ਇਨਕਲਾਬੀ ਕਵੀ ਸ. ਅਜੀਤ ਸਿੰਘ ਰਾਹੀ

(ਨਿਜੀ ਯਾਦਾਂ ਉਪਰ ਆਧਾਰਤ)

1979 ਵਿਚ ਮੈਂ ਅਤੇ ਅਜੀਤ ਸਿੰਘ ਰਾਹੀ ਅੱਗੜ ਪਿੱਛੜ ਹੀ ਆਸਟ੍ਰੇਲੀਆ ਵਿਚ ਪਹੁੰਚੇ ਸੀ। ਥਾਈਲੈਂਡ, ਮਲੇਸੀਆ, ਸਿੰਘਾਪੁਰ, ਇੰਡੋਨੇਸੀਆ, ਕੈਲੇਡੋਨੀਆ ਮੁਲਕਾਂ ਵਿਚ ਦੀ ਵਿਚਰਦੇ ਹੋਏ ਏਥੇ ਅਪੜੇ ਸਾਂ। ਰਾਹੀ ਜੀ ਸ਼ਾਇਦ ਸਿੰਘਾਪੁਰੋਂ ਸਿਧੇ ਹੀ ਆ ਗਏ ਸਨ।

ਮੈਂ ਆਪਣੇ ਨਿੱਕੇ ਭਰਾ ਸ. ਸੇਵਾ ਸਿੰਘ ਨਾਲ਼ ਆਸਟ੍ਰੇਲੀਆ ਵਿਚ ਕੁਝ ਦਿਨ, ਰਾਹੀ ਜੀ ਤੋਂ ਬਾਅਦ ਦਾਖਲ ਹੋਇਆ ਸਾਂ ਜਦੋਂ ਕਿ ਰਾਹੀ ਜੀ, ਆਪਣੇ ਇਕ ਸਾਥੀ ਸ. ਮਨਜੀਤ ਸਿੰਘ ਔਜਲਾ ਸਮੇਤ ਸਾਡੇ ਤੋਂ ਪਹਿਲਾਂ ਪਹੁੰਚ ਗਏ ਸਨ।

ਸਾਡੀ ਪਹਿਲੀ ਮੁਲਾਕਾਤ ਨਿਊ ਸਾਊਥ ਵੇਲਜ਼ ਸਟੇਟ ਦੇ ਕੌਰਾ ਨਾਮੀ ਟਾਊਨ ਵਿਚ ਹੋਈ ਸੀ ਜਿੱਥੇ ਰਾਹੀ ਜੀ ਕੁਝ ਹੋਰ ਪੰਜਾਬੀ ਨੌਜਵਾਨਾਂ ਨਾਲ਼ ਐਸਪੈਰਾਗਸ ਕੱਟਣ ਦਾ ਕਾਰਜ ਕਰ ਰਹੇ ਸਨ। ਮੈ ਵੀ ਚਾਹੁੰਦਾ ਸੀ ਕਿ ਮੇਰਾ ਭਰਾ ਵੀ ਕੁਝ ਦਿਨ ਕਿਤੇ ਮੇਹਨਤ ਮਜ਼ਦੂਰੀ ਕਰਕੇ ਆਪਣਾ ਕਰਾਇਆ ਭਾੜਾ ਬਣਾ ਲਵੇ। ਸਿਡਨੀ ਤੋਂ ਸ. ਗੁਰਜੀਤ ਸਿੰਘ ਨੇ ਸਾਨੂੰ ਰੇਲ ਗੱਡੀ ਉਪਰ ਬਹਾ ਦਿਤਾ ਤੇ ਅੱਗੋਂ ਇਕ ਪੰਜਾਬੀ ਡਾਕਟਰ ਸਚਦੇਵਾ ਜੀ ਸਾਨੂੰ ਦੋਹਾਂ ਭਰਾਵਾਂ ਨੂੰ ਆਪਣੀ ਕਾਰ ਉਪਰ, ਫਾਰਮ ਵਿਚ ਬਣੀਆਂ ਇਹਨਾਂ ਦੀਆਂ ਬੈਰਕਾਂ ਵਿਚ ਪੁਚਾ ਆਏ। ਸਾਡਾ ਡੇਰਾ ਰਾਹੀ ਜੀ ਵਾਲ਼ੇ ਕਮਰੇ ਵਿਚ ਹੀ ਲਵਾ ਦਿਤਾ ਗਿਆ।

ਜਾਂ ਅਸੀਂ ਸਵੇਰੇ ਉਠੇ ਤਾਂ ਸਾਰੇ ਸੱਜਣ ਹੀ ਚੁਪ ਚਾਪ ਘੁਸਰ ਮੁਸਰ ਕਰਦੇ ਫਿਰਨ, ਕਿਸੇ ਦੇ ਝਰੀਟਾਂ ਆਈਆਂ ਹੋਈਆਂ ਸਨ। ਕਿਸੇ ਦੀ ਸ਼ਕਲ ਕਿਸੇ ਹੋਰ ਕਾਰਨ ਵਿਗੜੀ ਹੋਈ ਦਿਸੀ। ਰਾਹੀ ਜੀ ਲੰਗਾ ਕੇ ਤੁਰ ਰਹੇ ਸਨ। ਸਾਨੂੰ ਦੱਸੇ ਕੋਈ ਨਾ ਕਿ ਕੀ ਭਾਣਾ ਵਰਤਿਆ ਹੈ! ਹੌਲ਼ੀ ਹੌਲ਼ੀ ਦਿਨ ਚੜ੍ਹੇ ਪਤਾ ਲੱਗਾ ਕਿ ਰਾਤੀਂ ਕਿਸੇ ਕਾਰਨ ਪੁਲਿਸ ਦਾ ਛਾਪਾ ਪਿਆ ਸੀ ਤੇ ਇਹ ਸਾਰੇ ਵੀਜ਼ਾ ਮੁਕਾ ਬੈਠੇ ਹੋਣ ਕਰਕੇ, ਸਮਝੇ ਕਿ ਇਹਨਾਂ ਨੂੰ ਫੜਨ ਲਈ ਇਮੀਗ੍ਰੇਸ਼ਨ ਨੇ ਛਾਪਾ ਮਾਰਿਆ ਹੈ। ਇਹ ਸਾਰੇ ਛਾਲ਼ਾਂ ਮਾਰ ਕੇ ਝਾੜੀਆਂ ਵਿਚ ਜਾ ਵੜੇ। ਓਥੋਂ ਕੰਡੇ ਵੱਜੇ। ਕੈਂਪ ਦੇ ਪਿਛਵਾੜੇ ਵਗਦੀ ਨਦੀ ਟੱਪਦੇ ਕੁਝ ਉਸ ਵਿਚ ਡਿਗ ਪਏ। ਏਸੇ ਭੱਜ ਨੱਸ ਵਿਚ ਰਾਹੀ ਜੀ ਵੀ ਲੱਤ ਤੁੜਾ ਬੈਠੇ। ਮੈਂ ਕਿਹਾ, “ਓਇ ਸਾਨੂੰ ਵੀ ਦੱਸ ਦਿੰਦੇ! ਅਸੀਂ ਵੀ ਭੱਜ ਜਾਂਦੇ।“ ਕਹਿੰਦੇ, “ਤੁਹਾਡੇ ਕੋਲ਼ ਬਾਬਾ (ਵੀਜ਼ਾ) ਹੈਗਾ ਸੀ।“ ਭਰਾ ਨੂੰ ਓਥੇ ਛੱਡ ਕੇ ਮੁੜਨਾ ਤੇ ਮੈਂ ਓਸੇ ਸਮੇ ਹੀ ਸੀ ਪਰ ਓਥੇ ਦਾ ਰਮਣੀਕ ਆਲ਼ਾ ਦੁਆਲ਼ਾ ਵੇਖਣ ਦਾ ਮਾਰਾ ਚਾਰ ਦਿਨ ਰੁਕਿਆ ਰਿਹਾ।

ਇਹ ਸੀ ਮੇਰੀ ਰਾਹੀ ਜੀ ਨਾਲ਼ ਪਹਿਲੀ ਮੁਲਾਕਾਤ। ਬਾਕੀ ਕੁਝ ਲੋਕਾਂ ਵਾਂਗ ਅਸੀਂ ਵੀ, ਰਾਹੀ ਜੀ ਮੈਲਬਰਨ ਤੋਂ ਹੋ ਕੇ ਨਿਊ ਸਾਊਥ ਵੇਲਜ਼ ਸਟੇਟ ਦੇ ਖੇਤੀ ਵਾਲ਼ੇ ਟਾਊਨ ਗ੍ਰਿਫ਼ਿਥ ਵਿਚ ਅਤੇ ਮੈਂ ਸਿਡਨੀ ਵਿਚ, ਸਰੀਰਕ ਅਤੇ ਆਰਥਕ ਪੱਖੋਂ ਸੈਟਲ ਹੋ ਗਏ ਦੂਜੀ ਵਾਰ ਰਾਹੀ ਜੀ ਨਾਲ਼ ਮੇਰਾ ਮੇਲ਼ ਜੂਨ 1984 ਵਿਚ ਓਦੋਂ ਹੋਇਆ ਜਦੋਂ ਉਹ ਹਿੰਦੁਸਤਾਨੀ ਫੌਜਾਂ ਦੇ, ਸ੍ਰੀ ਦਰਬਾਰ ਸਾਹਿਬ ਉਪਰ ਹੋਏ ਹਮਲੇ ਦੇ ਵਿਰੁਧ, ਸਿਡਨੀ ਵਿਚ ਹੋਣ ਵਾਲ਼ੇ ਮੁਜ਼ਾਹਰੇ ਵਿਚ ਸ਼ਾਮਲ ਹੋਣ ਲਈ ਗ੍ਰਿਫ਼ਿਥ ਅਤੇ ਨੇੜਲੇ ਟਾਊਨਾਂ ਦੇ ਸਿੱਖਾਂ ਦਾ ਜਥਾ  ਲੈ ਕੇ ਆਏ। ਸ਼ਹਿਰ ਦੇ ਕੇਂਦਰ ਮਾਰਟਨ ਪਲੇਸ ਵਿਚ ਪਹਿਲਾਂ ਮੈਨੂੰ ਹੀ ਆਣ ਕੇ ਮਿਲ਼ੇ ਅਤੇ ਪ੍ਰੋਗਰਾਮ ਬਾਰੇ ਜਾਣਕਾਰੀ ਲਈ। ਉਸ ਪਿੱਛੋਂ ਫਿਰ ਅਸੀ ਸਾਰੇ ਰਲ਼ ਕੇ ਚਾਹੇ ਸਿਡਨੀ ਚਾਹੇ ਰਾਜਧਾਨੀ ਕੈਨਬਰਾ, ਹਰੇਕ ਥਾਂ ਮੁਜ਼ਾਹਰਿਆਂ ਵਿਚ ਸ਼ਾਮਲ ਹੁੰਦੇ ਰਹੇ। ਹਿੰਦੁਸਤਾਨੀ ਫੌਜਾਂ ਦੇ ਇਸ ਹਮਲੇ ਨੇ ਸਾਰੇ ਸੰਸਾਰ ਵਿਚ ਵਸਦੇ ਸਿੱਖਾਂ ਦੀ ਸੋਚ ਨੂੰ ਝੰਜੋੜ ਕੇ ਰੱਖ ਦਿਤਾ। ਇਸ ਹਮਲੇ ਕਾਰਨ ਸੰਸਾਰ ਭਰ ਦੇ ਸਿੱਖ ਸਮਾਜ ਦੀ ਸੋਚ ਦੇ ਸਮੀਕਰਨ ਹੀ ਬਦਲ ਗਏ। ਕਦੀ ਵੀ ਨਾ ਸੋਚੀ ਜਾਣ ਵਾਲ਼ੀ ਅਣਹੋਣੀ ਵਾਪਰ ਗਈ। ਹਰੇਕ ਤਰ੍ਹਾਂ ਦੀ ਸਿਆਸੀ ਅਤੇ ਧਾਰਮਿਕ ਵਿਚਾਰ ਰੱਖਣ ਵਾਲ਼ੇ ਸਿੱਖਾਂ ਨੇ ਬਤੌਰ ਸਿੱਖ ਸੋਚਣਾ ਸ਼ੁਰੂ ਕਰ ਦਿਤਾ।

ਸ. ਅਜੀਤ ਸਿੰਘ ਰਾਹੀ ਜੀ ਕੱਟੜ ਖੱਬੇਪੱਖੀ ਵਿਚਾਰਧਾਰਾ ਦੇ ਪੇਰੋਕਾਰ ਸਨ। ਇਸ ਤੋਂ ਪਹਿਲਾਂ ਦੀਆਂ ਉਹਨਾਂ ਦੀ ਲਿਖਤਾਂ ਕਮਿਊਨਿਸਟ ਵਿਚਾਰਾਂ ਤੋਂ ਪ੍ਰਭਾਵਤ ਹੋਣ ਕਰਕੇ, ਨਕਸਲੀ ਲਹਿਰ ਵਿਚ ਨਾ ਕੇਵਲ ਉਹਨਾਂ ਨੇ ਸਰਗਰਮ ਹਿੱਸਾ ਹੀ ਲਿਆ ਬਲਕਿ ਉਸ ਬਾਰੇ ਕਵਿਤਾ ਅਤੇ ਵਾਰਤਕ ਵੀ ਸੱਬਰਕੱਤੀ ਲਿਖੀ। ਬਹੁਤ ਸਾਰੇ ਸੁਲਝੇ ਹੋਏ ਨਾਸਤਕ ਅਤੇ ਖੱਬੀ ਸੋਚ ਦੇ ਮੁਦਈ ਜੇਹੜੇ ਗਿਣਤੀ ਦੇ ਸਾਹਿਤਕਾਰ ਸਿੱਖਾਂ ਦੀਆਂ ਕਲਮਾਂ ਨੇ ਸਿੱਖੀ ਵਿਚਾਰਧਾਰਾ ਵੱਲ ਮੋੜਾ ਖਾ ਲਿਆ, ਉਹਨਾਂ ਵਿਚ ਇਕ ਉਘਾ ਨਾਂ ਸ. ਅਜੀਤ ਸਿੰਘ ਰਾਹੀ ਵੀ ਹੈ। ਇਸ ਤੋਂ ਅੱਗੇ ਤੇ ਫਿਰ ਚਾਹੇ ਉਹਨਾਂ ਨੇ ਕਵਿਤਾ ਲਿਖੀ ਜਾਂ ਵਾਰਤਕ ਤੇ ਜਾਂ ਫਿਰ ‘ਨਾਦਰਸ਼ਾਹ ਦੀ ਵਾਪਸੀ’ ਵਰਗਾ ਵੱਡਾ ਨਾਵਲ ਲਿਖਿਆ, ਉਸ ਵਿਚ ਜੂਨ ਚੌਰਾਸੀ ਤੋਂ ਬਾਅਦ ਦੇਸ ਵਿਚ ਵਾਪਰਨ ਵਾਲ਼ੇ ਜ਼ੁਲਮ ਦੇ ਖ਼ਿਲਾਫ਼ ਹੀ ਲਿਖਿਆ ਤੇ ਲਿਖਿਆ ਵੀ ਯਥਾਰਥ।

(ਸ. ਬਲਰਾਜ ਸਿੰਘ ਸੰਘਾ ਜੇਪੀ (ਜਸਟਿਸ ਆਫ਼ ਪੀਸ), ਸ. ਅਜੀਤ ਸਿੰਘ ਰਾਹੀ, ਗਿਆਨੀ ਸੰਤੋਖ ਸਿੰਘ)

ਇਸ ਦੌਰਾਨ ਫਿਰ ਗ੍ਰਿਫ਼ਿਥ ਵਿਚ ਮੇਰਾ ਅਕਸਰ ਹੀ ਆਉਣ ਜਾਣ ਬਣਿਆ ਰਿਹਾ। ਚਾਹੇ ਸ਼ਹੀਦੀ ਟੂਰਨਾਮੈਂਟ ਹੋਵੇ ਜਾਂ ਗੁਰਦੁਆਰਾ ਕਮੇਟੀ ਵਾਲ਼ੇ ਸੱਦਣ ਤੇ ਚਾਹੇ ਵੈਸੇ ਹੀ ਸਿਡਨੀ ਵਰਗੇ ਮਹਾਂ ਨਗਰ ਤੋਂ ਕੁਝ ਦਿਨ ਬਾਹਰ ਰਹਿਣ ਨੂੰ ਜੀ ਕਰੇ, ਰਾਹੀ ਜੀ ਦੇ ਟਾਊਨ ਗ੍ਰਿਫ਼ਿਥ ਵੱਲ ਹੀ ਮੂੰਹ ਕਰਕੇ ਤੁਰ ਪੈਂਦਾ ਹਾਂ।

ਅਜੋਕੀ ਖੁਲ੍ਹੀ ਕਵਿਤਾ ਪੜ੍ਹ ਜਾਂ ਸੁਣ ਕੇ ਜੇ ਮੈਂ ਅਨੰਦ ਪ੍ਰਾਪਤ ਕਰਦਾ ਹਾਂ ਤਾਂ ਉਹ ਕੇਵਲ ਰਾਹੀ ਜੀ ਦੀ ਖੁਲ੍ਹੀ ਕਵਿਤਾ ਹੀ ਹੈ। ਰਾਹੀ ਜੀ ਪੰਜਾਬੀ ਦੇ ਉਚ ਦੁਮਾਲੜੇ ਸਾਹਿਕਾਰ ਸਨ। ਉਹਨਾਂ ਦੇ ਜਾਣ ਨਾਲ਼ ਪਰਵਾਰ ਤੋਂ ਅੱਗੇ ਵਧ ਕੇ ਸਿੱਖ ਸਮਾਜ ਅਤੇ ਪੰਜਾਬੀ ਸਾਹਿਤ ਨੂੰ ਵੀ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਹੈ। ਅਸੀਂ ਅਕਸਰ ਹੀ ਆਸਟ੍ਰੇਲੀਆ ਦੇ ਸਿੱਖ ਸਮਾਜ ਅਤੇ ਸਾਹਿਤ ਬਾਰੇ ਵਿਚਾਰਾਂ ਕਰਿਆ ਕਰਦੇ ਸਾਂ। ਉਹਨਾਂ ਨੇ ਸਾਹਿਤ ਦੀ ਤਕਰੀਬਨ ਹਰੇਕ ਵਿਧਾ ਵਿਚ ਭਰਪੂਰ ਸਾਹਿਤ ਦੀ ਰਚਨਾ ਕੀਤੀ ਹੈ। ਗ੍ਰਿਫ਼ਿਥ ਦੇ ਪੰਜਾਬੀ ਭਾਈਚਾਰੇ ਦੀ ਹਰੇਕ ਸਰਗਰਮੀ ਵਿਚ ਉਹ ਮੋਹਰੀ ਹਿੱਸਾ ਪਾਉਂਦੇ ਰਹੇ। ਚਾਹੇ ਸ਼ਹੀਦੀ ਟੂਰਨਾਮੈਂਟ ਹੋਵੇ ਜਾਂ ਗੁਰਦੁਆਰਾ ਸਾਹਿਬ ਦੀ ਉਸਾਰੀ ਜਾਂ ਪ੍ਰਬੰਧ ਦਾ ਕਾਰਜ ਹੋਵੇ, ਰਾਹੀ ਜੀ ਅੱਗੇ ਹੋ ਕੇ ਹਿੱਸਾ ਪਾਉਂਦੇ ਸਨ। ਮੈਂ ਬਹੁਤ ਸਮਾ ਪਹਿਲਾਂ ਰਾਹੀ ਜੀ ਨਾਲ਼ ਇਕ ਲੰਮੀ ਮੁਲਾਕਾਤ ਵੀ ਛਾਪੀ ਸੀ, ਜੋ ਕਈ ਪੱਤਰਾਂ ਵਿਚ ਛਪਣ ਤੋਂ ਇਲਾਵਾ ਮੇਰੀ ਤੀਜੀ ਕਿਤਾਬ ‘ਯਾਦਾਂ ਭਰੀ ਚੰਗੇਰ’ ਵਿਚ ਵੀ ਛਪੀ ਹੋਈ ਹੈ। ਇਸ ਵਿਚ ਮੈਂ ਖ਼ਾਲਿਸਤਾਨ ਸਮੇਤ, ਬਹੁਤ ਸਾਰੇ ਮਸਲਿਆਂ ਉਪਰ, ਰਾਹੀ ਜੀ ਨੂੰ ਖੁਲ੍ਹ ਕੇ ਸਵਾਲ ਕੀਤੇ ਸਨ ਤੇ ਓਨੀ ਹੀ ਬੇਬਾਕੀ ਨਾਲ਼ ਰਾਹੀ ਜੀ ਨੇ ਉਹਨਾਂ ਦੇ ਜਵਾਬ ਦਿਤੇ ਸਨ।

ਰੱਬ ਮੇਹਰ ਕਰੇ, ਰਾਹੀ ਜੀ ਦੀ ਆਤਮਾ ਜਿਸ ਵੀ ਰੂਪ ਵਿਚ ਹੈ, ਉਸ ਨੂੰ ਸ਼ਾਂਤੀ ਅਤੇ ਸਰਬਤ ਪਰਵਾਰ, ਸੰਗੀਆਂ, ਸਾਥੀਆਂ, ਮਿੱਤਰਾਂ, ਸ਼ੁਭਚਿੰਤਕਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।