ਦੱਖਣੀ ਆਸਟ੍ਰੇਲੀਆ ਦੇ ਪਾਰਲੀਮੈਂਟ ਹਾਊਸ ਅੰਦਰ ਭਾਰਤ ਦੀ ਮੌਜੂਦਾ ਹਾਲਤ ਉਪਰ ਕੀਤਾ ਗਿਆ ਖੇਦ ਪ੍ਰਗਟ

ਪਾਰਲੀਮੈਂਟ ਰੰਗਿਆ ਤਿਰੰਗੇ ਦੇ ਰੰਗ ਵਿੱਚ

ਦੱਖਣੀ ਆਸਟ੍ਰੇਲੀਆਈ ਭਾਰਤੀਆਂ ਨਾਲ ਇਕਜੁੱਟਤਾ ਦਾ ਮੁਜ਼ਾਹਰਾ

ਸ਼ੈਲਟਨਹੈਮ ਤੋਂ ਐਮ.ਪੀ. ਸ੍ਰੀ ਜੋ ਜ਼ੈਕਾਕਸ ਦੀ ਬੇਨਤੀ ਉਪਰ ਅੱਜ ਦੱਖਣੀ ਆਸਟ੍ਰੇਲੀਆ ਦੇ ਪਾਰਲੀਮੈਂਟ ਹਾਊਸ ਵਿਖੇ ਭਾਰਤੀ ਝੰਡੇ ਨੂੰ ਲਾਈਟਾਂ ਦੇ ਰੂਪ ਵਿੱਚ ਲਹਿਰਾਇਆ ਗਿਆ। ਇਸ ਦੌਰਾਨ ਮਾਣਯੋਗ ਸ੍ਰੀ ਰਸਲ ਵਾਰਟਲੇ ਨੇ ਇੱਕ ਭਾਵਭਿੰਨੇ ਭਾਸ਼ਣ ਦੇ ਰੂਪ ਵਿੱਚ ਭਾਰਤ ਵਿਚਲੀਆਂ ਕਰੋਨਾ ਕਾਰਨ ਪੈਦਾ ਹੋਈਆਂ ਮੌਜੂਦਾ ਸਥਿਤੀਆਂ ਉਪਰ ਦੁੱਖ ਜ਼ਾਹਿਰ ਕੀਤਾ ਅਤੇ ਪ੍ਰਮਾਤਮਾ ਅੱਗੇ ਸਭ ਕੁੱਝ ਛੇਤੀ ਹੀ ਠੀਕ ਕਰਨ ਲਈ ਪ੍ਰਾਰਥਨਾ ਕੀਤੀ।
ਉਨ੍ਹਾਂ ਉਚੇਚੇ ਤੌਰ ਉਪਰ ਅਜਿਹੇ ਆਸਟ੍ਰੇਲੀਆਈ ਨਾਗਰਿਕ ਜਿਹੜੇ ਕਿ ਹਾਲ ਦੀ ਘੜੀ ਭਾਰਤ ਵਿੱਚ ਹੀ ਫਸੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਇੱਥੇ ਆਸਟ੍ਰੇਲੀਆ ਅੰਦਰ, ਉਨਾ੍ਹਂ ਦੀ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਦੀ ਚੰਗੀ ਸਿਹਤ ਅਤੇ ਜਲਦੀ ਹੀ ਮੁੜ ਤੋਂ ਵਾਪਸੀ ਬਾਰੇ ਵੀ ਕਾਮਨਾ ਕੀਤੀ।
ਇਸ ਸਮਾਰੋਹ ਦੌਰਾਨ ਐਮ.ਪੀ. ਟੋਰਨਜ਼ -ਦਾਨਾ ਵਾਰਟਲੇ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਪੀਟਰ ਮਿਲਨਾਸਕਸ, ਵਿਰੋਧੀ ਧਿਰ ਦੇ ਵਧੀਕ ਨੇਤਾ ਸੁਸਾਨ ਕਲਾਜ਼, ਦੱਖਣੀ ਆਸਟ੍ਰੇਲੀਆ ਵਿਚਲੀਆਂ ਕਈ ਭਾਰਤੀ ਭਾਈਚਾਰਿਆਂ ਦੇ ਨੁਮਾਇੰਦੇ ਸ੍ਰੀ ਤੁੰਗ ਜਿਓ (ਐਮ.ਐਲ.ਸੀ.), ਸ਼ੈਡੋ ਮੰਤਰੀ ਸਭਿਆਚਾਰਕ ਮਾਮਲੇ -ਜੋਅ ਬੈਟੀਸਨ, ਦੇ ਨਾਲ ਨਾਲ ਮਿੰਟੂ ਬਰਾੜ, ਤ੍ਰਿਮਾਨ ਸਿੰਘ ਗਿਲ, ਅਮਰਜੀਤ ਗਰੇਵਾਲ, ਸੈਂਥਿਲ ਚਿਦੰਬਰਾਨਾਥਨ, ਵਿਰੇਂਦਰ ਨਾਥ ਤਰਿਪਥੀ, ਮੋਨਿਕਾ ਕੁਮਾਰ, ਸਦਾਨੰਦ ਮੌਰੇ, ਲਖਵੀਰ ਸਿੰਘ ਤੂਰ, ਮੀਤਾ ਜੋਇ ਅਤੇ ਵਿਕਰਮ ਜੋਇ, ਰਾਜੇਸ਼ ਕੁਮਾਰ ਅਤੇ ਹੋਰ ਵੀ ਬਹੁਤ ਸਾਰੇ ਪੱਤਰਕਾਰਾਂ ਅਤੇ ਸੱਜਣ ਮਿੱਤਰਾਂ ਨੇ ਸ਼ਿਰਕਤ ਕੀਤੀ।