ਅੰਮਿ੍ਰਤਪਾਲ ਸਿੰਘ ਸ਼ੈਦਾ ਦੀ ਪਲੇਠੀ ਪੁਲਾਂਘ: ਗ਼ਜ਼ਲ ਸੰਗ੍ਰਹਿ ‘ਫ਼ਸਲ ਧੁੱਪਾਂ ਦੀ’

ਅੰਮਿ੍ਰਤਪਾਲ ਸਿੰਘ ਸ਼ੈਦਾ ਪੰਜਾਬੀ ਗ਼ਜ਼ਲ ਦਾ ਸਮਰਥ ਗ਼ਜ਼ਲਗੋ ਹੈ। ਪਿਛਲੇ 35 ਸਾਲਾਂ ਤੋਂ ਗ਼ਜ਼ਲ ਲਿਖ ਰਿਹਾ ਹੈ। ਉਨ੍ਹਾਂ ਦੀਆਂ ਗ਼ਜ਼ਲਾਂ ਦੇ ਸ਼ੇਅਰ ਭਾਵੇਂ ਸਰਲ ਸ਼ਬਦਾਵਲੀ, ਠੇਠ ਪੰਜਾਬੀ ਅਤੇ ਆਮ ਜਨ ਜੀਵਨ ਵਿਚੋਂ ਹੁੰਦੇ ਹਨ ਪ੍ਰੰਤੂ ਉਨ੍ਹਾਂ ਦੇ ਅਰਥ ਬਹੁਤ ਹੀ ਡੂੰਘੇ ਅਤੇ ਇਨਸਾਨੀ ਮਨਾ ਨੂੰ ਕੁਰੇਦਣ ਵਾਲੇ ਹੁੰਦੇ ਹਨ। ਉਨ੍ਹਾਂ ਦੀਆਂ ਗ਼ਜ਼ਲਾਂ ਪੜ੍ਹਕੇ ਇਨਸਾਨ ਆਪਣੇ ਅੰਦਰ ਝਾਤੀ ਮਾਰਨ ਲਈ ਮਜ਼ਬੂਰ ਹੋ ਜਾਂਦਾ ਹੈ ਕਿਉਕ ਉਸਨੂੰ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਜਿਵੇਂ ਉਹ ਹੀ ਇਸ ਵਿਸੰਗਤੀ ਦਾ ਜ਼ਿੰਮੇਵਾਰ ਹੈ । ਸਮਾਜ ਵੱਲੋਂ ਕੀਤੀਆਂ ਜਾ ਰਹੀਆਂ ਅਣਗਹਿਲੀਆਂ ਅਤੇ ਜ਼ਿਆਦਤੀਆਂ ਦਾ ਪਰਦਾ ਅਜਿਹੇ ਢੰਗ ਨਾਲ ਫਾਸ਼ ਕਰਦੇ ਹਨ, ਜਿਨ੍ਹਾਂ ਨੂੰ ਪੜ੍ਹਨ ਵਾਲੇ ਆਪਣੇ ਅੰਦਰ ਝਾਤੀ ਮਾਰਕੇ ਆਪਣੀ ਅੰਤਹਕਰਨ ਦੀ ਆਵਾਜ਼ ਸੁਣਨ ਲਈ ਪ੍ਰੇਰਿਤ ਹੋ ਜਾਂਦੇ ਹਨ। ਸ਼ਾਇਰ ਛੁਪੇ ਰਹਿਣ ਦੀ ਪ੍ਰਵਿਰਤੀ ਕਰਕੇ ਪੁਸਤਕ ਪ੍ਰਕਾਸ਼ਤ ਕਰਵਾਉਣ ਤੋਂ ਕਿਨਾਰਾ ਕਰਦਾ ਰਿਹਾ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਵੀ ਦਰਬਾਰਾਂ ਨੂੰ ਲਗਾਤਾਰ ਲੁੱਟਣ ਵਾਲਾ ਗ਼ਜ਼ਲਗ਼ੋ ਪੁਸਤਕ ਪ੍ਰਕਾਸ਼ਤ ਕਰਵਾਉਣ ਵਿਚ ਮੇਰੀ ਛੁਪੇ ਰਹਿਣ ਦੀ ਚਾਹ ਅਤੇ ਸ਼ਰਮਾਕਲ ਸੁਭਅ ਹੋਣ ਕਰਕੇ ਫਾਡੀ ਰਿਹਾ ਹੈ। ਵਰਤਮਾਨ ਪ੍ਰਸਥਿਤੀਆਂ ਅਤੇ ਅਜੋਕੇ ਸਮੇਂ ਦੇ ਬਹੁਤੇ ਸ਼ਾਇਰਾਂ ਦੀ ਤਰ੍ਹਾਂ ਜੁਗਾੜੂ ਵੀ ਨਹੀਂ ਬਣ ਸਕਿਆ। ਕੁਦਰਤ ਨੇ ਵੀ ਉਸਦਾ ਸਾਥ ਨਹੀਂ ਦਿੱਤਾ, ਪਟਿਆਲਾ ਸ਼ਹਿਰ ਵਿਚ 1993 ਦੇ ਹੜ੍ਹਾਂ ਦੌਰਾਨ ਕੁਦਰਤ ਦੀ ਕਰੋਪੀ ਦਾ ਐਸਾ ਸ਼ਿਕਾਰ ਹੋਇਆ ਕਿ 15 ਸਾਲਾਂ ਦੀ ਸਾਹਿਤ ਸਾਧਨਾ ਮਿੰਟਾਂ ਸਕਿੰਟਾਂ ਵਿਚ ਹੀ ਹੜ੍ਹ ਦੇ ਪਾਣੀ ਦੀ ਭੇਂਟ ਚੜ੍ਹ ਗਈ। ਗ਼ਜ਼ਲਾਂ ਦੀਆਂ ਦੋ ਪੁਸਤਕਾਂ ਦੇ ਖਰੜੇ, ਜਿਨ੍ਹਾਂ ਨੂੰ ਉਹ ਬੱਚਿਆਂ ਦੀ ਤਰ੍ਹਾਂ ਕਲਾਵੇ ਵਿਚ ਸਾਂਭੀ ਰਖਦਾ ਸੀ, ਰੇਤ ਦੀ ਤਰ੍ਹਾਂ ਹੱਥਾਂ ਵਿਚੋਂ ਕਿਰ ਗਏ। ਸ਼ੈਦਾ ਹਰਫ਼ਨ ਮੌਲਾ ਗ਼ਜ਼ਲਗੋ ਹੈ, ਜਿਨ੍ਹਾਂ ਦੀਆਂ ਗ਼ਜ਼ਲਾਂ ਦੇ ਵਿਸ਼ੇ ਸਮਾਜਿਕ ਸਰੋਕਾਰਾਂ ਨਾਲ ਲਬਰੇਜ਼ ਹਨ। ਉਹ ਕਿਹੜਾ ਵਿਸ਼ਾ ਹੈ, ਜਿਹੜਾ ਇਨਸਾਨੀਅਤ ਦੀ ਬਿਹਤਰੀ ਦੀ ਗੱਲ ਕਰਦਾ ਹੋਵੇ, ਉਨ੍ਹਾਂ ਦੀਆਂ ਗਜ਼ਲਾਂ ਦਾ ਸ਼ਿੰਗਾਰ ਨਾ ਬਣਿਆਂ ਹੋਵੇ।

ਆਮ ਤੌਰ ਤੇ ਗ਼ਜ਼ਲਾਂ ਰੁਮਾਂਟਿਕ ਸ਼ਬਦਾਵਲੀ ਵਿਚ ਲਿਖੀਆਂ ਜਾਂਦੀਆਂ ਹਨ ਪ੍ਰੰਤੂ ਅੰਮਿ੍ਰਤਪਾਲ ਸਿੰਘ ਸ਼ੈਦਾ ਦੀਆਂ ਬਹੁਤੀਆਂ ਗ਼ਜ਼ਲਾਂ ਸਮਾਜ ਵਿਚ ਹੋ ਰਹੇ ਅਨਿਆਂ ਅਤੇ ਸ਼ੋਸ਼ਣ ਦੇ ਵਿਰੁਧ ਰੋਹ ਪੈਦਾ ਕਰਨ ਵਾਲੀਆਂ ਹਨ। ਸ਼ੈਦਾ ਦਾ ਸਾਰਾ ਜੀਵਨ ਜਦੋਜਹਿਦ ਵਾਲਾ ਰਿਹਾ ਹੈ। ਉਹ ਦਸਾਂ ਨਹੁੰਾਂ ਦੀ ਕਿ੍ਰਤ ਕਮਾਈ ਕਰਨ ਅਤੇ ਦਿ੍ਰੜ੍ਹ ਇਰਾਦੇ ਵਾਲੇ ਖ਼ੁਦਦਾਰ ਸ਼ਾਇਰ ਹਨ। ਇਸ ਕਰਕੇ ਲਗਪਗ ਉਨ੍ਹਾਂ ਦੀ ਹਰ ਗ਼ਜ਼ਲ ਵਿਚ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਦੀ ਹਾਮੀ ਭਰੀ ਹੋਈ ਹੈ। ਉਨ੍ਹਾਂ ਨੇ ਸਮਾਜਿਕ ਨਾਬਰਾਬਰੀ ਦਾ ਸੇਕ ਖ਼ੁਦ ਵੀ ਹੰਢਾਇਆ ਹੈ, ਜਿਸ ਕਰਕੇ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਉਨ੍ਹਾਂ ਨੇ ਬਹੁਤ ਨੇੜਿਓਂ ਹੋ ਕੇ ਵੇਖਿਆ ਹੈ। ਉਨ੍ਹਾਂ ਦੀਆਂ ਗ਼ਜ਼ਲਾਂ ਸਮਾਜਿਕ ਰੰਗਾਂ ਵਿਚ ਰੰਗੀਆਂ ਹੋਈਆਂ ਹਨ, ਖ਼ੁਸ਼ਬੋਆਂ ਖ਼ਿਲਾਰਦੀਆਂ ਹੋਈਆਂ ਸਮਾਜਿਕ ਤਾਣੇ ਬਾਣੇ ਨੂੰ ਮਹਿਕਾ ਰਹੀਆਂ ਹਨ। ਉਨ੍ਹਾਂ ਨੇ ਜ਼ਾਤ ਪਾਤ, ਭਰੂਣ ਹੱਤਿਆ, ਗ਼ਰੀਬੀ, ਆਰਥਿਕ ਅਸਾਵਾਂਪਣ, ਗੰਧਲੀ ਰਾਜਨੀਤੀ, ਸਮਾਜਿਕ ਆਰਥਿਕ ਅਤੇ ਸਭਿਅਚਾਰਿਕ ਸ਼ੋਸ਼ਣ, ਖ਼ੁਦਗਰਜ਼ੀ, ਧਾਰਮਿਕ ਕਟੜਤਾ, ਕਿਰਸਾਨੀ ਖ਼ੁਦਕਸ਼ੀਆਂ, ਵਾਤਾਵਰਨ ਅਤੇ ਹਉਮੈ ਆਦਿ ਨੂੰ ਆਪਣੀਆਂ ਗ਼ਜ਼ਲਾਂ ਦੇ ਵਿਸ਼ੇ ਬਣਾਇਆ ਹੈ। ਸਮਾਜ ਹਓਮੈ ਦੀ ਸਮਾਜਿਕ ਬਿਮਾਰੀ ਦਾ ਇਤਨਾ ਸ਼ਿਕਾਰ ਹੋਇਆ ਪਿਆ ਹੈ ਕਿ ਉਹ ਸਮਾਂ ਦੂਰ ਨਹੀਂ ਜਦੋਂ ਸਮਾਜ ਨੇ ਇਸ ਪ੍ਰਵਿਰਤੀ ਕਰਕੇ ਹੀ ਬਿਖਰ ਜਾਣਾ ਹੈ। ਇਨਸਾਨ ਦੀ ਹਉਮੈ ਬਾਰੇ ਉਨ੍ਹਾਂ ਬਾਖ਼ੂਬੀ ਲਿਖਦਿਆਂ ਕਿਹਾ  ਹੈ ਕਿ ਹਓਮੈ ਇਤਨੀ ਮਾੜੀ ਹੈ ਕਿ ਉਸਨੇ ਸਾਰੇ ਸਮਾਜ ਨੂੰ ਨਿਗਲ ਜਾਣਾ ਹੈ-

ਨੈਜ਼ਿਆਂ ‘ਤੇ ਜੋ ਸਜਾਂਦੇ ਨੇ ਸਿਰਾਂ ਨੂੰ,

ਵੇਖੀਂ ਏਸੇ ਹਉਮੈ ਨੇ ਨਿਗਲ ਲੈਣਾ ਹੈ ਲਸ਼ਕਰ  ਸਾਰਾ।

ਉਨ੍ਹਾਂ ਦਾ ਪਲੇਠਾ ਗ਼ਜ਼ਲਾਂ ਦਾ ਸੰਗ੍ਰਹਿ ‘‘ਫ਼ਸਲ ਧੁੱਪਾਂ ਦੀ’ ਦਿਲਕਸ਼ ਸਚਿਤਰ ਰੰਗਦਾਰ ਮੁੱਖ ਕਵਰ ਵਾਲਾ ਹੈ। ਗ਼ਜ਼ਲ ਸੰਗ੍ਰਹਿ ਦੀ ਆਕਰਸ਼ਕ ਦਿਖ ਤੋਂ ਹੀ ਉਸ ਵਿਚਲੀਆਂ ਗ਼ਜ਼ਲਾਂ ਦੀ ਭਿਣਕ ਪੈ ਜਾਂਦੀ ਹੈ। 100 ਪੰਨਿਆਂ ਅਤੇ 200 ਰੁਪਏ ਕੀਮਤ ਵਾਲੇ ਗ਼ਜ਼ਲ ਸੰਗ੍ਰਹਿ ਵਿਚ 58 ਗ਼ਜ਼ਲਾਂ, ਭੂਮਿਕਾ ਅਤੇ ਅੰਮਿ੍ਰਤਪਾਲ ਸਿੰਘ ਸ਼ੈਦਾ ਨਾਲ ਇਕ ਰੂਬਰੂ ਹੈ। ਇਹ ਵੀ ਹੈਰਾਨੀ ਅਤੇ ਖ਼ੁਸ਼ੀ ਵਾਲੀ ਗੱਲ ਹੈ ਕਿ ਸ਼ਾਇਰ ਦੀ ਇਕ-ਇਕ ਗ਼ਜ਼ਲ ਵਿਚ ਹੀ ਸਮਾਜਿਕ ਸਰੋਕਾਰਾਂ ਵਾਲੇ ਤਿੰਨ-ਤਿੰਨ ਵਿਸ਼ਿਆਂ ਨੂੰ ਲਿਆ ਗਿਆ ਹੈ। ਇਸ ਤੋਂ ਸ਼ਾਇਰ ਦੀ ਸਮਾਜ ਬਾਰੇ ਸੰਜੀਦਗੀ ਦਾਪਤਾ ਲਗਦਾ ਹੈ। ਉਨ੍ਹਾਂ ਦੀਆਂ ਗ਼ਜ਼ਲਾਂ ਕੋਟ ਕਰਨ ਲੰਗਿਆਂ ਮੁਸ਼ਕਲ ਪੈਦਾ ਹੋ ਜਾਂਦੀ ਹੈ ਕਿ ਕਿਹੜੇ ਸ਼ੇਅਰ ਨੂੰ ਕੋਟ ਕੀਤਾ ਜਾਵੇ ਤੇ ਕਿਹੜੇ ਨੂੰ ਛੱਡਿਆ ਜਾਵੇ ਭਾਵ ਉਨ੍ਹਾਂ ਦੇ ਸਾਰੇ ਦੇ ਸਾਰੇ ਸ਼ੇਅਰ ਹੀ ਬਾ ਕਮਾਲ ਹਨ। ਲਗਾਤਾਰ ਗ਼ਜ਼ਲਾਂ ਪੜ੍ਹਨੀਆਂ ਮੁਸ਼ਕਲ ਹੁੰਦੀਆਂ ਹਨ ਕਿਉਂਕਿ ਗ਼ਜ਼ਲਾਂ ਦੇ ਅਰਥ ਸਮਝਣ ਨੂੰ ਸਮਾਂ ਲੱਗਦਾ ਹੈ ਪ੍ਰੰਤੂ ਅੰਮਿ੍ਰਤਪਾਲ ਸਿੰਘ ਸ਼ੈਦਾ ਦੀਆਂ ਗ਼ਜ਼ਲਾਂ ਪੜ੍ਹਨ ਲੱਗਿਆਂ ਸਾਰਾ ਗ਼ਜ਼ਲ ਸੰਗ੍ਰਹਿ ਪੜ੍ਹ ਨੂ ਦਿਲ ਕਰਦਾ ਹੈ। ਭਾਵ ਸਾਰਾ ਗ਼ਜ਼ਲ ਸੰਗ੍ਰਹਿ ਹਿਕ ਵਾਰ ਹੀ ਪੜ੍ਹਿਆ ਜਾਂਦਾ ਹੈ। ਹਰ ਗ਼ਜ਼ਲ ਹੀ ਬਿਹਤਰੀਨ ਅਰਥ ਭਰਪੂਰ ਹੈ। ਹਰ ਸ਼ੇਅਰ ਕਿਸੇ ਮੰਤਵ ਦਾ ਪ੍ਰਤੀਕ ਹੈ। ਸ਼ਾਇਰ ਨੂੰ ਸਮਾਜ ਵਿਚ ਵਧ ਰਹੀ ਧਾਰਮਿਕ ਕੱਟੜਤਾ ਤੰਗ ਕਰ ਰਹੀ ਲੱਗਦੀ ਹੈ, ਜਿਸ ਕਰਕੇ ਉਹ ਧਾਰਮਿਕ ਕਿਰਦਾਰਾਂ ਬਾਰੇ ਲਿਖਦੇ ਹਨ ਕਿ ਧਾਰਮਿਕ ਕਟੜਤਾ ਦੀ ਜਿਹੜੀ ਅੱਗ ਅਗਰਬੱਤੀ ਦੀ ਤਰ੍ਹਾਂ ਸੁਲਘਦੀ ਹੋਈ ਮਹਿਕਾਂ ਖਿਲਾਰਦੀ ਆਪ ਖ਼ਤਮ ਹੋ ਜਾਂਦੀ ਹੈ, ਉਸੇ ਤਰ੍ਹਾਂ ਸਾਡੇ ਸਾਰੇ ਸਮਾਜ ਦੀ ਹੋਂਦ ਵੀ ਉਸੇ ਤਰ੍ਹਾਂ ਹੀ ਮਿਟਾ ਸਕਦੀ ਹੈ।

ਧੁਖਦੀ-ਧੁਖਦੀ ਨੇ ਹੀ ਹੋਂਦ ਅਪਣੀ ਮਿਟਾਈ ਸਾਰੀ,

ਜਿਸ ਅਗਰਬੱਤੀ ਨੇ ਮਹਿਕਾਇਆ ਹੈ ਮੰਦਰ ਸਾਰਾ।

ਰਾਜਨੀਤਕ ਲੋਕਾਂ ਦੇ ਕਿਰਦਾਰ ਬਾਰੇ ਵੀ ਚਿੰਤਤ ਹਨ ਇਸ ਲਈ ਉਹ ਲਿਖਦੇ ਹਨ ਕਿ ਸਿਆਸਤਦਾਨ ਦੇਸ਼ ਲਈ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਫ਼ੌਜੀਆਂ ਦੀਆਂ ਕੁਰਬਾਨੀਆਂ ਨੂੰ ਵੀ ਅਣਗੌਲਿਆਂ ਕਰਕੇ ਭਰਿਸ਼ਟਾਚਾਰ ਕਰਨ ਨੂੰ ਤਰਜ਼ੀਹ ਦੇ ਰਹੇ ਹਨ। ਸਿਆਸਤਦਾਨ ਆਪਣੀ ਕੌਮ ਦਾ ਧਿਆਨ ਨਹੀਂ ਰੱਖਦੇ, ਉਨ੍ਹਾਂ ਨੂੰ ਤਾਂ ਦੇਸ ਨਾਲੋਂ ਪੈਸਾ ਪਿਆਰਾ ਹੈ।

ਸਮੁੱਚੀ ਕੌਮ ਦੀ ਖ਼ਾਤਿਰ, ਸ਼ਹੀਦੀ ਵਾਸਤੇ ਜੇਕਰ

ਕਫ਼ਨ ਤੇ ਦਸਤਖ਼ਤ ਕਰਦਾ, ਜ਼ਮਾਨਾ ਯਾਦ ਵੀ ਰਖਦਾ।

ਭਰੂਣ ਹੱਤਿਆ ਦੀ ਸਮਾਜਿਕ ਬਿਮਾਰੀ ਘੁਣ ਦੀ ਤਰ੍ਹਾਂ ਸਮਾਜ ਨੂੰ ਖੋਖਲਾ ਕਰ ਰਹੀ ਹੈ। ਭਰੂਣ ਹੱਤਿਆ ਜੇਕਰ ਇਸੇ ਰਫ਼ਤਾਰ ਨਾਲ ਜਾਰੀ ਰਹੀ ਤਾਂ ਸਾਡੇ ਸਭਿਆਚਾਰ ਤੇ ਭੈੜਾ ਅਸਰ ਪਵੇਗਾ। ਵਿਆਹ ਸ਼ਾਦੀਆਂ ਦੀਆਂ ਰੰਗੀਨੀਆਂ ਖ਼ਤਮ ਹੋ ਜਾਣਗੀਆਂ। ਮਹਿਫ਼ਲਾਂ ਲੱਗਣੋਂ ਹਟ ਜਾਣਗੀਆਂ। ਇਸ ਬਿਮਾਰੀ ਦੇ ਦੂਰਗਾਮੀ ਨਿਕਲਣ ਵਾਲੇ ਨਤੀਜਿਆਂ ਬਾਰੇ ਉਹ ਆਗਾਹ ਕਰਦੇ ਲਿਖਦੇ ਹਨ-

ਕਤਲਗਾਹਾਂ ਜੇ ਨਾ ਕੁੱਖ਼ਾਂ ਨੂੰ ਬਣਨ ਤੋਂ ਥੰਮਿ੍ਹਆਂ,

ਵੇਖਣੋਂ ਧੀਆਂ ਤੇ ਭੈਣਾਂ ਨੂੰ ਤਰਸ ਨਾ ਜਾਵੀਂ।

ਜੇ ਕਤਲੇਆਮ ਨਾ ਕੁੱਖ਼ਾਂ ‘ਚੋਂ ਰੋਕਿਆ ਯਾਰੋ,

ਸੁਹਾਗ ਗਾਏਗਾ ਫਿਰ ਕੌਣ ਆਪਣੇ ਵੀਰਾਂ ਦੇ।

ਸ਼ਾਇਰ ਸਮਾਜਿਕ ਬਿਮਾਰੀਆਂ ਬਾਰੇ ਬਹੁਤ ਹੀ ਸੰਜੀਦਾ ਅਤੇ ਚਿੰਤਤ ਲੱਗਦਾ ਹੈ। ਸਮਾਜ ਵਿਚ ਝੂਠ, ਫ਼ਰੇਬ, ਦਗ਼ਾ ਅਤੇ ਹੇਰਾ ਫੇਰੀ ਭਾਰੂ ਹੋ ਗਈ ਹੈ, ਜਿਸ ਕਰਕੇ ਸਮਾਜਿਕ ਖੋਖਲਾਪਣ ਪੈਦਾ ਹੋ ਗਿਆ ਹੈ। ਸੱਚ ਬੋਲਣ ਦਾ ਲੋਕ ਹੀਆ ਹੀ ਨਹੀਂ ਕਰ ਰਹੇ ਜਾਂ ਜਾਣ ਬੁਝਕੇ ਸੱਚ ਨੂੰ ਦਬਾ ਰਹੇ ਹਨ। ਜੇਕਰ ਸੱਚ ਤੇ ਪਹਿਰਾ ਨਾ ਦਿੱਤਾ ਗਿਅ ਤਾਂ ਸਮਾਜ ਵਿਚ ਉਥਲ ਪੁਥਲ ਹੋ ਜਾਵੇ। ਇਸ ਬਾਰੇ ਉਹ ਲਿਖਦੇ ਹਨ-

ਅਸੀਂ ਦੇਵਾਂਗੇ ਪਹਿਰਾ, ਫ਼ਸਲ ਅੰਗਿਆਰਾਂ ਦੀ ਪੱਕਣ ਤੱਕ,

ਤੂੰ ਚਿੰਗਾਰੀ ਕੋਈ ਸੱਚ ਦੀ ਦਬਾ ਜਾਵੀਂ ਹਵਾਵਾਂ ਵਿਚ।

ਸਮਾਜਿਕ ਬੁਰਾਈਆਂ ਵਿਚ ਵਾਧਾ ਹੋਣ ਨਾਲ ਇਨਸਾਨ ਵਿਚ ਹੈਵਾਨੀਅਤ ਵਾਲੇ ਗੁਣ ਪੈਦਾ ਹੋ ਰਹੇ ਹਨ। ਲੋਕਾਂ ਵਿਚ ਨੇਕ ਨੀਤੀ ਦੀ ਪ੍ਰਵਿਰਤੀ ਪਰ ਲਾ ਕੇ ਉਡ ਗਈ ਹੈ। ਲੋਕ ਜ਼ਮੀਰ ਦੀ ਅਵਾਜ਼ ਸੁਣਨ ਤੋਂ ਆਕੀ ਹੋ ਗਏ ਹਨ। ਜਿਹੜੇ ਲੋਕਾਂ ਦੀ ਜ਼ਮੀਰ ਹੀ ਮਰ ਗਈ ਹੈ, ਉਹ ਨਿਗਰ ਸਮਾਜ ਨਹੀਂ ਸਿਰਜ ਸਕਦੇ। ਅਜਿਹੇ ਲੋਕਾਂ ਬਾਰੇ ਸ਼ਾਇਰ ਲਿਖਦੇ ਹਨ-

ਜ਼ਮੀਰੋਂ ਸੱਖ਼ਣੇ ਕਲਬੂਤ ਦਾ ਕੀ ਮਾਣ ਕਰਨਾ ਹੈ,

ਬਿਖ਼ਰਦਾ ਜਾ ਰਿਹਾ ਹੈ ਰਾਤ-ਦਿਨ ਸਾਹਾਂ ਦਾ ਸ਼ੀਰਾਜ਼ਾ।

ਅੰਮਿ੍ਰਤਪਾਲ ਸਿੰਘ ਸ਼ੈਦਾ ਦੀਆਂ ਗ਼ਜ਼ਲਾਂ ਦੇ ਕੁਝ ਸ਼ੇਅਰ ਦੇ ਰਿਹਾ ਹਾਂ ਜੋ ਸ਼ਹਿਰ ਦੀ ਸਮਾਜ ਬਾਰੇ ਪ੍ਰਤੀਨਿਧਤਾ ਦਾ ਸਬੂਤ ਦੇ ਰਹੇ ਹਨ-

ਫ਼ਾਈਲਾਂ ਹੀ ਫ਼ਾਈਲਾਂ ਦੇ ਢੇਰ ਨੇ ਹਰ ਮੇਜ਼ ੳੁੱਤੇ,

ਦਰਦ ਦਾ ਭਰਪੂਰ ਦਫ਼ਤਰ ਫਿਰ ਵੀ ਬੇਕਸ ਹੈ ਮਿਰਾ ਦਿਲ।

ਅਸਾਡੇ ਸੀਨੇ ‘ਚ ਖ਼ੰਜ਼ਰ ਉਤਾਰ ਸੌ ਵਾਰੀ,

ਨਿਸ਼ਾਨੇ ਲਾਇਆ ਨ ਕਰ ਸ਼ੈਦਾ ਸ਼ਬਦ-ਤੀਰਾਂ ਦੇ।

ਇਕੋ ਜੈਸੇ ਅੰਗਾਂ ਦਾ ਕਲਬੂਤ ਹੈ ਭਾਵੇਂ ਹਰ ਮਾਨਵ,

ਜ਼ਾਤਾਂ-ਪਾਤਾਂ ਦੇ ਨਰਕਾਂ ਵਿੱਚ ਪਰ ਮਾਨਵ ਨੇ ਰੋਲੀ ਦਾਤ।

ਸਾਉਣ ਨੂੰ ਪੀੜਾਂ ਦੀ ਬਦਲੀ ਨੇ ਝੜੀ ਕੀ ਲਾਈ,

ਰੂਹ ਦੀ ਪੈਲੀ ‘ਚ ਫਿਰ ਜ਼ਖ਼ਮ ਹਰੇ ਹੋਏ।

ਖ਼ੁਸ਼ਬੂ-ਖ਼ੁਸ਼ਬੂ ਸੁਰਖ਼ ਗੁਲਾਬਾਂ ਦੇ ਚੁਗਿਰਦੇ ਅੱਖੀਆਂ ਨੇ,

ਆਪਣੀ ਹੋਂਦ ਜਤਾਂਦੇ ਤਿੱਖੇ-ਮੂੰਹੀਂ ਖ਼ਾਰ ਵੀ ਦੇਖੇ ਨੇ।

ਕੁਲ੍ਹਾੜਿਆਂ ਨੂੰ ਕਦੀ ਕੀ ਤਿਰਾ ਡਰ ਨਾ ਆਇਆ।

ਦਰੱਖ਼ਤ ਬਾਹਾਂ ਉਲਾਰੀ ਗਗਨ ਤੋਂ ਪੁਛਦੇ ਨੇ,

ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਸ਼ਇਰ ਦੀ ਪ੍ਰਬੀਨਤਾ ਸਮਾਜਿਕ ਸਰੋਕਾਰਾਂ ਬਾਰੇ ਇਤਨੀ ਮਹੀਨ ਹੈ ਕਿ ਇਕ ਦਿਨ ਸ਼ੈਦਾ ਨਾਮੀ ਗ਼ਜ਼ਲਗ਼ੋ ਬਣਕੇ ਸਾਹਮਣੇ ਆਵੇਗਾ। ਸ਼ਾਲਾ ਉਨ੍ਹਾਂ ਦੇ ਹੋਰ ਬਿਹਤਰੀਨ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਤ ਹੋਣ ਤਾਂ ਜੋ ਪਾਠਕ ਉਨ੍ਹਾਂ ਦੀਆਂ ਗ਼ਜ਼ਲਾਂ ਦਾ ਆਨੰਦ ਮਾਣ ਸਕਣ।

(ਸਾਬਕਾ ਜਿਲ੍ਹਾ ਲੋਕ ਸੰਪਕ ਅਧਿਕਾਰੀ)