ਲਾਇਲਾਜ ਬਿਮਾਰੀਆਂ ਨਾਲ ਜੂਝ ਰਹੇ ਨੌਜਵਾਨਾਂ ਲਈ ਆਸਟ੍ਰੇਲੀਆ ਦਾ ਪਹਿਲਾ ਸਮਰਪਿਤ ਹਸਪਤਾਲ ‘ਮਾਨਲੀ’ ਵਿੱਚ

ਨਿਊ ਸਾਊਥ ਵੇਲਜ਼ ਰਾਜ ਦੇ ਮਾਨਲੀ ਖੇਤਰ ਵਿੱਚ ਆਸਟ੍ਰੇਲੀਆ ਦਾ ਪਹਿਲਾ ਅਜਿਹਾ ਹਸਪਤਾਲ ਬਣਨ ਜਾ ਰਿਹਾ ਹੈ ਜੋ ਕਿ 15 ਤੋਂ 24 ਸਾਲਾਂ ਤੱਕ ਦੇ ਅਜਿਹੇ ਨੌਜਵਾਨਾਂ ਦੀ ਦੇਖਭਾਲ, ਸਾਂਭ-ਸੰਭਾਲ ਕਰੇਗਾ ਜੋ ਕਿ ਅਜਿਹੀਆਂ ਬਿਮਾਰੀਆਂ ਨਾਲ ਪੀੜਿਤ ਹਨ ਜਿਨ੍ਹਾਂ ਦਾ ਕਿ, ਹਾਲ ਦੀ ਘੜੀ ਕੋਈ ਇਲਾਜ ਹੀ ਨਹੀਂ ਹੈ।
ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਅਤੇ ਮਾਨਲੀ ਤੋਂ ਐਮ.ਪੀ. ਜੇਮਜ਼ ਗ੍ਰਿਫਿਨ ਨੇ ਸਥਾਨਕ ਇੱਕ ਪੁਰਾਣੀ ਹਸਪਤਾਲ ਦੀ ਇਮਾਰਤ ਦਾ ਦੌਰਾ ਕੀਤਾ ਜਿੱਥੇ ਕਿ ਉਕਤ ਨਵੇਂ ਹਸਪਤਾਲ ਨੂੰ ਬਣਾਇਆ ਜਾਣਾ ਹੈ।
ਪ੍ਰੀਮੀਅਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਕਤ ਪ੍ਰਸਤਾਵਿਤ ਹਸਪਤਾਲ, ਦੇਸ਼ ਦਾ ਪਹਿਲਾ ਅਜਿਹਾ ਹਸਪਤਾਲ ਹੋਵੇਗਾ ਜਿੱਥੇ ਕਿ ਸਿਰਫ ਉਨ੍ਹਾਂ ਨੌਜਵਾਨਾਂ ਦੀ ਦੇਖਭਾਲ ਕੀਤੀ ਜਾਵੇਗੀ ਜਿਹੜੇ ਕਿ ਲਾ-ਇਲਾਜ ਬਿਮਾਰੀਆਂ ਨਾਲ ਪੀੜਿਤ ਹਨ ਅਤੇ ਉਨ੍ਹਾਂ ਨੂੰ ਪਹਿਲੀ ਸ਼੍ਰੇਣੀ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਕਤ ਹਸਪਤਾਲ ਦਾ ਫਾਇਦਾ ਰਾਜ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਦੇ ਅਜਿਹੇ ਪਰਿਵਾਰਾਂ ਨੂੰ ਹੋਵੇਗਾ ਜੋ ਕਿ ਅਜਿਹੇ ਨੌਜਵਾਨਾਂ ਨੂੰ ਕਾਫੀ ਮੁਸ਼ੱਕਤਾਂ ਅਤੇ ਮੁਸ਼ਕਿਲਾਂ ਦੇ ਨਾਲ ਵੀ ਸੰਭਾਲ ਰਹੇ ਹਨ।
ਐਮ.ਪੀ. ਜੇਮਜ਼ ਗ੍ਰਿਫਿਨ ਨੇ ਕਿਹਾ ਕਿ ਸਰਕਾਰ ਦਾ ਉਕਤ ਪ੍ਰਸਤਾਵਿਤ ਹਸਪਤਾਲ, ਪੀੜਿਤ ਲੋਕਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋਵੇਗਾ ਕਿਉਂਕਿ ਇਸ ਨਾਲ ਅਜਿਹੇ ਪੀੜਿਤਾਂ ਅਤੇ ਉਨ੍ਰਾਂ ਦੇ ਪਰਿਵਾਰਾਂ ਨੂੰ ਆਧੁਨਿਕ ਤੌਰ ਉਪਰ ਅਤੇ ਸੰਸਾਰ ਦੇ ਨੰਬਰ ਇੱਕ ਮਾਹਿਰਾਂ ਦੀ ਸਲਾਹ ਅਧੀਨ ਉਨ੍ਹਾਂ ਦੀ ਦੇਖਰੇਖ ਵਿੱਚ ਰਾਹਤ ਮਿਲੇਗੀ।
ਉਨ੍ਹਾਂ ਹੋਰ ਵੀ ਕਿਹਾ ਕਿ ਸਥਾਨਕ ਭਾਈਚਾਰੇ ਨੇ ਉਕਤ ਹਸਪਤਾਲ ਲਈ ਆਪਣੇ ਪੱਧਰ ਉਪਰ ਹੀ 6.5 ਮਿਲੀਅਨ ਡਾਲਰ ਇਕੱਠੇ ਕੀਤੇ ਹਨ ਅਤੇ ਸਰਕਾਰ ਵੱਲੋਂ ਇਸ ਪ੍ਰਾਜੈਕਟ ਲਈ 8 ਮਿਲੀਅਨ ਡਾਲਰਾਂ ਦੀ ਮਦਦ ਕੀਤੀ ਜਾ ਰਹੀ ਹੈ ਅਤੇ 5 ਮਿਲੀਅਨ ਡਾਲਰਾਂ ਦਾ ਯੋਗਦਾਨ ਫੈਡਰਲ ਸਰਕਾਰ ਆਪਣੇ ਤੌਰ ਤੇ ਇਸ ਪ੍ਰਾਜੈਕਟ ਵਿੱਚ ਪਾ ਰਹੀ ਹੈ।
ਉਕਤ ਪ੍ਰਸਤਾਵਿਤ ਹਸਪਤਾਲ ਅੰਦਰ 8 ਬੈਡ ਰੂਮ ਹੋਣਗੇ ਅਤੇ ਇਸ ਦੇ ਨਾਲ ਹੀ ਇੱਕ ਮੀਡੀਆ ਅਤੇ ਖੇਡਾਂ ਦੀਆਂ ਸੁਵਿਧਾਵਾਂ ਵਾਲਾ ਕਮਰਾ, ਪਰਿਵਾਰਕ ਮਿਲਣੀਆਂ ਆਦਿ ਲਈ ਦੋ ਕਮਰਿਆਂ ਵਾਲੀਆਂ ਦੋ ਇਕਾਈਟਾਂ ਦੇ ਨਾਲ ਨਾਲ ਹਰ ਇਕਾਈ ਵਿੱਚ ਦੋ-ਦੋ ਅਲੱਗ ਤੋਂ ਬੈਡਰੂਮ ਵੀ ਹੋਣਗੇ।
ਉਕਤ ਹਸਪਤਾਲ ਦੇ 2022 ਵਿੱਚ ਪੂਰੀ ਤਰ੍ਹਾਂ ਨਾਲ ਬਣ ਕੇ ਤਿਆਰ ਹੋ ਜਾਣ ਦੀ ਸੰਭਾਵਨਾ ਹੈ। ઠ
ਜ਼ਿਆਦਾ ਜਾਣਕਾਰੀ ਲਈ https://www.nslhd.health.nsw.gov.au/Manly/Pages/default.aspx ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।