ਸਾਬਕਾ ਆਸਟ੍ਰੇਲੀਆਈ ਪੋਸਟ ਦੀ ਮੁਖੀ ਕ੍ਰਿਸਟਿਨ ਹੋਲਗੇਟ ਨੇ ਆਪਣੀ ਨਵੀਂ ਜਾਬ ਦਾ ਫੜ੍ਹਿਆ ਰਾਹ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ ਸਾਲ ਮਚੇ ਬਵਾਲ ਕਾਰਨ ਆਸਟ੍ਰੇਲੀਆਈ ਪੋਸਟ ਦੀ ਮੁਖੀ ਕ੍ਰਿਸਟਿਨ ਹਾਲਗੇਟ ਨੂੰ ਆਪਣੇ ਅਹੁਦੇ ਤੋਂ ਹੱਥ ਧੌਣੇ ਪਏ ਸਨ ਅਤੇ ਹੁਣ ਉਨ੍ਹਾਂ ਨੇ ਟੋਲ ਗਲੋਬਰ ਐਕਸਪ੍ਰੈਸ ਦੇ ਸੀ.ਈ.ਓ. ਵਜੋਂ ਆਪਣਾ ਨਵਾਂ ਅਹੁਦਾ ਸੰਭਾਲਣ ਦੀ ਤਿਆਰੀ ਕਰ ਲਈ ਹੈ ਅਤੇ ਆਪਣੇ ਪੁਰਾਣੇ ਰੌਜ਼ਗਾਰ ਦਾਤਾ ਨੂੰ ਪੂਰਾ ਕੰਪੀਟਿਸ਼ਨ ਦੇਣ ਦੀ ਠਾਣ ਲਈ ਹੈ ਕਿਉਂਕਿ ਕ੍ਰਿਸਟਿਨ ਹੋਲਗੇਟ ਦੀ ਨਵੀਂ ਫਰਮ -ਈਕਰਮਰਸ ਅਤੇ ਪਾਰਸਲਾਂ ਦੇ ਆਦਾਨ ਪ੍ਰਦਾਨ ਦਾ ਕੰਮ ਹੀ ਕਰਦੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਸਾਲ ਆਸਟ੍ਰੇਲੀਆਈ ਪੋਸਟ ਦੀ ਉਦੋਂ ਦੀ ਮੁਖੀ ਨੂੰ ਚਾਰ ਕਾਰਟਿਅਰ ਘੜੀਆਂ (ਹਰ ਇੱਕ ਦੀ ਕੀਮਤ ਤਕਰੀਬਨ 20,000 ਡਾਲਰ) ਤੋਹਫੇ ਦੇ ਤੌਰ ਤੇ ਮਿਲਣ ਕਾਰਨ ਸਦਨ ਅੰਦਰ ਕਾਫੀ ਰੌਲਾ ਪਿਆ ਸੀ ਅਤੇ ਕ੍ਰਿਸਟਿਨ ਨੂੰ ਆਪਣੇ ਮੌਜੂਦਾ ਅਹੁਦੇ ਤੋਂ ਹੱਥ ਧੋਣੇ ਪਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸੱਤਾਧਾਰੀਆਂ ਵੱਲੋਂ ਜ਼ਬਰਦਸਤੀ ਹਟਾਇਆ ਗਿਆ ਹੈ ਪਰੰਤੂ ਸਰਕਾਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਆਪਣਾ ਤਿਆਗ ਪੱਤਰ ਸੌਂਪਿਆ ਹੈ।
ਇਸ ਤੋਂ ਪਹਿਲਾਂ, ਇਸੇ ਸਾਲ ਦੇ ਸ਼ੁਰੂ ਵਿੱਚ ਕ੍ਰਿਸਟਿਨ ਨੇ ਸਰਕਾਰ ਉਪਰ ਕਾਨੂੰਨੀ ਦਾਅਵਾ ਕਰਨ ਦਾ ਵੀ ਐਲਾਨ ਕੀਤਾ ਸੀ ਪਰੰਤੂ ਹਾਲ ਦੀ ਘੜੀ ਉਨ੍ਹਾਂ ਉਸ ਬਾਬਤ ਕੁੱਝ ਵੀ ਕਹਿਣ ਤੋਂ ਗੁਰੇਜ਼ ਕੀਤਾ ਅਤੇ ਕਿਹਾ ਕਿ ਸਾਨੂੰ ਅੱਗੇ ਵੱਲ ਨੂੰ ਦੇਖਣਾ ਚਾਹੀਦਾ ਹੈ ਅਤੇ ਮੈਂ ਜਿਹੜਾ ਵੀ ਕਦਮ ਚੁੱਕਾਂਗੀ ਉਹ ਸਭ ਦੇ ਸਾਹਮਣੇ ਹੀ ਚੁੱਕਾਂਗੀ ਅਤੇ ਉਸ ਵਿੱਚ ਕੋਈ ਵੀ ਲੁਕਾਅ ਨਹੀਂ ਹੋਵੇਗਾ।