ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਡਾ. ਬੀ. ਆਰ. ਅੰਬੇਡਕਰ ਜੀ ਦਾ 130ਵਾਂ ਜਨਮ ਦਿਵਸ ਮਨਾਇਆ

-ਮੁੱਖ ਮਹਿਮਾਨ ਡਾ. ਸਲੋਨੀ ਪਾਲ ਨੇ ਦਿੱਤਾ ਸੁਨੇਹਾ ‘ਕੁੜੀਆਂ ਪੜ੍ਹਾਓ’

ਆਕਲੈਂਡ :-ਅੰਬੇਡਕਰ ਮਿਸ਼ਨ ਸੁਸਾਇਟੀ  ਆਫ ਨਿਊਜ਼ੀਲੈਂਡ ਵੱਲੋਂ ਅੱਜ ਆਪਣਾ ਮਿਸ਼ਨ ਅਗਾਂਹ ਵੱਲ ਨੂੰਤੋਰਦਿਆਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 130ਵਾਂ ਜਨਮ ਦਿਵਸ ਪੁਕੀਕੋਹੀ ਟਾਊਨ ਸੈਂਟਰ ਵਿਖੇ ਪੂਰੇ ਜੋਸ਼ ਨਾਲ ਮਨਾਇਆ ਗਿਆ। ਬਾਬਾ ਸਾਹਿਬ ਦੀਆਂ ਸਿਖਿਆਵਾਂ ਉਤੇ ਅਧਾਰਿਤ ਅੱਜ ਦਾ ਇਹ ਖਾਸ ਪ੍ਰੋਗਰਾਮ ਸੁਸਾਇਟੀ ਦੇ ਪ੍ਰਧਾਨ ਸ੍ਰੀ ਮਹਿੰਦਰ ਪਾਲ ਦੇ ਸਵਾਗਤੀ ਸ਼ਬਦਾਂ ਨਾਲ ਆਰੰਭ ਹੋਇਆ। ਜਿਨ੍ਹਾਂ ਨੇ ਦੱਸਿਆ ਕਿ ਅਜਿਹੇ ਸਮਾਗਮ ਕਰਨੇ ਕਿਉਂ ਜਰੂਰੀ ਹਨ ਅਤੇ ਸਾਡੀ ਅਗਲੀ ਪੀੜ੍ਹੀ ਦੇ ਲਈ ਇਤਿਹਾਸ ਤੋਂ ਜਾਣੂ ਹੋਣਾ ਕਿੰਨਾ ਜਰੂਰੀ ਹੈ। ਮਹਾਨ ਵਿਅਕਤੀ ਦੀ ਜੀਵਨੀ ਕਈ ਵਾਰ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ। ਸਟੇਜ ਸੰਚਾਲਨ ਸ੍ਰੀ ਰੇਸ਼ਮ ਲਾਲ ਕਰੀਮਪੁਰੀ ਹੋਰਾਂ ਨੇ ਕੀਤਾ ਤੇ ਉਨ੍ਹਾਂ ਵੀ ਨਾਲ-ਨਾਲ ਆਪਣੇ ਵਿਾਚਰ ਰੱਖ ਕੇ ਬਾਬਾ ਸਾਹਿਬ ਨੂੰ ਯਾਦ ਕੀਤਾ। ਮੁੱਖ ਮਹਿਮਾਨ ਦੇ ਤੌਰ ਉਤੇ ਕੈਂਟਰਬਰੀ ਯੂਨੀਵਰਸਿਟੀ ਦੇ ਸਹਾਇਕ ਲੈਕਚਰਾਰ ਡਾ. ਸਲੋਨੀ ਪਾਲ ਵਿਸ਼ੇਸ਼ ਤੌਰ ਉਤੇ ਪਹੁੰਚੇ ਹੋਏ ਸਨ। ਉਨ੍ਹਾਂ ਦੇ ਪਤੀ ਅਮਨ ਸਮਾਰਟ ਵੀ ਸਾਥ ਦੇਣ ਲਈ ਛੋਟੇ ਬੇਟੇ ਨਾਲ ਪਹੁੰਚੇ ਸਨ । ਡਾ. ਸਲੋਨੀ ਪਾਲ ਨੇ ਆਪਣੇ ਭਾਸ਼ਣ ਦੇ ਵਿਚ ਬਾਬਾ ਸਾਹਿਬ ਦੇ ਜੀਵਨ ਤੋਂ ਪਏ ਸਿਖਿਆਦਾਕ ਪ੍ਰਭਾਵ ਨੂੰ ਕਬੂਲਦਿਆਂ ਕਿਹਾ ਕਿ ਉਸ ਮਹਾਨ ਵਿਅਕਤੀ ਜਿਸ ਨੂੰ ਭਾਰਤ ਰਤਨ ਖਿਥਾਬ ਨਾਲ ਸਨਮਾਨਿਆ ਗਿਆ ਡਾ. ਬੀ. ਆਰ. ਅੰਬੇਡਕਰ ਨੇ ਕਿਵੇਂ ਇਕ ਸਾਧਾਰਨ ਪਰਿਵਾਰ ਦੇ ਵਿਚ ਪੈਦਾ ਹੈ ਕੇ ਸਿਖਰ ਨੂੰ ਛੂਹਿਆ। ਇਹ ਕਾਰਨ ਸੀ ਕਿ ਉਨ੍ਹਾਂ ਨੇ ਆਪਣੀ ਪੀ. ਐਚ. ਡੀ. ਦੀ ਡਿਗਰੀ ਬਾਬਾ ਸਾਹਿਬ ਨੂੰ ਸਮਰਪਿਤ ਕੀਤੀ। ਉਨ੍ਹਾਂ ਆਪਣੇ ਭਾਸ਼ਮ ਦਾ ਸਾਰਅੰਸ਼ ਪੇਸ਼ ਕਰਦਿਆਂ ਕਿਹਾ ਕਿ ਆਪਣੀਆਂ ਕੁੜੀਆਂ ਨੂੰ ਜਰੂਰ ਪੜ੍ਹਾਓ ਤਾਂ ਕਿ ਸਿਹਤਮੰਦ ਸਮਾਜ ਦੀ ਸਿਰਜਨਾ ਹੁੰਦੀ ਰਹੇ। ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਡਾ. ਸਲੋਨੀ ਪਾਲ ਨੂੰ ਬਹੁਤ ਸੋਹਣਾ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਦਾ ਇਥੇ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਸਨਮਾਨਿਤ ਕਰਨ ਵੇਲੇ ਸ੍ਰੀ ਰੇਸ਼ਮ ਲਾਲ ਕਰੀਮਪੁਰੀ, ਸ੍ਰੀ ਮਹਿੰਦਰਪਾਲ, ਮਨਜੀਤ ਰੱਤੂ, ਸ੍ਰੀਮਤੀ ਸੁਨੀਤਾ ਕਰੀਮਪੁਰੀ ਅਤੇ ਸ੍ਰੀਮਤੀ ਜਸਵਿੰਦਰ ਕੌਰ ਸਟੇਜ ਉਤੇ ਹਾਜ਼ਿਰ ਸਨ। ਪ੍ਰਮੁੱਖ ਬੁਲਾਰਿਆਂ ਦੇ ਵਿਚ ਸ੍ਰੀ ਪਰਮਜੀਤ ਮਹਿਮੀ, ਸ੍ਰੀ ਹਰਜੀਤ ਰਾਮ,  ਹਰਜਿੰਦਰ ਬਸਿਆਲਾ, ਮਨਜੀਤ ਸਿੰਘ ਹੇਸਟਿੰਗਜ਼, ਜਸਪ੍ਰਭਜੀਤ ਮਹਿਮੀ, ਰਜਿੰਦਰ ਸਿੰਘ, ਸੁਖਦੇਵ ਬੱਧਣ ਤੇ ਰੋਮੀਆ ਬੁੱਧਾ ਨੇ ਵੀ ਡਾ. ਸਾਹਿਬ ਦੀਆਂ ਸਿਖਿਆਵਾਂ ਉਤੇ ਆਪਣੇ ਵਿਚਾਰ ਰੱਖੇ ਤੇ ਅਪੀਲ ਕੀਤੀ ਕਿ ਸਿੱਖਿਅਤ ਰਹੋ, ਸੰਗਠਿਤ ਰਹੋ ਅਤੇ ਉਤੇਜਿਤ ਰਹੋ।
ਰੇਡੀਓ ਸਪਾਈਸ ਤੋਂ ਗੁਰਸਿਮਰਨ ਸਿੰਘ ਮਿੰਟੂ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਜਸਵਿੰਦਰ ਸੰਧੂ, ਕਰਨੈਲ ਬੱਧਣ, ਸੰਜੀਵ ਸਹਿਗਲ, ਸੁਖਦੇਵ ਬੱਧਣ, ਹਰਦੇਵ ਮਾਹੀਨੰਗਲ ਅਤੇ ਹੋਰ ਕਈ ਸੰਸਥਾਵਾਂ ਤੋਂ ਨੁਮਾਇੰਦੇ ਪਹੁੰਚੇ ਹੋਏ ਸਨ।
ਗੀਤ-ਸੰਗੀਤ ਦੇ ਨਾਲ ਬਾਬਾ ਸਾਹਿਬ ਦੀਆਂ ਸਿਖਿਆਵਾਂ ਨੂੰ ਗੀਤਾਂ ਦੀ ਲੜੀ ਦੇ ਵਿਚ ਪਰੋਅ ਕੇ ਸਥਾਨਿਕ ਕਲਾਕਾਰ ਸਤਿੰਦਰ ਪੱਪੀ ਨੇ ਆਪਣਾ ਲਿਖਿਆ ਗੀਤ ‘ਜ਼ਾਲਮ ਦੇ ਮੂੰਹ ਮੋੜੇ ਸੀ ਤੇ ਜ਼ੁਲਮ ਦੇ ਸੰਗਲ ਤੋੜੇ ਸੀ’ ਤੁੰਬੀ ਦੇ ਨਾਲ ਗਾਇਆ। ਸ੍ਰੀ ਅਮਰਜੀਤ ਬੰਗੜ ਨੇ ਗੀਤ ਰੂਪੀ ਕਵਿਤਾ ਗਾਈ।  ਗਾਇਕ ਜਸਵਿੰਦਰ ਕੁਮਾਰ, ਬਿੱਲਾ ਮੋਂਗੋਵਾਲੀਆ ਤੇ ਹਨੀ ਸਿੰਘ, ਨੇ ਗੀਤਾਂ ਨਾਲ ਹਾਜ਼ਰੀ ਲਾਈ। ਰਾਜਨਦੀਪ ਕੌਰ ਅਹੀਰ ਮਿਊਜ਼ਕ ਅਕੈਡਮੀ ਨੌਜਵਾਨ ਸੁਖਵਿੰਦਰ ਸਿੰਘ ਨੇ ਗੀਤ ਗਾ ਕੇ ਸੰਗੀਤਕ ਮਾਹੌਲ ਸਿਰਜਿਆ।  ਪ੍ਰਸਿੱਧ ਗਾਇਕ ਹਰਦੇਵ ਮਾਹੀਨੰਗਲ ਹੋਰਾਂ ਨੇ ਸੰਤ ਰਾਮ ਉਦਾਸੀ ਦੀ ਰਚਨਾ ਨੂੰ ਖੂਬਸੂਰਤ ਆਵਾਜ਼ ਦਿੱਤੀ। ਸਾਬੀ ਪੋਕੀਨੋ ਨੇ ਵੀ ਸੰਗੀਤਕ ਸਾਜ਼ਾਂ ਦੇ ਨਾਲ-ਨਾਲ ਇਕ ਗੀਤ ਵੀ ਗਾਇਆ। ਮਲਕੀਅਤ ਸਿੰਘ ਸਹੋਤਾ ਵੀ ਗੀਤ ਨਾਲ ਹਾਜ਼ਰੀ ਲਗਵਾ ਗਏ। ਪਹੁੰਚੇ ਦਰਸ਼ਕਾਂ ਦੇ ਲਈ ਚਾਹ-ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ

ਨਿਊਜ਼ੀਲੈਂਡ ’ਚ ਮਨਾਈ ਗਈ ਅੰਬੇਡਕਰ ਜੈਅੰਤੀ ਮੌਕੇ ਡਾ. ਸੋਨਾਲੀ ਪਾਲ ਨੂੰ ਸਨਮਾਨਿਤ ਕਰਦੇ ਹੋਏ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਮੈਂਬਰ ਜਨ