ਐਮਪੀ ਤਿਵਾੜੀ ਨੇ ਕੇਂਦਰ ਸਰਕਾਰ ਨੂੰ ਲਿਖੀ ਚਿੱਠੀ; ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿਚ ਵੀ ਡੀਆਰਡੀਓ ਵੱਲੋਂ ਇੱਕ ਫੀਲਡ ਹਸਪਤਾਲ ਬਣਾਏ ਜਾਣ ਦੀ ਮੰਗ

ਨਿਊਯਾਰਕ /ਰੋਪੜ —ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਲਗਾਤਾਰ ਸਾਹਮਣੇ ਆ ਰਹੇ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ (ਡੀਆਰਡੀਓ) ਵੱਲੋਂ ਪੀਐਮ ਕੇਅਰਜ ਫੰਡ ਅਧੀਨ ਸਥਾਪਿਤ ਕੀਤਾ ਜਾਣ ਵਾਲਾ ਇੱਕ ਫੀਲਡ ਹਸਪਤਾਲ ਉਨ੍ਹਾਂ ਦੇ ਹਲਕੇ ਵਿੱਚ ਵੀ ਬਣਾਏ ਜਾਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਰੋਪੜ ਅਤੇ ਨਵਾਂਸ਼ਹਿਰ ਦੇ ਸਿਵਲ ਹਸਪਤਾਲਾਂ ਵਾਸਤੇ ਆਕਸੀਜਨ ਪਲਾਂਟਾਂ ਦੀ ਮੰਗ ਕੀਤੀ ਹੈ।ਇਸ ਲੜੀ ਹੇਠ, ਐੱਮ.ਪੀ ਤਿਵਾੜੀ ਵੱਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਸਿੰਘ ਨੂੰ ਦੋ ਵੱਖ-ਵੱਖ ਪੱਤਰ ਲਿਖੇ ਗਏ ਹਨ। ਡੀਆਰਡੀਓ ਵੱਲੋਂ ਸਥਾਪਤ ਕੀਤੇ ਜਾਣ ਵਾਲੇ ਫੀਲਡ ਹਸਪਤਾਲਾਂ ਨੂੰ ਲੈ ਕੇ ਉਹਨਾਂ ਨੇ ਰੱਖਿਆ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਦੋਵਾਂ ਨੂੰ ਲਿਖੇ ਪੱਤਰਾਂ ਵਿੱਚ ਜ਼ਿਕਰ ਕੀਤਾ ਹੈ। ਜਿਨ੍ਹਾਂ ਵਿਚ ਐੱਮ.ਪੀ ਤਿਵਾੜੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਲੋਕ ਸਭਾ ਹਲਕਾ ਚਾਰ ਜ਼ਿਲ੍ਹਿਆਂ ਸਾਹਿਬਜਾਦਾ ਅਜੀਤ ਸਿੰਘ ਨਗਰ, ਰੂਪਨਗਰ, ਸ਼ਹੀਦ ਭਗਤ ਸਿੰਘ ਅਤੇ ਹੁਸ਼ਿਆਰਪੁਰ ਚ ਪੈਂਦਾ ਹੈ। ਜਿੱਥੇ ਪੇਂਡੂ ਖੇਤਰ ਜ਼ਿਆਦਾ ਹੈ ਅਤੇ 1800 ਤੋਂ ਵੱਧ ਪਿੰਡਾਂ ਤੋਂ ਇਲਾਵਾ, ਛੋਟੇ ਸ਼ਹਿਰ ਅਤੇ ਕਸਬੇ ਵੀ ਹਨ। ਐਮ.ਪੀ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਪਤਾ ਚੱਲਿਆ ਹੈ ਕਿ ਕੋਰੋਨਾ ਮਹਾਂਮਾਰੀ ਦੇ ਗੰਭੀਰ ਹਾਲਾਤਾਂ ਨਾਲ ਨਿਪਟਣ ਲਈ ਡੀਆਰਡੀਓ ਪੀਐਮ ਕੇਅਰਜ ਫੰਡ ਅਧੀਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਫੀਲਡ ਹਸਪਤਾਲ ਬਣਾ ਰਹੀ ਹੈ। ਜਿਨ੍ਹਾਂ ਹਸਪਤਾਲਾਂ ਦਾ ਦਾਇਰਾ 250 ਤੋਂ 1000 ਬਿਸਤਰਿਆਂ ਤਕ ਹੁੰਦਾ ਹੈ।ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਕੋਰੋਨਾ ਦਾ ਸੰਕਟ ਹੁਣ ਦੇਸ਼ ਦੇ ਪੇਂਡੂ ਹਿੱਸਿਆਂ ਵੱਲ ਵੀ ਵਧ ਰਿਹਾ ਹੈ, ਜਿਸਦਾ ਸਹੀ ਅੰਦਾਜ਼ਾ ਲਗਾ ਪਾਉਣਾ ਮੁਸ਼ਕਿਲ ਹੈ। ਇਨ੍ਹਾਂ ਹਾਲਾਤਾਂ ਵਿੱਚ ਉਹ ਆਪਣੇ ਲੋਕ ਸਭਾ ਹਲਕੇ ਵਿੱਚ ਵੀ ਡੀਆਰਡੀਓ ਵੱਲੋਂ ਇੱਕ ਫੀਲਡ ਹਸਪਤਾਲ ਸਥਾਪਿਤ ਕੀਤੇ ਜਾਣ ਦੀ ਅਪੀਲ ਕਰਦੇ ਹਨ। ਇਸ ਹਸਪਤਾਲ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੋੜੀਂਦੀ ਜਗ੍ਹਾ ਮੁਹੱਈਆ ਕਰਵਾ ਕੇ ਹੋਰ ਖੁਸ਼ ਹੋਵੇਗਾ। ਇਸ ਤੋਂ ਇਲਾਵਾ, ਮੈਂਬਰ ਲੋਕ ਸਭਾ ਨੇ ਕੇਂਦਰੀ ਸਿਹਤ ਮੰਤਰੀ ਨੂੰ ਲਿਖੀ ਚਿੱਠੀ ਵਿਚ ਰੋਪੜ ਅਤੇ ਨਵਾਂਸ਼ਹਿਰ ਦੇ ਸਿਵਲ ਹਸਪਤਾਲਾਂ ਵਿਚ ਵੀ ਇਕ-ਇਕ ਆਕਸੀਜਨ ਪਲਾਂਟ ਸਥਾਪਤ ਕੀਤੇ ਜਾਣ ਦੀ ਅਪੀਲ ਕੀਤੀ ਹੈ। ਜਿਸ ਲਈ ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਪੀਐਮ ਕੇਅਰਜ ਫੰਡ ਅਧੀਨ ਦੇਸ਼ ਦੇ ਵੱਖ-ਵੱਖ ਹਸਪਤਾਲਾਂ ਵਿਚ ਸਥਾਪਤ ਕੀਤੇ ਜਾ ਰਹੇ ਆਕਸੀਜਨ ਪਲਾਂਟਾਂ ਦਾ ਜ਼ਿਕਰ ਕੀਤਾ ਹੈ।