ਭਾਰਤ ਅਤੇ ਆਸਟ੍ਰੇਲੀਆ ਦਰਮਿਆਨ 15 ਮਈ ਤੋਂ ਸ਼ੁਰੂ ਹੋਣ ਗੀਆਂ ਦੇਸ਼ ਵਾਪਸੀ ਲਈ ਫਲਾਈਟਾਂ -ਪ੍ਰਧਾਨ ਮੰਤਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨੈਸ਼ਨਲ ਸਕਿਉਰਿਟੀ ਕਮੇਟੀ ਨੇ ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਬੰਦ ਕੀਤੀਆਂ ਹੋਈਆਂ ਫਲਾਈਟਾਂ ਨੂੰ ਮੁੜ ਤੋਂ 15 ਮਈ ਤੋਂ ਚਾਲੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਹੁਣ ਭਾਰਤ ਅੰਦਰ ਫਸੇ ਹੋਏ ਆਸਟ੍ਰੇਲੀਆਈ ਨਾਗਰਿਕ ਆਪਣੇ ਘਰਾਂ ਨੂੰ ਪਰਤ ਸਕਣਗੇ ਅਤੇ ਸਰਕਾਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਹੁਣ ਪਹਿਲਾਂ ਤੋਂ ਲਗਾਈ ਗਈ ਪੂਰਨ ਪਾਬੰਧੀ ਨੂੰ ਹੋਰ ਨਹੀਂ ਵਧਾਉਣਗੇ।
ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਇਸ ਬਾਬਤ ਜਾਣਕਾਰੀ ਜਾਰੀ ਕਰਦਿਆਂ ਕਿਹਾ ਕਿ ਪਹਿਲੀ ਫਲਾਈਟ ਰਾਹੀਂ ਸਿਰਫ 200 ਯਾਤਰੀ ਹੀ ਆਸਟ੍ਰੇਲੀਆ ਪਰਤਣਗੇ ਅਤੇ਀ਿ ੲਹ ਫਲਾਈਟ ਡਾਰਵਿਨ ਵਿਖੇ ਲੈਂਡ ਕਰੇਗੀ ਅਤੇ ਉਥੇ ਹੋਵਾਰਡ ਸਪ੍ਰਿੰਗਜ਼ ਵਿਖੇ ਸਾਰਿਆਂ ਨੂੰ ਹੀ ਕੁਆਰਨਟੀਨ ਕੀਤਾ ਜਾਵੇਗਾ। ਯਾਤਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਜਹਾਜ਼ ਉਪਰ ਚੜ੍ਹਨ ਤੋਂ ਪਹਿਲਾਂ ਆਪਣੀ ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ ਲੈ ਕੇ ਹੀ ਚੜ੍ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਹੀਨੇ ਦੇ ਅੰਦਰ ਅੰਦਰ ਘੱਟੋ ਘੱਟ 3 ਫਲਾਈਟਾਂ ਭਾਰਤ ਤੋਂ ਆਸਟ੍ਰੇਲੀਆ ਲਿਆਉਣ ਦੀਆਂ ਕਵਾਇਦਾਂ ਚੱਲ ਰਹੀਆਂ ਹਨ। ਅਤੇ ਪਹਿਲੀਆਂ ਫਲਾਈਟਾਂ ਦੌਰਾਨ ਭਾਰਤ ਵਿੱਚ ਅਜਿਹੇ ਯਾਤਰੀਆਂ ਨੂੰ ਪਹਿਲ ਦਿੱਤੀ ਜਾਵੇਗੀ ਜੋ ਕਿ ਜ਼ਿਆਦਾ ਜੋਖਮ ਘੇਰੇ ਵਿੱਚ ਆਉਂਦੇ ਹਨ।
ਜ਼ਿਕਰਯੋਗ ਹੈ ਕਿ ਭਾਰਤ ਵਿੱਚਲੇ ਕਰੋਨਾ ਕਾਰਨ ਵਿਗੜੇ ਹਾਲਾਤਾਂ ਕਾਰਨ ਮੋਰੀਸਨ ਸਰਕਾਰ ਵੱਲੋਂ ਭਾਰਤ ਨੂੰ ਰੈਡ ਜ਼ੋਨ ਵਿੱਚ ਕਰ ਦਿੱਤਾ ਗਿਆ ਸੀ ਅਤੇ ਸਾਰੀਆਂ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸਨ ਅਤੇ ਹਾਲੇ ਵੀ 9,000 ਦੇ ਕਰੀਬ ਆਸਟ੍ਰੇਲੀਆਈ ਲੋਕ ਭਾਰਤ ਅੰਦਰ ਫਸੇ ਹਨ ਅਤੇ ਇਨ੍ਹਾਂ ਵਿੱਚੋਂ 900 ਤਾਂ ਅਜਿਹੇ ਹਨ ਜਿਹੜੇ ਕਿ ਜ਼ਿਆਦਾ ਜੋਖਮ ਅਧੀਨ ਆਉਂਦੇ ਹਨ।