ਸਰਕਾਰਾਂ, ਸਿਹਤ ਵਿਭਾਗ ਤੇ ਲੋਕਾਂ ਦੇ ਸਹਿਯੋਗ ਨਾਲ ਹੀ ਕੋਰੋਨਾ ਨੂੰ ਜਿੱਤਿਆ ਜਾ ਸਕਦੈ

ਦੇਸ਼ ‘ਚ ਕੋਰੋਨਾ ਮਹਾਂਮਾਰੀ ਹੁਣ ਸਿਖ਼ਰ ਤੇ ਪਹੁੰਚ ਗਈ ਹੈ। ਰੋਜਾਨਾਂ ਹਜ਼ਾਰਾਂ ਮੌਤਾਂ ਹੋ ਰਹੀਆਂ ਹਨ, ਸਮਸਾਨਘਾਟਾਂ ਵਿੱਚ ਜਗਾਹ ਦੀ ਘਾਟ ਹੋ ਰਹੀ ਹੈ। ਨਵੇਂ ਕੋਰੋਨਾ ਕੇਸਾਂ ਦੀ ਗਿਣਤੀ ਚਾਰ ਲੱਖ ਰੋਜਾਨਾਂ ਨੂੰ ਪਾਰ ਕਰ ਗਈ ਹੈ, ਹਸਪਤਾਲਾਂ ਵਿੱਚ ਬੈੱਡ ਨਹੀਂ ਮਿਲ ਰਹੇ। ਇਸ ਬੀਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਪ੍ਰਬੰਧਾਂ ਦੀ ਘਾਟ ਸਪਸ਼ਟ ਝਲਕਦੀ ਹੈ। ਲੋਕ ਨਾ ਪ੍ਰਧਾਨ ਮੰਤਰੀ ਤੇ ਵਿਸਵਾਸ ਕਰ ਰਹੇ ਹਨ ਅਤੇ ਨਾ ਹੀ ਸਰਕਾਰਾਂ ਤੇ। ਇਸ ਬੇਵਿਸਵਾਸੀ ਸਦਕਾ ਆਮ ਲੋਕ ਵੈਕਸੀਨ ਲਵਾਉਣ ਤੋਂ ਕੰਨੀ ਕਤਰਾ ਰਹੇ ਹਨ, ਜੇ ਸਰਕਾਰਾਂ ਨੇ ਲਾਕਡਾਊਨ ਕਰਨ ਦੇ ਯਤਨ ਅਰੰਭੇ ਤਾਂ ਜਨਤਾ ਵੱਲੋਂ ਵਿਰੋਧ ਕੀਤਾ ਜਾਣਾ ਸੁਰੂ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਕੀ ਬਣੂ ਭਾਰਤ ਵਾਸੀਆਂ ਦਾ? ਬੁੱਧੀਜੀਵੀ ਲੋਕ ਚਿੰਤਾ ਕਰ ਰਹੇ ਹਨ।
ਦੇਸ਼ ਭਰ ਵਿੱਚ ਹੁਣ ਤੱਕ ਕੋਰੋਨਾ ਬੀਮਾਰੀ ਦੀ ਲਾਗ ਦੇ 2 ਕਰੋੜ, 18 ਲੱਖ, 92 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ, ਜਿਹਨਾਂ ਚੋਂ ਐਕਟਿਵ ਪੀੜ੍ਹਤ ਮਰੀਜਾਂ ਦੀ ਗਿਣਤੀ 40 ਲੱਖ ਦੇ ਕਰੀਬ ਪਹੁੰਚ ਗਈ ਹੈ। ਭਾਵੇਂ ਕਿ ਹੁਣ ਤੱਕ 1 ਕਰੋੜ 80 ਹਜ਼ਾਰ ਦੇ ਕਰੀਬ ਮਰੀਜ ਤੰਦਰੁਸਤ ਹੋ ਕੇ ਘਰਾਂ ਨੂੰ ਵੀ ਪਰਤ ਚੁੱਕੇ ਹਨ, ਪਰ ਅਜੇ ਵੀ 9 ਲੱਖ ਦੇ ਕਰੀਬ ਮਰੀਜ ਆਕਸੀਜਨ ਮਸ਼ੀਨ ਰਾਹੀਂ ਸਾਹ ਲੈ ਰਹੇ ਹਨ, ਜਦ ਕਿ ਪੌਣੇ 2 ਲੱਖ ਦੇ ਕਰੀਬ ਵੈਟੀਂਲੇਟਰ ਤੇ ਹਨ। ਰੋਜਾਨਾਂ ਨਵੇਂ ਕੋਰੋਨਾ ਕੇਸ ਸਾਹਮਣੇ ਆਉਣ ਦਾ ਅੰਕੜਾ 4 ਲੱਖ ਨੂੰ ਪਾਰ ਕਰ ਗਿਆ ਹੈ। ਜੇਕਰ ਪੰਜਾਬ ਰਾਜ ਦੀ ਸਥਿਤੀ ਵੇਖੀਏ ਤਾਂ 10 ਹਜ਼ਾਰ ਦੇ ਕਰੀਬ ਕੋਰੋਨਾ ਮਰੀਜ ਆਕਸੀਜਨ ਮਸ਼ੀਨ ਰਾਹੀਂ ਸਾਹ ਲੈ ਰਹੇ ਹਨ ਅਤੇ ਕਰੀਬ 3 ਸੌ ਮਰੀਜ ਵੈਟੀਲੇਟਰ ਤੇ ਹਨ।
ਕੋਰੋਨਾ ਬੀਮਾਰੀ ਕਾਰਨ ਐਨੀ ਭਿਆਨਕ ਸਥਿਤੀ ਬਣ ਜਾਣ ਦੇ ਬਾਵਜੂਦ ਬਹੁਤੇ ਲੋਕ ਬੇਪਰਵਾਹ ਹਨ, ਉਹ ਵੈਕਸੀਨ ਟੀਕੇ ਲਵਾਉਣ ਤੋਂ ਕੰਨੀ ਕਤਰਾ ਰਹੇ ਹਨ। ਸਰਕਾਰ ਆਪਣੇ ਪ੍ਰਬੰਧਾਂ ਦੀ ਘਾਟ ਸਦਕਾ ਜਦੋਂ ਬੇਵੱਸ ਜਿਹੀ ਹੋ ਗਈ ਤਾਂ ਉਸਨੂੰ ਲਾਕਡਾਊਨ ਹੀ ਇੱਕੋ ਇੱਕ ਹੱਲ ਦਿਖਾਈ ਦਿੰਦਾ ਹੈ, ਪਰ ਅਜਿਹੀ ਪਾਬੰਦੀ ਆਇਦ ਕੀਤੀ ਜਾਂਦੀ ਹੈ ਤਾਂ ਲੋਕਾਂ ਵੱਲੋਂ ਵਿਰੋਧ ਵੀ ਨਾਲ ਦੀ ਨਾਲ ਸੁਰੂ ਹੋ ਜਾਂਦਾ ਹੈ। ਅਜਿਹੇ ਹਾਲਤ ਦੇਸ਼ ਲਈ ਚਿੰਤਾਜਨਕ ਹਨ। ਇਹ ਤੱਥ ਵੀ ਸਾਹਮਣੇ ਲਿਆਉਣਾ ਜਰੂਰੀ ਹੈ ਕਿ ਲੋਕ ਵੈਕਸੀਨ ਜਾਂ ਲਾਕਡਾਊਨ ਦੇ ਵਿਰੁੱਧ ਕਿਉਂ ਹਨ? ਇਸਦਾ ਕਾਰਨ ਹੈ ਪ੍ਰਧਾਨ ਮੰਤਰੀ ਤੇ ਸਰਕਾਰਾਂ ਤੇ ਹੋਈ ਬੇਭਰੋਸਗੀ।
ਪਿਛਲੇ ਸਾਲ ਜਦੋਂ ਅੱਜ ਵਾਂਗ ਕੋਰੋਨਾ ਬੀਮਾਰੀ ਸਿਖ਼ਰਾਂ ਤੇ ਪਹੁੰਚ ਗਈ ਅਤੇ ਕੇਂਦਰ ਸਰਕਾਰ ਯੋਗ ਪ੍ਰਬੰਧ ਕਰਨ ਵਿੱਚ ਅਸਫਲ ਹੋ ਗਈ ਤਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੰਧ ਵਿਸਵਾਸ ਫੈਲਾਉਣ ਵਾਲੇ ਡਰਾਮੇ ਕੀਤੇ, ਜਿਵੇਂ ਕੋਰੋਨਾ ਨੂੰ ਭਜਾਉਣ ਲਈ ਘਰਾਂ ਉੱਪਰ ਮੋਮਬੱਤੀਆਂ ਜਲਾਈਆਂ ਜਾਣ, ਛੱਤਾਂ ਤੇ ਬਾਲਕੋਨੀਆਂ ਵਿੱਚ ਖੜ ਦੇ ਥਾਲੀਆਂ ਖੜਕਾਈਆਂ ਜਾਣ। ਦੇਸ ਦੇ ਲੋਕ ਹੁਣ ਪੜ੍ਹੇ ਲਿਖੇ ਹਨ ਅਤੇ ਵਿਗਿਆਨਕ ਸੋਚ ਦੇ ਧਾਰਨੀ ਹਨ, ਉਹ ਜਾਣਦੇ ਸਨ ਕਿ ਅਜਿਹਾ ਕਰਨ ਨਾਲ ਬੀਮਾਰੀ ਨਹੀਂ ਰੁਕ ਸਕਦੀ। ਇਹ ਡਰਾਮੇ ਪ੍ਰਧਾਨ ਮੰਤਰੀ ਵੱਲੋਂ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਲੋਕਾਂ ਨੂੰ ਬੁੱਧੂ ਬਣਾਉਣ ਲਈ ਕੀਤੇ ਜਾ ਰਹੇ ਹਨ। ਕੁਝ ਸਮਾਂ ਪਹਿਲਾਂ ਜਦੋਂ ਕੋਰੋਨਾ ਦਾ ਦੂਜਾ ਸਾਲ ਸੁਰੂ ਹੋਇਆ ਤਾਂ ਪ੍ਰਧਾਨ ਮੰਤਰੀ ਨੇ ਮਾਸਿਕ ਲਾ ਕੇ ਰੱਖਣ, ਲੋਕਾਂ ਦੇ ਇਕੱਠੇ ਹੋਣ ਸਬੰਧੀ ਪਾਬੰਦੀਆਂ ਲਗਾ ਦਿੱਤੀਆਂ, ਪਰ ਦੂਜੇ ਪਾਸੇ ਪੰਜ ਰਾਜਾਂ ਵਿੱਚ ਹੋ ਰਹੇ ਚੋਣ ਪ੍ਰਚਾਰ ਸਮੇਂ ਉਹਨਾਂ ਖ਼ੁਦ ਅਤੇ ਉਹਨਾਂ ਦੇ ਮੰਤਰੀਆਂ ਨੇ ਹਜ਼ਾਰਾਂ ਹਜ਼ਾਰਾਂ ਲੋਕਾਂ ਦੀਆਂ ਰੈਲੀਆਂ ਕੀਤੀਆਂ, ਜਿਹਨਾਂ ਵਿੱਚ ਮਾਸਿਕ ਲਾਉਣ ਜਾਂ ਦੂਰੀ ਬਣਾ ਕੇ ਰੱਖਣ ਨੂੰ ਅੱਖੋਂ ਪਰੋਖੇ ਕੀਤਾ ਗਿਆ। ਇਹਨਾਂ ਘਟਨਾਵਾਂ ਸਦਕਾ ਆਮ ਲੋਕਾਂ ਦਾ ਪ੍ਰਧਾਨ ਮੰਤਰੀ ਅਤੇ ਸਰਕਾਰ ਤੋਂ ਵਿਸਵਾਸ ਉਠ ਗਿਆ।
ਆਮ ਲੋਕਾਂ ਨੂੰ ਵਿਸਵਾਸ ਵਿੱਚ ਲੈ ਕੇ ਜਾਗਰੂਕ ਕਰਨਾ ਸਮੇਂ ਦੀ ਲੋੜ ਸੀ, ਪਰ ਨਾ ਸਰਕਾਰ ਭਰੋਸਾ ਪੈਦਾ ਕਰ ਸਕੀ ਅਤੇ ਨਾ ਹੀ ਲੋਕਾਂ ਨੂੰ ਜਾਗਰੂਕ ਕਰਨ ਲਈ ਠੋਸ ਪ੍ਰਬੰਧ ਕਰ ਸਕੀ। ਥੋੜਾ ਬਹੁਤਾ ਜੋ ਪ੍ਰਚਾਰ ਮੀਡੀਆ ਰਾਹੀਂ ਵੈਕਸੀਨ ਟੀਕੇ ਲਵਾਉਣ ਦਾ ਕੀਤਾ ਗਿਆ, ਉਸਦੇ ਵਿਰੋਧ ਵਿੱਚ ਵੀ ਬੇਸਮਝ ਲੋਕਾਂ ਜਾਂ ਸਰਾਰਤੀ ਅਨਸਰਾਂ ਨੇ ਪ੍ਰਚਾਰ ਕੀਤਾ ਕਿ ਵੈਕਸੀਨ ਦਾ ਟੀਕਾ ਲਵਾਉਣਾ ਇਨਸਾਨ ਲਈ ਖਤਰਾ ਹੈ। ਹਾਲਾਂ ਕਿ ਸਰਕਾਰ ਕੋਈ ਵੀ ਹੋਵੇ, ਅਜਿਹਾ ਕੰਮ ਨਹੀਂ ਕਰਦੀ ਜਿਸ ਨਾਲ ਲੱਖਾਂ ਬੇਕਸੂਰ ਲੋਕਾਂ ਦੀ ਜਾਨ ਚਲੀ ਜਾਵੇ, ਪਰ ਲੋਕਾਂ ‘ਚ ਪ੍ਰਚਾਰ ਹੁੰਦਾ ਰਿਹਾ ਕਿ ਟੀਕਾ ਲਵਾਉਣ ਨਾਲ ਮੌਤ ਵੀ ਹੋ ਸਕਦੀ ਹੈ। ਸਰਕਾਰਾਂ ਅਜਿਹੇ ਝੂਠੇ ਪ੍ਰਚਾਰ ਨੂੰ ਰੋਕਣ ਵਿੱਚ ਵੀ ਅਸਫ਼ਲ ਰਹੀਆਂ।
ਵੱਡੀ ਚਿੰਤਾ ਇਸ ਗੱਲ ਦੀ ਹੈ ਕਿ ਹਸਪਤਾਲਾਂ ਵਿੱਚ ਬੈੱਡ ਨਹੀਂ ਖਾਲੀ ਮਿਲਦੇ, ਜੇ ਬੈੱਡ ਮਿਲ ਜਾਣ ਤਾਂ ਦਵਾਈ ਦੀ ਘਾਟ ਹੋ ਜਾਂਦੀ ਹੈ। ਜੇ ਮਰੀਜ ਦੀ ਹਾਲਤ ਜਿਆਦਾ ਚਿੰਤਾਜਨਕ ਹੋ ਜਾਵੇ ਤਾਂ ਅਖ਼ੀਰ ਵਿੱਚ ਬਣਾਉਣੀ ਸਾਹ ਦੇਣ ਲਈ ਆਕਸੀਜਨ ਦੀ ਲੋੜ ਪੈਂਦੀ ਹੈ, ਪਰ ਭਾਰਤ ਕੋਲ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਆਕਸੀਜਨ ਦਾ ਵੀ ਲੋੜ ਅਨੁਸਾਰ ਪ੍ਰਬੰਧ ਨਹੀਂ ਹੈ। ਪ੍ਰਧਾਨ ਮੰਤਰੀ ਤੇ ਕੇਂਦਰ ਸਰਕਾਰ ਨੂੰ ਸਾਰੇ ਦੇਸ ਵਾਸੀ ਤੇ ਸਾਰੇ ਸੂਬੇ ਬਰਾਬਰ ਹੀ ਹੁੰਦੇ ਹਨ, ਪਰ ਦਵਾਈਆਂ ਜਾਂ ਆਕਸੀਜਨ ਦੇ ਮੁੱਦੇ ਤੇ ਕੇਂਦਰ ਨੇ ਵਿਤਕਰਾ ਕਰਨਾ ਸੁਰੂ ਕਰ ਦਿੱਤਾ। ਆਖ਼ਰ ਦੇਸ ਦੀ ਸਰਵ ਉੱਚ ਅਦਾਲਤ ਨੂੰ ਇੱਕ ਟਾਸਕ ਫੋਰਸ ਬਣਾਉਣੀ ਪਈ ਜੋ ਮਰੀਜਾਂ ਅਨੁਸਾਰ ਸੂਬਿਆਂ ਨੂੰ ਆਕਸੀਜਨ ਸਪਲਾਈ ਕਰਨ ਲਈ ਵਿਗਿਆਨ, ਤਰਕ ਤੇ ਬਰਾਬਰੀ ਦੇ ਆਧਾਰ ਤੇ ਫੈਸਲਾ ਕਰੇਗੀ।
ਜਿਸ ਦੇਸ਼ ਦੇ ਮੁਖੀ ਤੇ ਨਾ ਲੋਕਾਂ ਨੂੰ ਵਿਸਵਾਸ ਹੋਵੇ ਨਾ ਹੀ ਅਦਾਲਤਾਂ ਨੂੰ। ਜਿਸ ਦੇਸ਼ ਵਿੱਚ ਜਾਨਾਂ ਬਚਾਉਣ ਲਈ ਨਾ ਲੋੜ ਅਨੁਸਾਰ ਦਵਾਈਆਂ ਮਿਲਣ ਅਤੇ ਨਾ ਹੀ ਆਕਸੀਜਨ। ਜਿਸ ਦੇਸ਼ ਵਿੱਚ ਸਰਕਾਰਾਂ ਵੱਲੋਂ ਲਾਕਡਾਉਣ ਕਰਕੇ ਲੋਕਾਂ ਨੂੰ ਘਰਾਂ ਅੰਦਰ ਹੀ ਮਰਨ ਲਈ ਛੱਡ ਦਿੱਤਾ ਜਾਵੇ, ਉਸ ਦੇਸ਼ ਦਾ ਤਾਂ ਫੇਰ ”ਅੱਲ੍ਹਾ ਹੀ ਰਾਖਾ” ਕਹਿਣਾ ਪਊ। ਸੋ ਦੇਸ ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਲਾਪਰਵਾਹੀ ਛੱਡ ਕੇ ਕੋਰੋਨਾ ਮਹਾਂਮਾਰੀ ਤੋਂ ਜਾਗਰੂਕ ਹੋਣ, ਆਪਣਾ ਬਚਾਅ ਆਪ ਕਰਨ, ਲੋਕਾਂ ਦੀਆਂ ਜਾਨਾਂ ਬਚਾਉਣ ਲਈ ਇੱਕ ਦੂਜੇ ਦਾ ਸਹਿਯੋਗ ਦੇਣ। ਸਰਕਾਰਾਂ, ਸਿਹਤ ਵਿਭਾਗ ਜਾਂ ਹੋਰ ਕਿਸੇ ਦੀ ਸੰਸਥਾ ਪਾਸੋਂ ਜੇ ਸਹੀ ਸੁਝਾਅ ਦਿੱਤਾ ਜਾਂਦਾ ਹੈ ਤਾਂ ਉਸਤੇ ਅਮਲ ਕਰਨ। ਸਰਕਾਰਾਂ, ਸਿਹਤ ਵਿਭਾਗ ਤੇ ਆਮ ਲੋਕਾਂ ਦੇ ਸਹਿਯੋਗ ਨਾਲ ਕੋਰੋਨਾ ਬੀਮਾਰੀ ਨੂੰ ਜਿੱਤਿਆ ਜਾ ਸਕਦਾ ਹੈ।