ਉਦਯੋਗਿਕ ਇਕਾਈ ਦੇ ਕੂੜੇ ਵਾਲੇ ਡਰੱਮ ਵਿੱਚ ਸੁੱਤੇ ਪਏ ਤਿੰਨ ਬੱਚਿਆਂ ਵਿੱਚੋਂ ਦੀ ਮੌਤ -ਕੂੜਾ ਚੁੱਕਣ ਵਾਲਿਆਂ ਨੇ ਡਰੱਮ ਨੂੰ ਚੱਕ ਕੇ ਪਾਇਆ ਟਰੱਕ ਵਿੱਚ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੱਖਣੀ ਆਸਟ੍ਰੇਲੀਆ ਦੀ ਪੁਲਿਸ ਦੇ ਦੱਸਣ ਮੁਤਾਬਿਕ, ਪੋਰਟ ਲਿੰਕਨ ਵਿਖੇ ਇੱਕ ਰੈਪਕੋ ਸਟੋਰ ਅਤੇ ਮੈਕਡੋਨਲਡ ਰੈਸਟੋਰੈਂਟ ਦੇ ਨਜ਼ਦੀਕ ਇੱਕ ਉਦਯੋਗਿਕ ਇਕਾਈਆਂ ਆਦਿ ਦੇ ਕੂੜੇ ਵਾਲੇ ਡਰੱਮ ਨੂੰ ਖਾਲੀ ਕਰਨ ਲਈ ਜਦੋਂ ਕੂੜਾ ਚੁੱਕਣ ਆਏ ਟਰੱਕ ਵਾਲਿਆਂ ਨੇ ਚੁੱਕ ਕੇ ਟਰੱਕ ਵਿੱਚ ਖਾਲੀ ਕਰਨ ਲਈ ਪਾਇਆ ਤਾਂ ਇੱਕ ਦਮ ਉਸ ਵਿੱਚੋਂ ਇੱਕ ਬੱਚੇ ਨੇ ਛਾਲ ਮਾਰੀ ਤਾਂ ਟਰੱਕ ਆਪ੍ਰੇਟਰਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਡਰੱਮ ਅੰਦਰ 11, 12, ਅਤੇ 13 ਸਾਲ ਦੇ ਤਿੰਨ ਬੱਚੇ ਸੁੱਤੇ ਪਏ ਸਨ। ਇੱਕ ਬੱਚਾ ਤਾਂ ਡਰੱਮ ਚੁੱਕਣ ਸਮੇਂ ਛਾਲ ਮਾਰ ਕੇ ਬਾਹਰ ਆ ਗਿਆ ਪਰੰਤੂ ਦੋ ਵਿੱਚੇ ਹੀ ਰਹਿ ਗਏ। ਕੂੜਾ ਟਰੱਕ ਵਿੱਚ ਸੁੱਟਣ ਕਾਰਨ ਦੂਸਰਾ ਬੱਚਾ ਤਾਂ ਬੱਚ ਗਿਆ ਪਰੰਤੂ ਤੀਸਰੇ ਵਾਲੇ ਬੱਚੇ (13 ਸਾਲ) ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਜ਼ਖ਼ਮਾਂ ਦੀ ਤਾਬ ਨਾ ਝੇਲਦਾ ਹੋਇਆ ਉਹ ਦਮ ਤੋੜ ਗਿਆ।
ਟਰੱਕ ਵਾਲਿਆਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਡਰੱਮ ਅੰਦਰ ਕੂੜੇ ਦੀ ਥਾਂ ਤੇ ਕੁੱਝ ਬੱਚੇ ਵੀ ਸੁੱਤੇ ਪਏ ਹੋ ਸਕਦੇ ਹਨ ਅਤੇ ਇਸ ਘਟਨਾ ਕਾਰਨ ਟਰੱਕ ਦਾ ਡ੍ਰਾਈਵਰ ਬੁਰੀ ਤਰ੍ਹਾਂ ਨਾਲ ਮਾਨਸਿਕ ਤੌਰ ਉਪਰ ਝਿੰਜੋੜਿਆ ਗਿਆ।
ਰਾਜ ਦੇ ਲੇਬਰ ਐਮ.ਪੀ. ਟਾਮ ਕੋਟਸੈਂਟੋਨਿਸ ਨੇ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਹੁਤ ਹੀ ਦਰਦਨਾਕ ਘਟਨਾ ਘਟੀ ਹੈ ਅਤੇ ਇਸ ਨਾਲ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਹੈ ਪਰੰਤੂ ਇਸ ਵਿੱਚ ਗਲਤੀ ਵੀ ਕਿਸ ਦੀ ਕਹੀ ਜਾਵੇ, ਇਹੋ ਸਮਝ ਨਹੀਂ ਆ ਰਿਹਾ।
ਪੁਲਿਸ ਵੱਲੋਂ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ।