ਲਾਕੇਂਬਾ ਵਿਖੇ ਓਲਡ ਏਜਡ ਕੇਅਰ ਥਾਂ ਲਈ 20 ਮਿਲੀਅਨ ਡਾਲਰਾਂ ਦੀ ਵਿਵਸਥਾ

ਨਿਊ ਸਾਊਥ ਵੇਲਜ਼ ਸਰਕਾਰ ਨੇ ਸਿਡਨੀ ਦੇ ਦੱਖਣ-ਪੱਛਮ ਵਿੱਚ ਸਥਿਤੀ ਲਾਕੇਂਬਾ ਵਿਖੇ 20 ਮਿਲੀਅਨ ਡਾਲਰਾਂ ਦੀ ਲਾਗਤ ਨਾਲ ਇੱਕ ਆਧੁਨਿਕ ਰਿਹਾਇਸ਼ੀ ਏਜਡ ਕੇਅਰ ਵਿਵਸਥਾ ਲਈ ਪਲਾਨਿੰਗ ਦਾ ਕੰਮ ਸ਼ੁਰੂ ਕਰ ਲਿਆ ਹੈ।
ਜਨਤਕ ਥਾਵਾਂ ਅਤੇ ਪਲਾਨਿੰਗ ਮੰਤਰੀ ਰੋਬ ਸਟੋਕਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਸਤੇ ਲੈਬਨੀਜ਼ ਮੁਸਲਿਮ ਐਸੋਸਿਏਸ਼ਨ ਨੂੰ ਲਾਕੇਂਬਾ ਮਸਜਿਦ ਦੇ ਨਾਲ ਲਗਦੀ ਥਾਂ ਬਾਰੇ ਵਿਚਾਰ ਕਰਨ ਲਈ ਪ੍ਰਾਮਰਸ਼ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਪ੍ਰਸਤਾਵਿਤ 112 ਬੈਡਾਂ ਵਾਲੀ ਉਕਤ ਵਿਵਸਥਾ ਬਣ ਜਾਣ ਦੇ ਨਾਲ ਹੀ ਸਥਾਨਕ ਲੋਕਾਂ ਨੂੰ ਇਸ ਦਾ ਸਿੱਧੇ ਤੌਰ ਤੇ ਲਾਭ ਪ੍ਰਾਪਤ ਹੋਵੇਗਾ ਅਤੇ ਉਨ੍ਹਾਂ ਨੂੰ ਆਪਣੇ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਦੂਰ ਦੁਰਾਡੇ ਦੀਆਂ ਥਾਵਾਂ ਉਪਰ ਨਹੀਂ ਜਾਣਾ ਪਵੇਗਾ ਅਤੇ ਬਜ਼ੁਰਗ ਲੋਕ ਵੀ ਆਪਣੇ ਹੀ ਖੇਤਰ ਅਤੇ ਆਪਣੇ ਹੀ ਲੋਕਾਂ ਵਿਚਾਲੇ ਰਹਿ ਕੇ ਜ਼ਿਆਦਾ ਖੁਸ਼ੀ ਮਹਿਸੂਸ ਕਰਨਗੇ। ਇਸ ਵਿੱਚ ਬਜ਼ੁਰਗਾਂ ਵਾਸਤੇ 24 ਘੰਟਿਆਂ ਅਤੇ 7 ਦਿਨਾਂ ਵਾਲੀ ਸਹੂਲਤ ਦੇ ਨਾਲ ਨਾਲ 28 ਅਜਿਹੇ ਬੈਡ ਵੀ ਹੋਣਗੇ ਜਿੱਥੇ ਕਿ ਉਚ ਸ਼੍ਰੇਣੀ ਦੀਆਂ ਵਿਵਸਥਾਵਾਂ ਉਪਲੱਭਧ ਹੋਣਗੀਆਂ।
ਇਸ ਨਾਲ ਘੱਟੋ ਘੱਟ ਵੀ 100 ਲੋਕਾਂ ਨੂੰ ਪੂਰਨ ਤੌਰ ਤੇ ਰੌਜ਼ਗਾਰ ਮਿਲੇਗਾ ਅਤੇ 40 ਲੋਕਾਂ ਨੂੰ ਉਸਾਰੀ ਅਧੀਨ ਚਲਣ ਵਾਲੇ ਪ੍ਰਾਜੈਕਟ ਤਹਿਤ ਰੌਜ਼ਗਾਰ ਦੀ ਪ੍ਰਾਪਤੀ ਹੋਵੇਗੀ।
ਉਨ੍ਹਾਂ ਇਹ ਵੀ ਕਿਹਾ ਰਾਜ ਸਰਕਾਰ ਦੁਆਰਾ ਅਪ੍ਰੈਲ ਦੇ ਮਹੀਨੇ ਵਿੱਚ ਅਜਿਹੇ ਹੀ 12 ਪ੍ਰਾਜੈਕਟ ਚਲਾਏ ਗਏ ਹਨ ਜਿਸ ਨਾਲ ਕਿ 2,695 ਲੋਕਾਂ ਨੂੰ ਰੌਜ਼ਗਾਰ ਮੁਹੱਈਆ ਹੋਣ ਦੇ ਮੋਕੇ ਪ੍ਰਦਾਨ ਹੋ ਰਹੇ ਹਨ ਅਤੇ ਇਸ ਵਿੱਚ ਆਰਥਿਕ ਤੌਰ ਤੇ 3.1 ਬਿਲੀਅਨ ਡਾਲਰਾਂ ਦਾ ਯੋਗਦਾਨ ਪੈ ਰਿਹਾ ਹੈ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ https://www.planning.nsw.gov.au/Policy-and-Legislation/Planning-reforms/Planning-System-Acceleration-Program/Horizon-projects ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।