਰਾਧਿਕ ਸ਼੍ਰੇਣੀਆਂ ਹਨ ਜਿਨ੍ਹਾਂ ਦਾ ਵੇਰਵਾ ਅੰਗਰੇਜ਼ੀ ਵਿਚ ਦੇ ਰਿਹਾਂ ਹਾਂ।
ਪੁਲਿਸ ਦੇ ਵਿਚ ਗਿਣਤੀ: ਅਪਰਾਧੀਆਂ ਨੂੰ ਫੜ੍ਹਨ ਦੇ ਵਿਚ ਪੁਲਿਸ ਦੀ ਮੁੱਖ ਭੂਮਿਕਾ ਰਹਿੰਦੀ ਹੈ। ਹੁਣ ਨਿਊਜ਼ੀਲੈਂਡ ਪੁਲਿਸ ਦੇ ਵਿਚ 46 ਭਾਰਤੀ ਮੂਲ ਦੇ ਪੁਰਸ਼ ਪੁਲਿਸ ਅਫਸਰ ਹਨ ਅਤੇ 9 ਮਹਿਲਾ ਪੁਲਿਸ ਅਫਸਰ ਸਨ। ਇਹ ਗਿਣਤੀ ਵਧ ਸਕਦੀ ਹੈ ਕਿਉਂਕਿ ਇਸ (ਏਥਨਿਕ ਪਹਿਚਾਣ) ਪ੍ਰਸ਼ਨ ਦਾ ਉਤਰ ਦੇਣਾ ਜਰੂਰੀ ਨਹੀਂ ਹੁੰਦਾ। ਇਸ ਤੋਂ ਇਲਾਵਾ 242 ਹੋਰ ਪੁਲਿਸ ਸਟਾਫ ਵੀ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਭਾਰਤੀ ਲਿਖਵਾਇਆ ਹੋਇਆ ਹੈ।