ਮਾਸਕਟ ਸਟੇਸ਼ਨ ਦਾ ਨਵੀਨੀਕਰਣ

ਸੜਕ ਪਰਿਵਹਨ ਮੰਤਰੀ ਐਂਡ੍ਰਿਊ ਕੰਸਟੈਂਸ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਰਾਜ ਸਰਕਾਰ ਦੇ 39 ਮਿਲੀਅਨ ਡਾਲਰਾਂ ਦੇ ਨਿਵੇਸ਼ ਨਾਲ ਮਾਸਕਟ ਸਟੇਸ਼ਨ ਦਾ ਜਿਹੜਾ ਨਵੀਨੀਕਰਣ ਕੀਤਾ ਜਾ ਰਿਹਾ ਹੈ ਉਸ ਨਾਲ ਸੜਕਾਂ ਉਪਰ ਆਵਾਜਾਈ ਦੀ ਵੱਧਦੀ ਭੀੜ ਉਪਰ ਬਹੁਤ ਜ਼ਿਆਦਾ ਅਸਰ ਪਵੇਗਾ ਅਤੇ ਲੋਕਾਂ ਨੂੰ ਇਸ ਭੀੜ ਤੋਂ ਨਜਾਤ ਮਿਲੇਗੀ।
ਉਨ੍ਹਾਂ ਕਿਹਾ ਕਿ ਇਸ ਨਿਰਮਾਣ ਅਧੀਨ ਬੌਰਕ ਸਟ੍ਰੀਟ ਦੇ ਪੱਛਮੀ ਸਿਰੇ ਉਪਰ ਟਿਕਟਾਂ ਲਈ ਨਵੇਂ ਗੇਟ, ਨਵੇਂ ਐਸਕੇਲੇਟਰ ਅਤੇ ਲੋਕਾਂ ਦੇ ਆਵਾਗਮਨ ਵਾਸਤੇ ਵਧੀਆ ਅਤੇ ਖੁਲ੍ਹੀਆਂ ਥਾਵਾਂ ਦਾ ਨਿਰਮਾਣ ਆਦਿ ਕੀਤਾ ਜਾ ਰਿਹਾ ਹੈ।
ਰਾਜ ਦੇ ਮੁੱਖੀ ਆਪ੍ਰੇਸ਼ਨਜ਼ ਟ੍ਰਾਂਸਪੋਰਟ ਅਧਿਕਾਰੀ ਹੋਵਾਰਡ ਕੋਲਿਨਜ਼ ਨੇ ਕਿਹਾ ਕਿ ਇਸ ਕਾਰਜ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਥੋੜ੍ਹੀ ਪ੍ਰੇਸ਼ਾਨੀ ਹੋਵੇਗੀ -ਇਸ ਵਾਸਤੇ ਖੇਦ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਕਾਰਜ ਦੇ ਪੂਰਾ ਹੋ ਜਾਣ ਨਾਲ ਸਿੱਧੇ ਤੌਰ ਤੇ ਲੋਕਾਂ ਨੂੰ ਹੀ ਫਾਇਦਾ ਹੋਣਾ ਹੈ ਪਰੰਤੂ ਫੇਰ ਵੀ ਅਜਿਹਾ ਧਿਆਨ ਰੱਖਿਆ ਜਾਵੇਗਾ ਜਿਸ ਨਾਲ ਕਿ ਆਉਣ ਜਾਉਣ ਵਾਲਿਆਂ ਨੂੰ ਪ੍ਰੇਸ਼ਾਨੀ ਘੱਟ ਤੋਂ ਘੱਟ ਝੇਲਣੀ ਪਵੇ। ਇਸ ਵਾਸਤੇ ਸਥਾਨਕ ਲੋਕਾਂ ਨੂੰ ਸਿੱਧੇ ਤੌਰ ਤੇ ਸਮੇਂ ਸਮੇਂ ਉਪਰ ਜਾਣਕਾਰੀਆਂ ਉਪਲੱਭਧ ਕਰਵਾਈਆਂ ਜਾਣਗੀਆਂ ਅਤੇ ਫੇਰ ਬਦਲ ਬਾਰੇ ਦੱਸਿਆ ਜਾਂਦਾ ਰਹੇਗਾ।
ਜ਼ਿਕਰਯੋਗ ਹੈ ਕਿ ਮਾਸਕਟ ਸਟੇਸ਼ਨ ਦਾ ਨਿਰਮਾਣ ਰਾਜ ਸਰਕਾਰ ਦੇ ਅਜਿਹੇ ਪਹਿਲਾਂ ਤੋਂ ਚੱਲ ਰਹੇ 5.3 ਬਿਲੀਅਨ ਡਾਲਰਾਂ ਦੇ ਪ੍ਰਾਜੈਕਟ ਦਾ ਹੀ ਹਿੱਸਾ ਹੈ ਜਿਸ ਤਹਿਤ ਕਿ ਜ਼ਿਆਦਾ ਗੱਡੀਆਂ, ਜ਼ਿਆਦਾ ਸੇਵਾਵਾਂ ਦੇ ਪ੍ਰੋਗਰਾਮ ਆਦਿ ਵਰਗੇ ਕੰਮਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਇਹ ਪ੍ਰਾਜੈਕਟ 2022 ਤੱਕ ਮੁਕੰਮਲ ਹੋ ਜਾਣ ਦਾ ਸਮਾਂ ਮਿਥਿਆ ਗਿਆ ਹੈ।
ਜ਼ਿਆਦਾ ਜਾਣਕਾਰੀ ਲਈ yoursay.transport.nsw.gov.au/mascot-station-upgrade ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।