ਨਿਊ ਸਾਊਥ ਵੇਲਜ਼ ਦੇ ਸਿੰਗਲਟਨ ਖੇਤਰ ਨੂੰ ਮਿਲੇਗਾ ਬਿਲਕੁਲ ਨਵਾਂ ਪੁਲਿਸ ਸਟੇਸ਼ਨ

ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਅਤੇ ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਤੋਂ ਡੇਵਿਡ ਐਲੀਅਟ ਨੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਅਪਰ ਹੰਟਰ ਹਿਲ ਖੇਤਰ ਵਿਖੇ ਸਿੰਗਲਟਨ ਭਾਈਚਾਰੇ ਵਾਸਤੇ ਰਾਜ ਸਰਕਾਰ ਦੇ 12 ਮਿਲੀਅਨ ਦੇ ਪ੍ਰਾਜੈਕਟ ਤਹਿਤ, ਇੱਕ ਨਵੇਂ ਪੁਲਿਸ ਸਟੇਸ਼ਨ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਸਰਕਾਰ ਨੇ ਇਸ ਵਾਸਤੇ ਸਾਰੀ ਪਲਾਨਿੰਗ ਕਰ ਲਈ ਹੈ।
ਉਨ੍ਹਾਂ ਕਿਹਾ ਕਿ ਸਥਾਨਕ ਮੌਜੂਦਾ ਪੁਲਿਸ ਸਟੇਸ਼ਨ ਸਾਲ 1867 ਤੋਂ ਇਸ ਖੇਤਰ ਦੀ ਸੇਵਾ ਕਰ ਰਿਹਾ ਹੈ ਹੁਣ ਇਸ ਮੌਜੂਦਾ ਇਮਾਰਤ ਨੂੰ ਵਿਰਾਸਤੀ ਸੂਚੀ ਵਿੱਚ ਪਾ ਦਿੱਤਾ ਗਿਆ ਹੈ ਅਤੇ ਇਸ ਵਿੱਚ ਘੱਟੋ ਘੱਟ ਵੀ 50 ਦੇ ਕਰੀਬ ਮੁਲਾਜ਼ਮ ਕੰਮ ਕਰਦੇ ਹਨ।
ਉਨ੍ਹਾਂ ਖੇਤਰ ਦੇ ਸਾਰੇ ਹੀ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੰਟਰ ਵੈਲੀ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਹੁਤ ਹੀ ਉਤਮ ਰਹੀਆਂ ਹਨ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਨਵੀਂ ਇਮਾਰਤ ਅਤੇ ਪੁਲਿਸ ਸਟੇਸ਼ਨ ਦੇ ਬਣਨ ਤੋਂ ਬਾਅਦ ਵੀ ਉਹ ਜਾਰੀ ਹੀ ਨਹੀਂ ਰਹਿਣਗੀਆਂ ਸਗੋਂ ਹੋਰ ਵੀ ਬਿਹਤਰ ਹੋ ਜਾਣਗੀਆਂ।
ਸ੍ਰੀ ਐਲੀਅਟ ਨੇ ਕਿਹਾ ਕਿ ਸਰਕਾਰ ਨੇ ਇਹ ਫੈਸਲਾ ਲੈ ਕੇ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਇਹ ਵੀ ਸੱਚ ਹੈ ਕਿ ਇਸ ਖੇਤਰ ਅੰਦਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵੀ ਵਧਾਈ ਜਾ ਰਹੀ ਹੈ ਕਿਉਂਕਿ 2019 ਸਾਲ ਦੌਰਾਨ ਇੱਥੇ 163 ਮੁਲਾਜ਼ਮ ਸਨ ਅਤੇ ਹੁਣ ਮੌਜੂਦਾ ਸਮੇਂ ਅੰਦਰ ਇਹ ਗਿਣਤੀ ਵੱਧ ਕੇ 181 ਹੋ ਗਈ ਹੈ ਅਤੇ ਰਾਜ ਸਰਕਾਰ ਨੇ ਜੋ ਅਗਲੇ ਚਾਰ ਸਾਲਾਂ ਦੌਰਾਨ ਰਾਜ ਅੰਦਰ 1500 ਪੁਲਿਸ ਮੁਲਾਜ਼ਮਾਂ ਦੀ ਭਰਤੀ ਦਾ ਵਾਅਦਾ ਕੀਤਾ ਹੋਇਆ ਹੈ, ਉਸ ਨਾਲ ਇਸ ਖੇਤਰ ਲਈ ਵੀ ਹੋਰ ਮੁਲਾਜ਼ਮ ਮਿਲਣਗੇ।
ਜ਼ਿਕਰਯੋਗ ਹੈ ਕਿ ਰਾਜ ਸਰਕਾਰ ਨੇ ਸਾਲ 2011 ਤੋਂ ਹੀ ਅਜਿਹੇ ਪ੍ਰਾਜੈਕਟ ਚਲਾਏ ਹਨ ਜਿਨ੍ਹਾਂ ਦੇ ਤਹਿਤ 36 ਪੁਲਿਸ ਸਟੇਸ਼ਨਾਂ ਦੀ ਮੁਰੰਮਤ ਆਦਿ ਕੀਤੀ ਗਈ ਹੈ ਅਤੇ ਜਾਂ ਫੇਰ ਲੋੜ ਪੈਣ ਤੇ ਨਵੇਂ ਹੀ ਬਣਾਏ ਗਏ ਹਨ ਅਤੇ ਇਸ ਨਾਲ ਪੁਲਿਸ ਦੇ ਮੁੱਢਲੇ ਢਾਂਚੇ ਨੂੰ ਪ੍ਰਫੁਲਤਾ ਮਿਲਣੀ ਲਾਜ਼ਮੀ ਹੈ।
ਸਾਲ 2020-21 ਦੌਰਾਨ ਰਾਜ ਸਰਕਾਰ ਅਜਿਹੇ ਹੀ ਪ੍ਰਾਜੈਕਟਾਂ ਉਪਰ 287.7 ਮਿਲੀਅਨ ਡਾਲਰ ਖਰਚ ਕਰ ਰਹੀ ਹੈ ਅਤੇ ਪੁਲਿਸ ਭਲਾਈ ਲਈ ਕੰਮ ਕਰ ਰਹੀ ਹੈ।