ਕੂੜੇ ਵਾਲੇ ਡਰੱਮ ਨੂੰ ਖਾਲੀ ਕਰਨ ਦੇ ਚਲਦਿਆਂ ਹੋਏ ਹਾਦਸੇ ਦੌਰਾਨ ਮਾਰੇ ਗਏ 13 ਸਾਲਾਂ ਦੇ ਬੱਚੇ ਲਈ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਦਾ ਸ਼ੋਕ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੱਖਣੀ ਆਸਟ੍ਰੇਲੀਆ ਦੇ ਪੋਰਟ ਲਿੰਕਨ ਖੇਤਰ ਵਿੱਚ ਹੋਏ ਹਾਦਸੇ ਜਿਸ ਵਿੱਚ ਕਿ ਇੱਕ 13 ਸਾਲਾਂ ਦਾ ਬੱਚਾ, ਕੂੜੇ ਵਾਲੇ ਡਰੱਮ ਅੰਦਰ ਸੁੱਤਾ ਹੋਣ ਕਾਰਨ ਅਤੇ ਕੂੜਾ ਚੁੱਕਣ ਆਏ ਟਰੱਕ ਦੇ ਡ੍ਰਾਇਵਰ ਵੱਲੋਂ ਡਰੱਮ ਖਾਲੀ ਕਰਨ ਕਾਰਨ, ਬੇਮੌਤ ਮਾਰਿਆ ਗਿਆ ਅਤੇ ਉਸਦੀ ਮੌਤ ਦੀ ਖ਼ਬਰ ਨਾਲ ਉਸ ਬੱਚੇ ਦਾ ਪਰਿਵਾਰ ਅਤੇ ਦੋਸਤ ਮਿੱਤਰ ਬੁਰੀ ਤਰ੍ਹਾਂ ਝਿੰਜੋੜੇ ਗਏ ਹਨ।
ਮਾਰੇ ਗਏ ਬੱਚੇ ਦੀ ਨਜ਼ਦੀਕੀ ਰਿਸ਼ਤੇਦਾਰ ਆਂਟੀ ਦਾ ਕਹਿਣਾ ਹੈ ਕਿ ਉਹ ਬਹੁਤ ਹੀ ਪਿਆਰਾ ਬੱਚਾ ਸੀ ਅਤੇ ਉਸਨੂੰ ਮੱਛੀਆਂ ਫੜਨ, ਸ਼ਿਕਾਰ ਕਰਨ, ਨਵੀਆਂ ਥਾਵਾਂ ਉਪਰ ਜਾਣ ਦਾ ਬਹੁਤ ਸ਼ੋਕ ਸੀ ਅਤੇ ਸਾਰਿਆਂ ਨਾਲ ਹੀ ਉਹ ਬੱਚਾ ਬਹੁਤ ਜ਼ਿਆਦਾ ਪਿਆਰ ਸਤਿਕਾਰ ਨਾਲ ਮਿਲਦਾ ਰਹਿੰਦਾ ਸੀ। ਉਸਦੀ ਮੌਤ ਨੇ ਸਮੁੱਚੇ ਇਲਾਕੇ ਨੂੰ ਹੀ ਸ਼ੋਕ ਵਿੱਚ ਡੋਬ ਦਿੱਤਾ ਹੈ।
ਦੋਸਤਾਂ ਮਿੱਤਰਾਂ ਵੱਲੋਂ ਸ਼ੋਸ਼ਲ ਮੀਡੀਆ ਉਪਰ ਵੀ ਉਕਤ ਹਾਦਸੇ ਲਈ ਸ਼ੋਕ ਜਤਾਇਆ ਜਾ ਰਿਹਾ ਹੈ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਮਿਲਣ ਦੀਆਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ।
ਹਾਲਾਤਾਂ ਅਤੇ ਤਹਿਕੀਕਾਤ ਮੁਤਾਬਿਕ ਹਾਲੇ ਤੱਕ ਇਹ ਸਾਫ ਨਹੀਂ ਹੋ ਪਾਇਆ ਹੈ ਕਿ ਆਖਿਰ ਬੱਚੇ ਇਸ ਕੂੜੇਦਾਨ ਵਿੱਚ ਸੁੱਤੇ ਕਿਉਂ ਪਏ ਸਨ ਅਤੇ ਪੁਲਿਸ ਦਾ ਕਹਿਣਾ ਹੈ ਕਿ ਦੇਸ਼ ਦੇ ਹੋਰ ਹਿੱਸਿਆਂ ਵਾਂਗ ਇੱਥੇ ਵੀ ਬੇ-ਘਰੇ ਲੋਕਾਂ ਦੀ ਮੌਜੂਦਗੀ ਜਗ ਜਾਹਿਰ ਹੈ ਅਤੇ ਹੋ ਸਕਦਾ ਹੈ ਕਿ ਇਹੀ ਕਾਰਨ ਹੋਵੇ ਕਿ ਬੱਚੇ ਇਸ ਕੂੜੇਦਾਨ ਵਿੱਚ ਸੋਂ ਗਏ।
ਸੁਪਰਿਨਟੈਂਡੈਂਟ ਪੌਲ ਬਾਹਰ ਦਾ ਕਹਿਣਾ ਹੈ ਕਿ ਇਨ੍ਹਾਂ ਬੱਚਿਆਂ ਲਈ ਇਨ੍ਹਾਂ ਦੇ ਮਾਪਿਆਂ ਦੇ ਆਪਣੇ ਘਰ ਹਨ ਅਤੇ ਇਹ ਸਹੀ ਨਹੀਂ ਹੋ ਸਕਦਾ ਕਿ ਇਹ ਬੇਘਰੇ ਹਨ।
ਪੋਰਟ ਲਿੰਕਨ ਖੇਤਰ ਦੇ ਮੇਅਰ ਨੇ ਵੀ ਉਕਤ ਘਟਨਾ ਉਪਰ ਦੁੱਖ ਜਤਾਉਂਦਿਆਂ ਕਿਹਾ ਕਿ ਬਹੁਤ ਹੀ ਦੁੱਖ ਦੀ ਖ਼ਬਰ ਹੈ ਕਿ ਅਜਿਹੀ ਮਾੜੀ ਘਟਨਾ ਵਾਪਰ ਗਈ ਅਤੇ ਅਸੀਂ ਉਕਤ ਬੱਚੇ ਦੇ ਪਰਿਵਾਰ ਦੇ ਦੁੱਖ ਵਿੱਚ ਪੂਰੀ ਤਰ੍ਹਾਂ ਸ਼ਾਮਿਲ ਹਾਂ ਅਤੇ ਪ੍ਰਮਾਤਮ ਅੱਗੇ ਇਸ ਪਰਿਵਾਰ ਦੀ ਭਲਾਈ ਦੀ ਕਾਮਨਾ ਕਰਦੇ ਹਾਂ।