ਫੈਡਰਲ ਸਰਕਾਰ ਦੀਆਂ ਪਾਬੰਧੀਆਂ ਦੇ ਬਾਵਜੂਦ, ਨਿਊ ਸਾਊਥ ਵੇਲਜ਼ ਵਿੱਚ ਪਰਤਣਗੇ ਅੰਤਰ ਰਾਸ਼ਟਰੀ ਵਿਦਿਆਰਥੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੇਸ਼ੱਕ ਫੈਡਰਲ ਸਰਕਾਰ ਨੇ ਅੰਤਰ ਰਾਸ਼ਟਰੀ ਪੱਧਰ ਦੇ ਆਵਾਗਮਨ ਉਪਰ ਹਾਲ ਦੀ ਘੜੀ ਕਰੋਨਾ ਕਾਰਨ ਪਾਬੰਧੀਆਂ ਲਗਾਈਆਂ ਹੋਈਆਂ ਹਨ ਪਰੰਤੂ ਨਿਊ ਸਾਊਥ ਵੇਲਜ਼ ਸਰਕਾਰ ਨੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਨੂੰ ਮੁੜ ਤੋਂ ਕੈਂਪਸ ਵਿੱਚ ਬੁਲਾਉਣ ਦੀਆਂ ਤਿਆਰੀਆਂ ਕਰ ਲਈਆਂ ਹਨ ਅਤੇ ਇਸ ਵਾਸਤੇ ਸਿਡਨੀ ਵਿੱਚ ਇੱਕ ਖਾਸ ਥਾਂ, ਵਿਦਿਆਰਥੀਆਂ ਦੇ ਕੁਆਰਨਟੀਨ ਵਾਸਤੇ ਵੀ ਬਣਾਏ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਹਨ।
ਰਾਜ ਦੇ ਖ਼ਜ਼ਾਨਾ ਮੰਤਰੀ ਨੇ ਇਸ ਬਾਬਤ ਦੱਸਿਆ ਕਿ ਇਸੇ ਸਾਲ ਦੇ ਦੂਸਰੇ ਸਮੈਸਟਰ ਵਾਸਤੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਦਾ ਪੂਰਨ ਤੌਰ ਤੇ ਇੰਤਜ਼ਾਮ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਰਾਜ ਵਿਚਲੀ ਅਰਥ ਵਿਵਸਥਾ ਵਿੱਚ ਇਹ ਤਬਕਾ 14 ਬਿਲੀਅਨ ਸਾਲਾਨਾ ਦਾ ਯੋਗਦਾਨ ਪਾਉਂਦਾ ਹੈ। ਇਸੇ ਦੌਰਾਨ ਰਾਜ ਅੰਦਰ 800,000 ਦੇ ਕਰੀਬ ਕਰੋਨਾ ਵੈਕਸੀਨ ਦੀਆਂ ਡੋਜ਼ਾਂ ਦਿੱਤੀਆਂ ਜਾ ਚੁਕੀਆਂ ਹਨ।
ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਸਿਡਨੀ ਓਲੰਪਿਕ ਪਾਰਕ ਵਿਖੇ ਇੱਕ ਬਹੁਤ ਵੱਡੀ ਵੈਕਸੀਨ ਲਗਾਉਣ ਦੀ ਹੱਬ ਬੀਤੇ ਸੋਮਵਾਰ ਤੋਂ ਖੋਲ੍ਹੀ ਗਈ ਸੀ ਅਤੇ ਇਸ ਵਿੱਚ 30,000 ਡੋਜ਼ਾਂ ਪ੍ਰਤੀ ਹਫ਼ਤੇ ਦੇ ਹਿਸਾਬ ਨਾਲ ਦੇਣ ਦਾ ਟੀਚਾ ਮਿਥਿਆ ਗਿਆ ਹੈ।