ਚੂਹਿਆਂ ਦੀ ਬਿਮਾਰੀ ਤੋਂ ਬਚਾਅ ਲਈ ਨਿਊ ਸਾਊਥ ਵੇਲਜ਼ ਵੱਲੋਂ 50 ਮਿਲੀਅਨ ਡਾਲਰਾਂ ਦੇ ਪੈਕੇਜ ਦਾ ਐਲਾਨ

ਨਿਊ ਸਾਊਥ ਵੇਲਜ਼ ਰਾਜ ਅੰਦਰ ਚੱਲ ਰਹੀਆਂ ਚੂਹਿਆਂ ਦੀਆਂ ਬਿਮਾਰੀਆਂ ਆਦਿ -ਜਿਨ੍ਹਾਂ ਨਾਲ ਕਿ ਕਿਸਾਨ, ਘਰੇਲੂ ਜੀਵਨ, ਛੋਟੇ ਮੋਟੇ ਕੰਮ ਧੰਦੇ ਆਦਿ ਸਭ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਲੋਕ ਪ੍ਰੇਸ਼ਾਨੀਆਂ ਝੇਲ ਰਹੇ ਹਨ, ਨਾਲ ਨਜਿੱਠਣ ਲਈ ਫੌਰੀ ਤੌਰ ਤੇ 50 ਮਿਲੀਅਨ ਡਾਲਰਾਂ ਦੇ ਪੈਕੇਜ ਦਾ ਐਲਾਨ ਕੀਤਾ ਹੈ।
ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਅਤੇ ਖੇਤੀਬਾੜੀ ਮੰਤਰੀ ਐਡਮ ਮਾਰਸ਼ਲ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨੀ ਖੇਤਰ ਵਿੱਚ ਦਾਣਿਆਂ ਆਦਿ ਦੀ ਸਾਂਭ ਸੰਭਾਲ ਲਈ ਚੂਹਿਆਂ ਤੋਂ ਬਚਾਉ ਦੀ ਦਵਾਈ ਮੁਫਤ ਦਿੱਤੀ ਜਾਵੇਗੀ ਜਦੋਂ ਕਿ ਹੋਰ ਪੇਂਡੂ ਖੇਤਰਾਂ, ਘਰੇਲੂ ਅਤੇ ਛੋਟੇ ਮੋਟੇ ਕੰਮ ਧੰਦਿਆਂ ਦੌਰਾਨ ਇਸ ਦੇ ਇਸਤੇਮਾਲ ਲਈ ਇਸ ਦੀ ਕੀਮਤ ਵਿੱਚ ਬਣਦੀ ਛੋਟ ਮੁਹੱਈਆ ਕਰਵਾਈ ਜਾਵੇਗੀ।
ਘਰੇਲੂ ਇਸਤੇਮਾਲ ਵਾਸਤੇ 500 ਡਾਲਰਾਂ ਦੀ ਛੋਟ ਅਤੇ ਕੰਮ ਧੰਦਿਆਂ ਵਿਚਲੇ ਇਸਤੇਮਾਲ ਲਈ ਇਸ ਛੋਟ ਲਈ 1,000 ਡਾਲਰ ਦਾ ਪ੍ਰਾਵਧਾਨ ਰੱਖਿਆ ਗਿਆ ਹੈ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ https://www.nsw.gov.au/initiative/mouse-control-support-package ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।