ਹਾਈਬਰਿੱਡ ਝੋਨੇ ਦਾ ਬੀਜ ਨਾਂ ਵੇਚਣ ਸਬੰਧੀ ਖੇਤੀਬਾੜੀ ਅਫਸਰ ਵਲੋਂ ਕੱਢੀ ਗਿੱਦੜ ਚਿੱਠੀ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਲਿਆ ਸਖਤ ਸਟੈਂਡ

(ਮੁੱਖ ਖੇਤੀਬਾੜੀ ਅਫਸਰ ਵਲੋਂ ਬਲਾਕ ਖੇਤੀਬਾੜੀ ਅਫਸਰਾਂ ਨੂੰ ਹਾਈਬਰਿੱਡ ਝੋਨੇ ਦਾ ਬੀਜ ਵਿਕਣ ਤੋਂ ਰੋਕਣ ਸਬੰਧੀ ਕੱਢਿਆ ਪੱਤਰ)

ਸਾਦਿਕ -ਬੀਤੇ ਦਿਨ ਸ਼ੋਸ਼ਲ ਮੀਡੀਆ ਤੇ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਵਲੋਂ ਦਲਾਲੀ ਕਰਦਿਆਂ ਡੀਲਰਾਂ ਦੇ ਝੋਨੇ ਦੇ ਘਟੀਆ ਬੀਜਾਂ ਦੀ ਜਬਰਨ ਵਿਕਰੀ ਕਰਵਾਉਣ ਲਈ ਇਕ ਨਿੱਜੀ ਗਿੱਦੜ ਚਿੱਠੀ ਆਪਣੇ ਬਲਾਕ ਵਿਕਾਸ ਅਫਸਰਾਂ ਦੇ ਨਾਂ ਕੱਢੀ ਗਈ ਹੈ। ਜਿਸ ਵਿਚ ਲਿਖਿਆ ਗਿਆ ਹੈ ਕਿ ਸਾਉਣੀ 2021 ਦੌਰਾਨ ਜਿਲ੍ਹੇ ਵਿਚ ਹਾਈਬਰਿੱਡ ਝੋਨੇ ਦੀ ਵਿਕਰੀ ਬੰਦ ਕੀਤੀ ਜਾਵੇ । ਬਲਾਕ ਅਧੀਨ ਕੋਈ ਵੀ ਦੁਕਾਨਦਾਰ ਕਿਸਾਨਾਂ ਨੂੰ ਇਹਦਾ ਬੀਜ ਨਾਂ ਵੇਚੇ। ਜੇ ਕਿਸੇ ਦੁਕਾਨਦਾਰ ਕੋਲ ਇਹ ਬੀਜ ਫੜਿਆ ਗਿਆ ਤਾਂ ਸਬੰਧਤ ਬਲਾਕ ਖੇਤੀਬਾੜੀ ਅਫਸਰ ਜਿਮੇਂਵਾਰ ਹੋਵੇਗਾ ਤੇ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਚਿੱਠੀ ਪੜ੍ਹਦਿਆਂ ਹੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਸ: ਸਿਮਰਜੀਤ ਸਿੰਘ ਬਰਾੜ ਸੂਬਾ ਮੀਤ ਪ੍ਰਧਾਨ ਅਤੇ ਸ਼ਮਸ਼ੇਰ ਸਿੰਘ ਕਿੰਗਰਾ ਸਕੱਤਰ ਜਨਰਲ ਜਿਲ੍ਹਾ ਫਰੀਦਕੋਟ ਬੀ ਕੇ ਯੂ ਲੱਖੋਵਾਲ ਅਤੇ ਬਖਤੌਰ ਸਿੰਘ ਢਿੱਲੋਂ ਜਿਲ੍ਹਾ ਪ੍ਰੈਸ ਸਕੱਤਰ ਬੀ ਕੇ ਯੂ ਏਕਤਾ ਸਿੱਧੂਪੁਰ ਨੇ ਖੇਤੀਬਾੜੀ ਅਫਸਰ ਦੀ ਆਪੂੰ ਜਾਰੀ ਕੀਤੀ ਇਸ ਗਿੱਦੜਪਰਚੀ ਤੇ ਸਖਤ ਸਟੈਂਡ ਲੈਂਦਿਆਂ ਆਖਿਆ ਕਿ ਅਸੀਂ ਪਹਿਲਾਂ ਹੀ ਬਹੁਤ ਦੁਖੀ ਹਾਂ ਤੇ ਖੇਤੀਬਾੜੀ ਅਧਿਕਾਰੀ ਇਹੋ ਜਿਹੀਆਂ ਗੱਲਾਂ ਕਰਕੇ ਸਾਡੀ ਦੁਖਦੀ ਰਗ ਨਾਂ ਛੇੜੇ। ਇਹ ਸਾਡੀ ਮਰਜ਼ੀ ਐ ਕਿ ਅਸੀਂ ਕਿਹੜਾ ਝੋਨਾਂ ਲਾਉਣਾ। ਹਾਈਬਰਿੱਡ ਝੋਨੇ ਨੇ ਤਾਂ ਮਾੜੇ ਪਾਣੀ ਵਾਲੇ ਇਲਾਕਿਆਂ ਨੂੰ ਰੋਟੀ ਪਾਇਆ। ਅੱਧੀ ਖਾਦ, ਅੱਧੀ ਸਪਰੇਅ ਅਤੇ 4 ਨੰਬਰ ਮਾੜੇ ਪਾਣੀ ਵਿੱਚ 80-90 ਮਣ ਝਾੜ ਦੇਣ ਵਾਲੀ ਕਿਸਮ ਨੇ ਸਾਦਿਕ ਇਲਾਕੇ ਦੇ ਕਿਸਾਨਾਂ ਨੂੰ ਰੋਟੀ ਖਾਣ ਜੋਗੇ ਕੀਤਾ। ਖੇਤੀਬਾੜੀ ਅਧਿਕਾਰੀ ਸਾਨੂੰ ਵਿਖਾਵੇ ਕਿ ਕੀਹਦੇ ਹੁਕਮਾਂ ਨਾਲ ਉਹ ਇਸ ਝੋਨੇ ਦੇ ਬੀਜ ਨੂੰ ਵੇਚਣ ਤੋਂ ਅੜਿੱਕੇ ਡਾਹ ਰਿਹਾ ਹੈ। ਕੀ ਹਾਈਬਰਿੱਡ ਝੋਨੇ ਨੂੰ ਕੰਡੇ ਲੱਗੇ ਐ ਜਿਹੜੇ ਖਾਣ ਵੇਲੇ ਲੋਕਾਂ ਦੇ ਗਲ ਚ ਫਸਦੇ ਐ। ਖੇਤੀਬਾੜੀ ਅਫਸਰ ਇਹ ਗੱਲ ਸਾਫ ਕਰੇ। ਹਰ ਕਿਸਮ ਦੀਆਂ ਫਸਲਾਂ ਦੇ ਹਾਈਬਰਿੱਡ ਬੀਜ ਆ ਚੁੱਕੇ ਐ ਅਤੇ ਵਿਕ ਰਹੇ ਐ। ਇਕੱਲੇ ਝੋਨੇ ਦੇ ਬੀਜ ਦੀ ਤਕਲੀਫ ਕਿਉਂ। ਕਿਉਂ ਕਿ ਇਸਨੇ ਕਿਸਾਨਾਂ ਨੂੰ ਘੱਟ ਖਰਚ ਤੇ ਚੰਗਾ ਮੁਨਾਫਾ ਦਿੱਤਾ ਜੋ ਅਫਸਰਸ਼ਾਹੀ ਨੂੰ ਮਨਜ਼ੂਰ ਨਹੀਂ। ਅਸੀਂ ਹਾਈਬਰਿੱਡ ਹੀ ਬੀਜਾਂਗੇ ਅਤੇ ਦੁਕਾਨਦਾਰਾਂ ਦੇ ਹੱਕ ਚ ਖੜ੍ਹਕੇ ਵਿਕਵਾਂਗੇ। ਜੇ ਖੇਤੀਬਾੜੀ ਅਧਿਕਾਰੀ ਨੇ ਆਪਣੀ ਗਿੱਦੜਚਿੱਠੀ ਵਾਪਸ ਨਾਂ ਲਈ ਤਾਂ ਇਸ ਅਧਿਕਾਰੀ ਦੇ ਦਫਤਰ ਦਾ ਕਿਸਾਨ ਮੋਰਚੇ ਵਲੋਂ ਘਿਰਾਓ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਖੇਤੀਬਾੜੀ ਵਿਭਾਗ ਨੂੰ ਸਰਕਾਰ ਬੰਦ ਹੀ ਕਰ ਦੇਵੇ। ਇਹ ਚਿੱਟਾਂ ਹਾਥੀ ਕਿਸਾਨਾਂ ਲਈ ਕੁੱਝ ਨਹੀਂ ਕਰਦਾ ਉਲਟਾ ਕਿਸਾਨਾਂ ਦੀ ਲੁੱਟ ਕਰਵਾਉਂਦਾ ਹੈ, ਅਤੇ ਸਬਸਿਡੀਆਂ ਖਾਂਦਾ ਹੈ। ਇਕ ਵੀ ਚੱਜ ਦਾ ਬੀਜ ਇਨ੍ਹਾਂ ਵਲੋਂ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ। ਅਸੀਂ ਪੰਜਾਬ ਦੇ ਕਿਸਾਨ ਕਣਕ , ਝੋਨੇ, ਬਾਸਮਤੀ 1121 ਅਤੇ ਹੋਰ ਸਾਰੀਆਂ ਫਸਲਾਂ ਦੇ ਹਰਿਆਣਾ ਦੇ ਬੀਜ ਬੀਜਦੇ ਹਾਂ। ਹਾਈਬਰਿੱਡ ਵੀ ਹਰਿਆਣਾ ਦਾ ਹੈ ਅਤੇ ਉੱਥੇ ਇਸਤੇ ਕੋਈ ਰੋਕ ਟੋਕ ਨਹੀਂ। ਅਸੀਂ ਤਾਂ ਉਨ੍ਹਾਂ ਵਿਗਿਆਨੀਆਂ ਦੇ ਪੈਰ ਪੂਜਦੇ ਹਾਂ ਜਿਨ੍ਹਾਂ ਨੇ ਹਾਈਬਰਿੱਡ ਕਿਸਮ ਈਜਾਦ ਕਰਕੇ ਕਿਸਾਨਾਂ ਨੂੰ ਪੈਰਾਂ ਸਿਰ ਕੀਤਾ ਹੈ ਅਤੇ ਭ੍ਰਿਸ਼ਟ ਅਫਸਰਸ਼ਾਹੀ ਇਹ ਬੀਜ ਵੇਚਣ ਤੋਂ ਰੋਕਣ ਦੀਆਂ ਗੱਲਾਂ ਕਰਦੀ ਹੈ। ਜੋ ਸਾਨੂੰ ਕਦੇ ਵੀ ਮਨਜ਼ੂਰ ਨਹੀਂ।