ਹੋਟਲ ਕੁਆਰਨਟੀਨ ਦੌਰਾਨ ਵਿਕਟੋਰੀਆ ਦੇ ਇੱਕ ਵਿਅਕਤੀ ਦੀ ਕਰੋਨਾ ਟੈਸਟ ਰਿਪੋਰਟ ਆਈ ਪਾਜ਼ਿਟਿਵ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰੀਆ ਦੇ ਵੋਲਰਟ ਖੇਤਰ ਵਿੱਚ ਰਹਿੰਦੇ ਇੱਕ 30 ਸਾਲਾਂ ਦੇ ਵਿਅਕਤੀ ਨੂੰ ਬਾਹਰਲੇ ਦੇਸ਼ ਤੋਂ ਆਉਣ ਤੇ ਦੱਖਣੀ ਆਸਟ੍ਰੇਲੀਆ ਵਿਚ ਹੋਟਲ ਕੁਆਰਨਟੀਨ ਤੋਂ ਬਾਅਦ ਇਸੇ ਮਹੀਨੇ ਮਈ ਦੀ 4 ਤਾਰੀਖ ਨੂੰ ਵਿਕਟੋਰੀਆ ਆਪਣੇ ਘਰ ਪੁੱਜਾ ਸੀ। ਚਾਰ ਕੁ ਦਿਨਾਂ ਮਗਰੋਂ ਉਸਨੂੰ ਕੁੱਝ ਸਰੀਰਕ ਪ੍ਰੇਸ਼ਾਨੀ ਹੋਣ ਤੇ ਜਦੋਂ 10 ਮਈ ਨੂੰ ਉਸ ਦਾ ਕਰੋਨਾ ਟੈਸਟ ਕੀਤਾ ਗਿਆ ਤਾਂ ਅਗਲੇ ਦਿਨ ਉਸਦੀ ਰਿਪੋਰਟ ਕਰੋਨਾ ਪਾਜ਼ਿਟਿਵ ਆ ਗਈ ਅਤੇ ਅਧਿਕਾਰੀ ਹੁਣ ਇਸ ਪੜਤਾਲ ਵਿੱਚ ਲੱਗੇ ਹਨ ਕਿ ਉਸਨੂੰ ਇਹ ਵਾਇਰਸ ਕਿੱਥੋਂ ਚਿੰਭੜਿਆ ਅਤੇ ਉਸਦੇ ਸੰਪਰਕਾਂ ਆਦਿ ਦੀ ਜਾਂਚ ਕੀਤੀ ਜਾ ਰਹੀ ਹੈ।
ਪੀੜਿਤ ਵਿਅਕਤੀ ਨਾਲ ਗੱਲਬਾਤ ਦੀ ਸਹਾਇਤਾ ਨਾਲ ਉਸਦੇ ਨਜ਼ਦੀਕੀ ਸੰਪਰਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਉਸਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਫੌਰਨ ਆਈਸੋਲੇਟ ਵੀ ਕੀਤਾ ਜਾ ਰਿਹਾ ਹੈ ਅਤੇ ਸਲਾਹ ਦਿੱਤੀ ਜਾ ਰਹੀ ਹੈ ਕਿ ਜੇਕਰ ਕਿਸੇ ਨੂੰ ਕੋਈ ਸਰੀਰਿਕ ਪ੍ਰੇਸ਼ਾਨੀ ਹੋਵੇ ਤਾਂ ਤੁਰੰਤ ਆਪਣਾ ਕਰੋਨਾ ਟੈਸਟ ਕਰਵਾਉਣ ਲਈ ਨਜ਼ਦੀਕੀ ਸੈਂਟਰਾਂ ਉਪਰ ਸੰਪਰਕ ਕਰੇ ਅਤੇ ਰਿਪੋਰਟ ਨੈਗੇਟਿਵ ਆਉਣ ਤੱਕ ਆਪਣੇ ਆਪ ਨੂੰ ਆਈਸੋਲੇਸ਼ਨ ਵਿੱਚ ਹੀ ਰੱਖੇ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਇੱਕ ਸੂਚੀ ਵੀ ਜਾਰੀ ਕੀਤੀ ਜਾਵੇਗੀ ਜਿਸ ਵਿੱਚ ਕਿ ਉਕਤ ਵਿਅਕਤੀ ਵੱਲੋਂ ਸ਼ਿਰਕਤ ਕੀਤੀਆਂ ਥਾਵਾਂ ਬਾਰੇ ਜਾਣਕਾਰੀ ਹੋਵੇਗੀ ਅਤੇ ਲੋਕ ਉਸ ਸੂਚੀ ਵੱਲ ਜ਼ਰੂਰ ਆਪਣੀ ਤਵੱਜੋ ਦੇਣ ਤਾਂ ਜੋ ਪੀੜਿਤ ਵਿਅਕਤੀ ਦੇ ਸੰਪਰਕਾਂ ਦਾ ਸਹੀ ਸਹੀ ਤੌਰ ਤੇ ਪਤਾ ਲਗਾਇਆ ਜਾ ਸਕੇ।