ਬਜਟ 2021 -ਬੁਨਿਆਦੀ ਢਾਂਚਿਆਂ ਵਾਸਤੇ ਅਗਲੇ 10 ਸਾਲਾਂ ਲਈ 10 ਬਿਲੀਅਨ ਡਾਲਰ ਦਾ ਇਜ਼ਾਫ਼ਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕੱਲ੍ਹ, ਮੰਗਲਵਾਰ ਨੂੰ ਫੈਡਰਲ ਸਰਕਾਰ ਆਪਣਾ 2021 ਦਾ ਸਾਲਾਨਾ ਬਜਟ ਲੈ ਕੇ ਆ ਰਹੀ ਹੈ ਅਤੇ ਇਹ ਖ਼ਜ਼ਾਨਾ ਮੰਤਰੀ ਜੋਸ਼ ਫਰਿਡਨਬਰਗ ਵੱਲੋਂ ਪੇਸ਼ ਕੀਤਾ ਗਿਆ ਤੀਸਰਾ ਬਜਟ ਹੋਵੇਗਾ ਅਤੇ ਹੋਰ ਗੱਲਾਂ ਦੇ ਨਾਲ ਨਾਲ ਇਸ ਵਿੱਚ ਦੇਸ਼ ਦੇ ਬੁਨਿਆਦੀ ਢਾਂਚਿਆਂ ਵਾਸਤੇ ਅਗਲੇ 10 ਸਾਲਾਂ ਲਈ 10 ਬਿਲੀਅਨ ਡਾਲਰ ਦਾ ਇਜ਼ਾਫ਼ਾ ਹੋਣ ਦਾ ਅਨੁਮਾਨ ਵੀ ਲਗਾਇਆ ਜਾ ਰਿਹਾ ਹੈ।
ਉਕਤ ਫੰਡ ਦੇ ਤਹਿਤ ਸੜਕਾਂ ਦਾ ਨੈਟਵਰਕ ਵਧੀਆ, ਸੁਰੱਖਿਅਤ ਅਤੇ ਹੋਰ ਵੀ ਆਧੁਨਿਕ ਬਣਾਇਆ ਜਾਵੇਗਾ ਅਤੇ ਇਸ ਨਾਲ ਯਾਤਰਾ ਸਬੰਧੀ ਸਮੇਂ ਨੂੰ ਬਚਾਇਆ ਜਾਵੇਗਾ ਅਤੇ ਇਸ ਦੇ ਨਾਲ ਹੀ ਹਜ਼ਾਰਾਂ ਹੀ ਰੌਜ਼ਗਾਰ ਦੇ ਸੌਮਿਆਂ ਵਿੱਚ ਵਾਧਾ ਕਰਨਾ ਵੀ ਸਰਕਾਰ ਦਾ ਮੁੱਖ ਉਦੇਸ਼ ਹੋਵੇਗਾ।
ਸਰਕਾਰ ਵੱਲੋਂ ਐਲਾਨ ਵਿੱਚ ਅੱਧੀ ਰਕਮ ਦਾ ਖਰਚਾ ਦਰਸਾਇਆ ਗਿਆ ਹੈ ਅਤੇ ਅੱਧੀ ਰਕਮ ਦੇ ਖਰਚੇ ਕੱਲ੍ਹ ਰਾਤ ਨੂੰ ਪੇਸ਼ ਹੋਣ ਵਾਲੇ ਬਜਟ ਦੌਰਾਨ ਐਲਾਨੇ ਜਾਣਗੇ।
ਵਧੀਕ ਪ੍ਰਧਾਨ ਮੰਤਰੀ ਮਾਈਕਲ ਮੈਕਕੋਰਮੈਕ ਨੇ ਇਸ ਦਾ ਸਵਾਗਤ ਕਰਦਿਆਂ ਕਿਹਾ ਕਿ ਸਰਕਾਰ ਦਾ ਇਹ ਬਜਟ ਬਹੁਤ ਹੀ ਉਮਦਾ ਕਿਸਮ ਦਾ ਹੋਵੇਗਾ ਅਤੇ ਇਸ ਵਿੱਚ ਕਰੋਨਾ ਕਾਲ ਦੌਰਾਨ ਜੂਝ ਰਹੇ ਹਰ ਵਰਗ ਦਾ ਧਿਆਨ ਰੱਖਿਆ ਜਾਵੇਗਾ।
ਪਰੰਤੂ ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਦਾ ਕਹਿਣਾ ਹੈ ਕਿ ਸਰਕਾਰ ਕੋਲ ਗੱਲਾਂ ਬਾਤਾਂ ਦੇ ਕੜਾਹ ਤੋਂ ਸਿਵਾਏ ਕੁੱਝ ਵੀ ਨਹੀਂ ਅਤੇ ਇਸ ਬਜਟ ਦਾ ਸੱਚ ਤਾਂ ਉਦੋਂ ਸਭ ਦੇ ਸਾਹਮਣੇ ਆ ਜਾਵੇਗਾ ਜਦੋਂ ਇਸ ਬਜਟ ਦੇ ਐਲਾਨ ਤੋਂ ਬਾਅਦ ਇਸ ਵਿਚਲੇ ਐਲਾਨਾਂ ਨੂੰ ਭੁਗਤਾਉਣ ਦਾ ਸਮਾਂ ਆਵੇਗਾ ਅਤੇ ਸਰਕਾਰ ਕੋਲ ਹੱਥ ਖੜ੍ਹੇ ਕਰਨ ਤੋਂ ਇਲਾਵਾ ਕੁੱਝ ਵੀ ਨਹੀਂ ਹੋਣਾ।
ਬਜਟ ਦੇ ਕੁੱਝ ਪਹਿਲੂ ਇਸ ਪ੍ਰਕਾਰ ਹਨ:
2 ਬਿਲੀਅਨ ਡਾਲਰ ਮੈਲਬੋਰਨ ਦੇ ਇੰਟਰਮੋਡਲ ਟਰਮਿਨਲ ਲਈ ਰਾਖਵੇਂ ਹਨ; ਨਿਊ ਸਾਊਥ ਵੇਲਜ਼ ਦੇ ਹੀ ਪੂਰਬੀ ਅਤੇ ਪੱਛਮੀ ਸੈਕਸ਼ਆਂ ਅਧੀਨ ਕਾਟੂੰਬਾ ਤੋਂ ਲਿਥਗੋਅ ਲਈ ਗ੍ਰੇਟ ਵੈਸਟਰਨ ਹਾਈਵੇ ਦੇ ਨਵ-ਨਿਰਮਾਣ ਲਈ 2.03 ਬਿਲੀਅਨ ਡਾਲਰ; ਕੁਈਨਜ਼ਲੈਂਡ ਦੇ ਫਰੇਟ ਰੂਟ (ਮਨਗਿੰਡੀ ਤੋਂ ਚਾਰਟਰ ਟਾਵਰਾਂ ਤੱਕ) ਲੲ 400 ਮਿਲੀਅਨ ਡਾਲਰ; ਦੱਖਣੀ ਆਸਟ੍ਰੇਲੀਆ ਦੇ ਟਰੂਰੋ ਬਾਇਪਾਸ ਲਈ 161.6 ਮਿਲੀਅਨ ਡਾਲਰ; ਪੱਛਮੀ ਆਸਟ੍ਰੇਲੀਆ ਦੇ ਖੇਤੀਬਾੜੀ ਸਪਲਾਈ ਚੇਨ ਦੇ ਨਵੀਨੀਕਰਣ (ਪਹਿਲਾ ਪੜਾਅ) ਲਈ 160 ਮਿਲੀਅਨ ਡਾਲਰ; ਨਾਰਦਰਨ ਟੈਰਿਟਰੀ ਦੇ ਨੈਸ਼ਨਲ ਨੈਟਵਰਕ ਹਾਈਵੇਅ ਦੇ ਨਵੀਨੀਕਰਣ (ਦੂਸਰਾ ਪੜਾਅ) ਲਈ 150 ਮਿਲੀਅਨ ਡਾਲਰ; ਤਸਮਾਨੀਆ ਦੇ ਬਾਸ ਹਾਈਵੇਅ ਸੁਰੱਖਿਆ ਅਤੇ ਫਰੇਟ ਆਦਿ ਦੇ ਨਵੀਨੀਕਰਣ ਲਈ 80 ਮਿਲੀਅਨ ਡਾਲਰ; ਏ.ਸੀ.ਟੀ. ਦੇ ਵਿਲੀਅਮ ਹੋਵੇਲ ਡ੍ਰਾਈਵ ਡੁਪਲੀਕੇਸ਼ਨ ਲਈ 26.5 ਮਿਲੀਅਨ ਡਾਲਰ।