ਸਾਰੀ ਦੁਨੀਆ ਦੇ ਨਾਲ ਨਾਲ ਆਸਟ੍ਰੇਲੀਆ ਵਿੱਚ ਵੀ ਈਦ ਮਨਾਉਣ ਦੀ ਤਿਆਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਮੁੱਚੀ ਦੁਨੀਆ ਵਿੱਚ ਇਸ ਸਮੇਂ ਰਮਦਾਨ ਦਾ ਮਹੀਨਾ ਚੱਲ ਰਿਹਾ ਹੈ ਅਤੇ ਸਾਰੀ ਦੁਨੀਆ ਦੇ ਨਾਲ ਨਾਲ ਆਸਟ੍ਰੇਲੀਆ ਵਿਚਲਾ ਮੁਸਲਿਮ ਭਾਈਚਾਰਾ ਵੀ ਹੁਣ ਰਮਦਾਨ ਦਾ ਪਵਿੱਤਰ ਮਹੀਨਾ ਖ਼ਤਮ ਹੋਣ ਤੇ “ਈਦ-ਉਲ-ਫਿਤਰ” ਦਾ ਤਿਉਹਾਰ ਮਨਾਉਣ ਦੀਆਂ ਤਿਆਰੀਆਂ ਕਰਨ ਲੱਗਾ ਹੈ।
ਆਸਟ੍ਰੇਲੀਆਈ ਨੈਸ਼ਨਲ ਇਮਾਮ ਕਾਂਸਲ ਦੇ ਮੁਤਾਬਿਕ, ਆਸਟ੍ਰੇਲੀਆ ਵਿਚਲੇ 600,000 ਦੇ ਕਰੀਬ ਮੁਸਲਿਮ ਭਾਈਚਾਰੇ ਦੇ ਲੋਕ ਅੱਜ (ਬੁੱਧਵਾਰ 12 ਮਈ) ਰਮਦਾਨ ਦੇ ਮਹੀਨੇ ਦਾ ਆਖਰੀ ਦਿਨ ਮਨਾ ਰਹੇ ਹਨ ਅਤੇ ਕੱਲ੍ਹ -ਵੀਰਵਾਰ, 13 ਮਈ ਨੂੰ ਈਦ ਮਨਾਈ ਜਾਵੇਗੀ।
ਦੇਸ਼ ਅੰਦਰ ਬੀਤੇ ਸਾਲ ਵੀ ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਤਹਿਤ ਹਰ ਤਰ੍ਹਾਂ ਦੇ ਸਮਾਗਮਾਂ ਆਦਿ ਉਪਰ ਵੀ ਰੋਕ ਲੱਗੀ ਹੋਈ ਸੀ ਅਤੇ ਇਸ ਸਾਲ ਸਥਿਤੀਆਂ ਆਮ ਵਰਗੀਆਂ ਹੋ ਜਾਣ ਕਾਰਨ ਈਦ ਦਾ ਉਤਸਾਹ ਲੋਕਾਂ ਵਿੱਚ ਜ਼ਿਆਦਾ ਦਿਖਾਈ ਦੇ ਰਿਹਾ ਹੈ ਅਤੇ ਹਰ ਕੋਈ ਆਪਣੇ ਆਪਣੇ ਢੰਗ ਤਰੀਕਿਆਂ ਦੇ ਨਾਲ ਇਸ ਪਵਿੱਤਰ ਤਿਉਹਾਰ ਨੂੰ ਮਨਾਉਣ ਦੀਆਂ ਤਿਆਰੀਆਂ ਵਿੱਚ ਲੱਗਾ ਦਿਖਾਈ ਦੇ ਰਿਹਾ ਹੈ।
ਇਸ ਸਾਲ ਇਸ ਤਿਉਹਾਰ ਦੇ ਮੋਕੇ ਤੇ ਸਿਡਨੀ ਵਿੱਚ ਵੀ ਬੈਂਕਸਟਾਊਨ ਵਿਖੇ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਇਹ ਵੀ ਜ਼ਿਕਰਯੋਗ ਹੈ ਕਿ ਬੀਤੇ ਸਾਲ ਕਰੋਨਾ ਦੀਆਂ ਪਾਬੰਧੀਆਂ ਕਾਰਨ ਈਦ-ਉਲ-ਫਿਤਰ ਅਤੇ ਈਦ-ਅਲ-ਅਦਹਾ ਦੋਹੇਂ ਤਿਉਹਾਰ ਹੀ ਜਨਤਕ ਤੌਰ ਤੇ ਮਨਾਏ ਜਾਣ ਤੇ ਪਾਬੰਧੀਆਂ ਸਨ। ਇਸ ਮੌਕੇ ਤੇ ਇੱਥੇ ਬਹੁਤ ਸਾਰੀਆਂ ਖਾਣ ਪੀਣ ਦੀਆਂ ਦੁਕਾਨਾਂ ਅਤੇ ਹੋਰ ਵੀ ਸਾਜੋ ਸਾਮਾਨ ਦੀਆਂ ਦੁਕਾਨਾਂ ਸਜਾਈਆਂ ਜਾਂਦੀਆਂ ਹਨ ਅਤੇ ਇਹ ਮੇਲਾ ਆਯੋਜਕਾਂ ਵੱਲੋਂ ਬਿਨ੍ਹਾਂ ਕਿਸੇ ਲਾਭ ਹਾਨੀ ਦੇ ਆਯੋਜਿਤ ਕੀਤਾ ਜਾਂਦਾ ਹੈ ਅਤੇ ਆਯੋਜਕਾਂ ਦਾ ਕਹਿਣਾ ਹੈ ਕਿ ਇਸ ਵਾਰੀ ਇੱਥੇ ਬ੍ਰਿਸਬੇਨ ਅਤੇ ਗੋਲਡ ਕੋਸਟ ਦੇ ਨਾਲ ਨਾਲ ਵੋਲੋਨਗੌਂਗ ਤੋਂ ਵੀ ਲੋਕ ਆ ਰਹੇ ਹਨ ਅਤੇ ਈਦ ਦੀਆਂ ਖੁਸ਼ੀਆਂ ਆਪਸ ਵਿੱਚ ਵੰਡ ਕੇ ਸਾਂਝੀਆਂ ਕਰ ਰਹੇ ਹਨ।