ਫੈਡਰਲ ਬਜਟ ਵਿੱਚ ਇੰਡੀਜੀਨਸ ਲੋਕਾਂ ਦੇ ਰੌਜ਼ਗਾਰ ਆਦਿ ਲਈ ਰੱਖੇ ਗਏ 111 ਮਿਲੀਅਨ ਡਾਲਰ ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁੱਝ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆਈ ਸਰਕਾਰ ਨੇ ਇਸ ਸਾਲ ਦੇ ਬਜਟ ਵਿੱਚ ਅਗਲੇ ਪੰਜ ਸਾਲਾਂ ਵਾਸਤੇ, ਇੰਡੀਜੀਨਸ ਲੋਕਾਂ ਦੇ ਰੌਜ਼ਗਾਰ ਵਾਸਤੇ 111 ਮਿਲੀਅਨ ਡਾਲਰ ਦਾ ਬਜਟ ਰੱਖਿਆ ਹੈ ਅਤੇ ਖ਼ਜ਼ਾਨਾ ਮੰਤਰੀ ਜੋਸ਼ ਫਰਿਡਨਬਰਗ ਦਾ ਕਹਿਣਾ ਹੈ ਕਿ ਇਸ ਸਾਲ ਦੇ ਬਜਟ ਵਿੱਚ ਹੋਰ ਵੀ ਬਹੁਤ ਕੁੱਝ ਇੰਡੀਜੀਨਸ ਅਤੇ ਟੋਰਸ ਸਟ੍ਰੇਟ ਆਈਲੈਂਡਰਾਂ ਦੀ ਭਲਾਈ ਦੇ ਕੰਮਾਂ ਵਾਸਤੇ ਰੱਖਿਆ ਗਿਆ ਹੈ ਅਤੇ ਇਸ ਵਿੱਚ ਭਾਈਚਾਰਕ ਤਰੱਕੀਆਂ ਦਾ ਪ੍ਰਾਵਧਾਨ ਅਤੇ ਦੂਰ ਦੁਰਾਡੇ ਖੇਤਰਾਂ ਵਿੱਚ ਰਹਿੰਦੇ ਦੇਸ਼ ਦੇ ਮੂਲ ਨਿਵਾਸੀਆਂ ਨੂੰ ਰੌਜ਼ਗਾਰ ਮੁਹੱਈਆ ਕਰਵਾਉਣ ਦੇ ਪ੍ਰਾਯੋਜਨ ਰੱਖੇ ਗਏ ਹਨ।
ਇਸ ਤੋਂ ਇਲਾਵਾ ਇੰਡੀਜੀਨਸ ਲੋਕਾਂ ਦੀ ਮੁਹਾਰਤ ਵਾਲੇ ਪੱਧਰ ਨੂੰ ਉਚਾ ਚੁੱਕਣ ਅਤੇ ਇਸ ਦੇ ਆਧੁਨਿਕੀਕਰਣ ਆਦਿ ਲਈ ਅਗਲੇ ਤਿੰਨ ਸਾਲਾਂ ਲਈ 128.4 ਮਿਲੀਅਨ ਡਾਲਰ -ਜਿਸ ਤਹਿਤ ਰਿਵਾਇਤੀ ਤੌਰ ਤੇ ਚੱਲ ਰਹੇ ਵੋਕੇਸ਼ਨਲ ਅਤੇ ਰੌਜ਼ਗਾਰ ਪ੍ਰੋਗਰਾਮਾਂ ਨੂੁੰ ਬਦਲਿਆ ਜਾਵੇਗਾ; 57.6 ਮਿਲੀਅਨ ਡਾਲਰਾਂ ਦਾ ਬਜਟ, ਇੰਡੀਜੀਨਸ ਅਤੇ ਟੋਰਸ ਸਟ੍ਰੇਟ ਆਈਲੈਂਡਰਾਂ ਵਿਚਲੇ ਘਰੇਲੂ ਹਿੰਸਾ ਦੇ ਮਾਮਲਿਆਂ ਨੂੰ ਸੁਲਝਾਉਣ ਅਤੇ ਪ੍ਰਸਥਿਤੀਆਂ ਨੂੰ ਸੁਧਾਰਨ ਲਈ ਰੱਖਿਆ ਗਿਆ ਹੈ; ਉਪਰੋਕਤ ਮੂਲ ਨਿਵਾਸੀਆਂ ਵਿੱਚ ਆਤਮ-ਹੱਤਿਆ ਦੇ ਮਾਮਲਿਆਂ ਨੂੰ ਰੋਕਣ ਆਦਿ ਲਈ ਸਾਲ 2021-22 ਲਈ 79 ਮਿਲੀਅਨ ਡਾਲਰ ਦਾ ਬਜਟ ਰੱਖਿਆ ਗਿਆ ਹੈ; ਇਸਤੋਂ ਇਲਾਵਾ ਇੱਕ ਹੋਰ ਕੁੱਲ ਮਿਲਾ ਕੇ 630.0 ਮਿਲੀਅਨ ਡਾਲਰਾਂ ਦਾ ਬਜਟ ਏਜਡ ਕੇਅਰ ਸੇਵਾਵਾਂ ਆਦਿ ਲਈ ਵੀ ਰੱਖਿਆ ਗਿਆ ਹੈ; ਅਗਲੇ 5 ਸਾਲਾਂ ਲਈ 28.1 ਮਿਲੀਅਨ ਡਾਲਰ ਦਾ ਬਜਟ ਸਰਕਾਰ ਨੇ ਮੂਲ ਨਿਵਾਸੀਆਂ ਦੇ ਕਲ਼ਾ ਅਤੇ ਸਭਿਆਚਾਰਕ ਖੇਤਰਾਂ ਵਾਸਤੇ ਵੀ ਰੱਖਿਆ ਹੈ; ਸਮੁੰਦਰੀ ਜੀਵਾਂ ਦੀ ਸੁਰੱਖਿਆ ਅਤੇ ਉਕਤ ਦੇਸ਼ ਵਾਸੀਆਂ ਦੇ ਸੁਰੱਖਿਅਤ ਰਹਿਣ ਸਹਿਣ ਦੇ ਨਵੇਂ ਖੇਤਰਾਂ ਦੇ ਵਿਕਾਸ ਆਦਿ ਲਈ ਵੀ ਸਰਕਾਰ ਵੱਲੋਂ 11.6 ਮਿਲੀਅਨ ਡਾਲਰਾਂ ਦਾ ਫੰਡ ਰੱਖਿਆ ਹੈ; ਦੇਸ਼ ਦੇ ਦੂਰ ਦੁਰਾਡੇ ਖੇਤਰਾਂ ਵਿੱਚ ਰਹਿੰਦੇ ਮੂਲ ਨਿਵਾਸੀਆਂ ਦੇ ਘਰਾਂ ਆਦਿ ਦੀ ਮੁਰੰਮਤ ਅਤੇ ਉਸਾਰੀਆਂ ਲਈ ਵੀ ਸਰਕਾਰ ਨੇ 185 ਮਿਲੀਅਨ ਡਾਲਰਾਂ ਦਾ ਫੰਡ ਮੁਹੱਈਆ ਕਰਵਾਇਆ ਹੈ।