ਬਲਵਿੰਦਰ ਸਿਘ ਭੁੱਲਰ ਦਾ ਪਾਕਿਸਤਾਨੀ ਸਫ਼ਰਨਾਮਾ ‘ਮੋਹ ਦੀਆਂ ਤੰਦਾਂ ਟੁੱਟਦੀਆਂ ਨਹੀਂ’ ਲੋਕ ਅਰਪਣ

ਬਠਿੰਡਾ -ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਵੱਲੋਂ ਸਥਾਨਕ ਟੀਚਰਜ ਹੋਮ ਵਿਖੇ ਕਹਾਣੀਕਾਰ ਬਲਵਿੰਦਰ ਸਿੰਘ ਭੁੱਲਰ ਦਾ ਪਾਕਿਸਤਾਨੀ ਸਫ਼ਰਨਾਮਾ ‘ਮੋਹ ਦੀਆਂ ਤੰਦਾਂ ਟੁੱਟਦੀਆਂ ਨਹੀਂ” ਦਾ ਰਿਲੀਜ ਸਮਾਰੋਹ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਕਾ: ਹਰਦੇਵ ਅਰਸ਼ੀ ਸਾਬਕਾ ਵਿਧਾਇਕ ਸਨ, ਜਦ ਕਿ ਸਮਾਗਮ ਦੀ ਪ੍ਰਧਾਨਗੀ ਸ੍ਰੀ ਬਲਤੇਜ ਸਿੰਘ ਪ੍ਰਧਾਨ ਮਿੰਨੀ ਬੱਸ ਓਪਰੇਟਰਜ ਯੂਨੀਅਨ ਬਠਿੰਡਾ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਸ਼ੋਮਣੀ ਸਾਹਿਤਕਾਰ ਸ੍ਰੀ ਅਤਰਜੀਤ ਕਹਾਣੀਕਾਰ, ਸਭਾ ਦੇ ਪ੍ਰਧਾਨ ਸ੍ਰੀ ਜੇ ਸੀ ਪਰਿੰਦਾ, ਪੁਸਤਕ ਦੇ ਲੇਖਕ ਬਲਵਿੰਦਰ ਸਿੰਘ ਭੁੱਲਰ ਤੇ ਨਾਵਲਕਾਰ ਸ੍ਰੀ ਜਸਪਾਲ ਮਾਨਖੇੜਾ ਸਾਮਲ ਸਨ। ਸਮਾਗਮ ਦੀ ਸੁਰੂਆਤ ਪ੍ਰਧਾਨਗੀ ਮੰਡਲ ਤੇ ਹਾਜ਼ਰੀਨ ਲੇਖਕਾਂ ਨੇ ਕਿਤਾਬ ਦੀ ਘੁੰਢ ਚੁਕਾਈ ਕਰਕੇ ਕੀਤੀ। ਇਸ ਉਪਰੰਤ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਨਾਵਲਕਾਰ ਜਸਪਾਲ ਮਾਨਖੇੜਾ ਨੇ ਕਿਹਾ ਕਿ ਕਿਤਾਬ ਦਾ ਸਰਵਰਕ ਹੀ ਆਪਣੇ ਆਪ ਵਿੱਚ ਕਮਾਲ ਦਾ ਚਿੱਤਰਨ ਪੇਸ਼ ਕਰਦਾ ਹੋਇਆ ਕਿਤਾਬ ਵਿਚਲੀ ਸਮੱਗਰੀ ਦੀ ਥਾਹ ਪਾਉਂਦਾ ਪ੍ਰਤੀਤ ਹੁੰਦਾ ਹੈ। ਉਹਨਾਂ ਕਿਹਾ ਇਸ ਪੁਸਤਕ ਨਾਲ ਸ੍ਰੀ ਭੁੱਲਰ ਗਿਣਤੀ ਦੇ ਸਫ਼ਰਨਾਮਾ ਲੇਖਕਾਂ ਵਿੱਚ ਸਾਮਲ ਹੋ ਗਿਆ ਹੈ।
ਕਿਤਾਬ ਵਾਰੇ ਬੋਲਦਿਆਂ ਕਹਾਣੀਕਾਰ ਅਤਰਜੀਤ ਨੇ ਕਿਹਾ ਕਿ ਲੇਖਕ ਨੇ ਬਿਰਤਾਂਤਕ ਪੱਖੋਂ ਅਤੇ ਵਿਸ਼ਾ ਪੱਖ ਤੋਂ ਬਹੁਤ ਹੀ ਸ਼ਾਨਦਾਰ ਤੇ ਦਲੇਰਾਨਾ ਕੰਮ ਕੀਤਾ ਹੈ। ਇਹ ਸਫ਼ਰਨਾਮਾ ਭਵਿੱਖ ਦੀ ਨਿਸਾਨਦੇਹੀ ਕਰਦਾ ਹੈ ਕਿ ਕਿਸੇ ਨਾ ਕਿਸੇ ਦਿਨ ਕੰਡਿਆਲੀ ਤਾਰਾਂ ਦੀਆਂ ਸਰਹੱਦਾਂ ਜਰੂਰ ਮਿਟ ਜਾਣਗੀਆਂ ਅਤੇ ਲੋਕ ਪੁਰਾਣੀਆਂ ਭਾਈਚਾਰਕ ਸਾਂਝਾਂ ਦੇ ਸੂਤਰ ਵਿੱਚ ਪਰੋਏ ਜਾਣਗੇ। ਉਹਨਾਂ ਕਿਹਾ ਕਿ ਲੇਖਕ ਨੇ ਸਫ਼ਰਨਾਮੇ ਨੂੰ ਇਤਿਹਾਸਕ ਦਸਤਾਵੇਜ ਵਜੋਂ ਪੇਸ਼ ਕਰਨ ਦੀ ਕਮਾਲ ਕੀਤੀ ਹੈ, ਜੋ ਸੰਭਾਲਣਯੋਗ ਹੈ। ਵੰਡ ਸਮੇਂ ਇੱਕ ਪਰਿਵਾਰ ਦੇ ਟੁੱਟ ਕੇ ਦੋ ਬਣਨ ਚੋਂ ਲਹਿੰਦੇ ਪੰਜਾਬ ਦੀ ਇੱਕ ਮੁਸਲਮਾਨ ਪਰਿਵਾਰ ਦੀ ਬੀਬੀ ਨਰਗਿਸ ਤੇ ਚੜ੍ਹਦੇ ਪੰਜਾਬ ਦੇ ਇੱਕ ਨਾਮਧਾਰੀ ਪਰਿਵਾਰ ਦੇ ਦਰਸਨ ਸਿੰਘ ਦੀ ਮਿਲਣੀ ਵੰਡ ਸਮੇਂ ਦੀ ਦਿਲਕੰਬਾਊ ਬਾਤ ਪਾਉਂਦੀ ਹੈ। ਗੁਰੂ ਨਾਨਕ ਦੇਵ ਜੀ ਨੂੰ ਨਾਨਕ ਸਰਕਾਰ ਜਾਂ ਨਾਨਕ ਪੀਰ ਕਹਿਣਾ ਪਾਕਿਸਤਾਨੀਆਂ ਦੀ ਸਰਧਾ ਪ੍ਰਗਟ ਕਰਦਾ ਹੈ। ਸ਼ਾਹੀ ਕਿਲਾ ਲਾਹੌਰ ਜਿੱਥੇ ਸਿੱਖ ਰਾਜ ਸਥਾਪਤ ਹੋਇਆ ਅਤੇ ਅੰਤ ਵੀ ਹੋਇਆ, ਦਾ ਵਰਨਣ ਬਾਖੂਬੀ ਕੀਤਾ ਗਿਆ ਹੈ।
ਆਪਣੇ ਵਿਚਾਰ ਪੇਸ਼ ਕਰਦਿਆਂ ਕਾ: ਹਰਦੇਵ ਅਰਸ਼ੀ ਨੇ ਕਿਹਾ ਕਿ ਪੁਸਤਕ ਵਿਚਲੀ ਸਮੱਗਰੀ ਏਨੀ ਦਿਲਚਸਪ ਢੰਗ ਨਾਲ ਪੇਸ਼ ਕੀਤੀ ਹੈ ਕਿ ਪਾਠਕ ਕਿਤਾਬ ਪੜ੍ਹਦਿਆਂ ਖ਼ੁਦ ਨੂੰ ਪਾਤਰ ਮਹਿਸੂਸ ਕਰਦਾ ਹੈ। ਲੇਖਕ ਨੇ ਪਾਕਿਸਤਾਨ ਦੇ ਧਾਰਮਿਕ ਅਸਥਾਨਾਂ, ਬਜ਼ਾਰਾਂ ਦਾ ਇਸ ਤਰ੍ਹਾਂ ਚਿਤਰਨ ਕੀਤਾ ਹੈ ਕਿ ਪਾਠਕ ਆਪਣੇ ਆਪ ਨੂੰ ਨਾਲ ਨਾਲ ਤੁਰਦਾ ਪ੍ਰਤੀਤ ਕਰਦਾ ਹੈ। ਉਹਨਾਂ ਕਿਹਾ ਇਸ ਵਿਚਲੀਆਂ ਇਤਿਹਾਸਕ ਜੁਗਤਾਂ ਨੂੰ ਅਧਿਐਨ ਕਰਕੇ ਹੋਰ ਮੁੱਲਵਾਨ ਬਣਾਇਆ ਜਾਂਦਾ ਤਾਂ ਜਿਆਦਾ ਚੰਗਾ ਹੁੰਦਾ। ਸਭਾ ਦੇ ਪ੍ਰਧਾਨ ਸ੍ਰੀ ਜੇ ਸੀ ਪਰਿੰਦਾ ਨੇ ਕਿਹਾ ਕਿ ਲੇਖਕ ਦਾ ਸਫ਼ਰਨਾਮਾ ਹਰ ਪੱਖ ਤੋਂ ਵਧੀਆਂ ਅਤੇ ਖੋਜਾਤਮਕ ਭਰਪੂਰ ਹੈ, ਪਰੰਤੂ ਪਰੂਫ ਰੀਡਿੰਗ ਦੀ ਘਾਟ ਰੜਕਦੀ ਹੈ। ਟੀਚਰਜ ਹੋਮ ਟਰੱਸਟ ਦੇ ਜਨਰਲ ਸਕੱਤਰ ਲਛਮਣ ਸਿੰਘ ਮਲੂਕਾ ਨੇ ਬੋਲਦਿਆਂ ਕਿਹਾ ਕਿ ਲੇਖਕ ਦਾ ਇਹ ਸਫ਼ਰਨਾਮਾ ਸਾਹਿਤਕ ਖੇਤਰ ਵਿੱਚ ਮੌਜੂਦਾ ਉੱਚਕੋਟੀ ਦੇ ਸਫ਼ਰਨਾਮਿਆਂ ਦੇ ਮੇਲ ਦਾ ਹੈ।
ਆਪਣੇ ਪ੍ਰਧਾਨਗੀ ਭਾਸਣ ਵਿੱਚ ਸ੍ਰੀ ਬਲਤੇਜ ਸਿੰਘ ਵਾਂਦਰ ਨੇ ਕਿਹਾ ਲੇਖਕ ਦੇ ਸੰਗ ਯਾਤਰੀ ਹੋਣ ਕਰਕੇ ਉਹ ਕਹਿ ਸਕਦਾ ਹੈ ਕਿ ਪੁਸਤਕ ਵਿਚਲੀਆਂ ਘਟਨਾਵਾਂ ਯਦਾਰਥਕ ਦੇ ਨੇੜੇ ਤੇੜੇ ਹਨ। ਸਮਾਂ ਸੀਮਤ ਹੋਣ ਕਰਕੇ ਕਈ ਅਜਿਹੀਆਂ ਯਾਦਗਾਰਾਂ ਵੇਖਣ ਤੋਂ ਰਹਿ ਗਈਆਂ, ਜਿਸਦਾ ਅਫਸੋਸ ਵੀ ਹੈ। ਉਹਨਾਂ ਸਰੋਤਿਆਂ ਨੂੰ ਅਪੀਲ ਕੀਤੀ ਕਿ ਬਿਨ੍ਹਾਂ ਕਿਸੇ ਡਰ ਤੋਂ ਪਾਕਿਸਤਾਨ ਦੀ ਯਾਤਰਾ ਕਰਨ। ਕਿਤਾਬ ਦੇ ਲੇਖਕ ਬਲਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਪਾਕਿਸਤਾਨ ਦੇ ਮੁਕੱਦਸ ਸਥਾਨ ਬਚਪਨ ਤੋਂ ਹੀ ਵੱਡ ਵਡੇਰਿਆਂ ਵੱਲੋਂ ਸੁਣੀਆਂ ਗੱਲਾਂ ਬਾਤਾਂ ਕਰਕੇ ਜਿਹਨ ਵਿੱਚ ਸਨ। ਦੋ ਕੁ ਹਫ਼ਤਿਆਂ ਦੇ ਸਫ਼ਰ ਸਦਕਾ ਇਸਨੂੰ ਕਿਤਾਬੀ ਰੂਪ ਦਿੱਤਾ ਗਿਆ। ਜਿਸ ਵਿੱਚ ਲਹਿੰਦੇ ਪੰਜਾਬ ਦੇ ਲੋਕਾਂ ਦਾ ਚੜ੍ਹਦੇ ਪੰਜਾਬ ਦੇ ਲੋਕਾਂ ਨਾਲ ਪੁਰਾਣਾ ਮੋਹ ਪਿਆਰ ਮਹਿਸੂਸ ਕਰਕੇ ਹੂਬਹੂ ਪੇਸ਼ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਲਹਿੰਦੇ ਪੰਜਾਬ ਦੀ ਯਾਤਰਾ ਕਰਨ ਵਾਲਾ ਵਿਅਕਤੀ ਜੇਕਰ ਪਹਿਲਾਂ ਇਸ ਪੁਸਤਕ ਦਾ ਪਾਠ ਕਰ ਲਵੇ ਤਾਂ ਸਫ਼ਰ ਵਧੇਰੇ ਦਿਲਚਸਪ ਹੋ ਸਕਦਾ ਹੈ। ਆਖ਼ਰ ‘ਚ ਸਭਾ ਦੇ ਪ੍ਰਚਾਰ ਸਕੱਤਰ ਸ੍ਰੀ ਅਮਨ ਦਾਤੇਵਾਸੀਆ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਲੇਖਕਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਸਰਵ ਸ੍ਰੀ ਦਿਲਬਾਗ ਸਿੰਘ, ਰਣਜੀਤ ਗੌਰਵ, ਹਰਮਿੰਦਰ ਸਿੰਘ ਢਿੱਲੋਂ, ਗੁਰਦੇਵ ਸਿੰਘ ਬਾਂਡੀ, ਪਰਵੀਨ ਆਰੀਆ, ਰਾਜੇਸ ਕੁਮਾਰ ਗੋਲਡੀ, ਗੁਰਕੀਰਤ ਸਿੰਘ, ਗੁਰਮਿਲਾਪ ਸਿੰਘ ਆਦਿ ਵੀ ਹਾਜਰ ਸਨ।