ਸਿਡਨੀ ਵਿੱਚ ਹੋਣ ਗੀਆਂ ਹੋਰ ਵੀ ‘ਲਾਈਵ’ ਸਟੇਜ ਪ੍ਰੋਗਰਾਮ ਅਤੇ ਕਾਰਨੀਵਾਲ

ਨਿਊ ਸਾਊਥ ਵੇਲਜ਼ ਸਰਕਾਰ ਨੇ ਇੱਕ ਐਲਾਨਨਾਮੇ ਰਾਹੀਂ ਦੱਸਿਆ ਹੈ ਕਿ ਸਿਡਨੀ ਅੰਦਰ ਲੋਕਾਂ ਦੇ ਮਨੋਰੰਜਨ ਦੇ ਨਾਲ ਨਾਲ ਰੌਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣ ਦੇ ਕਾਰਨਾਂ ਦੇ ਮੱਦੇਨਜ਼ਰ, ਕਮੇਡੀ ਸ਼ੋਆਂ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਲਾਈਫ ਪੇਸ਼ਕਾਰੀਆਂ ਕਰਾਉਣ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ। ਇਸ ਪ੍ਰੋਗਰਾਮ ਦੇ ਦੂਸਰੇ ਗੇੜ੍ਹ ਦੇ ਚਲਦਿਆਂ ਹੁਣ ਘੱਟੋ ਘੱਟ 10 ਹੋਰ ਅਜਿਹੇ ਆਯੋਜਨ ਕੀਤੇ ਜਾ ਰਹੇ ਹਨ।
ਖ਼ਜ਼ਾਨਾ ਮੰਤਰੀ ਡੋਮਿਨਿਕ ਪੈਰੋਟੈਟ ਨੇ ਕਿਹਾ ਕਿ ਜਦੋਂ ਦੇ ਅਜਿਹੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਉਦੋਂ ਤੋਂ ਹੀ ਲੋਕ ਇਸ ਵੱਲ ਖਿੱਚੇ ਚਲੇ ਆਉਂਦੇ ਹਨ ਅਤੇ ਇਹ ਲੋਕਾਂ ਦੇ ਮਨੋਰੰਜਨ ਦੇ ਸਹੀ ਸਾਧਨ ਸਿੱਧ ਹੋ ਰਹੇ ਹਨ ਅਤੇ ਇਸ ਨਾਲ ਜਿੱਥੇ ਮਨੋਰੰਜਨ ਹੁੰਦਾ ਹੈ, ਉਥੇ ਹੀ ਲੋਕਾਂ ਨੂੰ ਰੌਜ਼ਗਾਰ ਮੁਹੱਈਆ ਹੋ ਰਿਹਾ ਹੈ ਉਥੇ ਹੀ ਰਾਜ ਸਰਕਾਰ ਦੇ ਆਰਥਿਕ ਸਾਧਨਾਂ ਵਿੱਚ ਵੀ ਇਜ਼ਾਫ਼ਾ ਹੁੰਦਾ ਹੈ।
ਕਲ਼ਾ ਖੇਤਰ ਦੇ ਮੰਤਰੀ ਡੋਨ ਹਾਰਵਿਨ ਨੇ ਵੀ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪ੍ਰੋਗਰਾਮਾਂ ਬਹੁਤ ਹੀ ਵਧੀਆ ਢੰਗ ਤਰੀਕਿਆਂ ਦੇ ਨਾਲ ਚੱਲ ਰਹੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਉਕਤ ਪ੍ਰੋਗਰਾਮਾਂ ਦੇ ਮੌਜੂਦਾ ਗੇੜ੍ਹ ਵਿੱਚ ਹੁਣ 100 ਤੋਂ ਵੀ ਜ਼ਿਆਦਾ ਅਜਿਹੇ ਪ੍ਰਾਜੈਕਟਾਂ ਨੂੰ ਰਾਜ ਸਰਕਾਰ ਵੱਲੋਂ ਮਾਲੀ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਇਸ ਵਾਸਤੇ ਸਰਕਾਰ ਨੇ 363,000 ਡਾਲਰਾਂ ਦਾ ਫੰਡ ਮੁਹੱਈਆ ਕੀਤਾ ਹੈ ਅਤੇ ਇਸ ਪ੍ਰੋਗਰਾਮ (ਪਲੇ ਦ ਸਿਟੀ -ਸਿਡਨੀ) ਤਹਿਤ ਕੁੱਲ ਮਿਲਾ ਕੇ ਸਰਕਾਰ ਨੇ ਹੁਣ ਤੱਕ 1.86 ਮਿਲੀਅਨ ਡਾਲਰਾਂ ਦੀਆਂ ਗ੍ਰਾਂਟਾਂ ਕਲ਼ਾਕਾਰਾਂ, ਸੰਗੀਤਕਾਰਾਂ ਅਤੇ ਹੋਰ ਅਜਿਹੇ ਖੇਤਰਾਂ ਨਾਲ ਜੁੜੇ ਲੋਕਾਂ ਨੂੰ ਦਿੱਤੀਆਂ ਹਨ।