ਪੰਜਾਬ ਅੰਦਰ ਕੋਰੋਨਾ ਵੈਕਸੀਨ ਦੀ ਘਾਟ ਨੂੰ ਲੈ ਕੇ ਐਮ.ਪੀ ਤਿਵਾੜੀ ਨੇ ਕੇਂਦਰੀ ਸਿਹਤ ਮੰਤਰੀ ਨੂੰ ਲਿਖੀ ਚਿੱਠੀ

ਨਿਊਯਾਰਕ/ਰੋਪੜ —ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕੇਂਦਰੀ ਸਿਹਤ ਮੰਤਰੀ ਡਾ ਹਰਸ਼ਵਰਧਨ ਨੂੰ ਚਿੱਠੀ ਲਿਖ ਕੇ ਪੰਜਾਬ ਅੰਦਰ ਕੋਰੋਨਾ ਵੈਕਸੀਨ ਦੀ ਘਾਟ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਇਹ ਚਿੱਠੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੀ ਰਾਤ ਕੀਤੇ ਗਏ ਟਵੀਟ ਚ ਸਬੰਧਤ ਲਿਖੀ ਹੈ, ਜਿਸ ਚ ਸੀ.ਐਮ ਨੇ ਸੂਬੇ ਅੰਦਰ ਕੋਰੋਨਾ ਵੈਕਸੀਨ ਦੀ ਭਾਰੀ ਘਾਟ ਦੀ ਗੱਲ ਆਖੀ ਸੀ।ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਵੱਲੋਂ ਆਪਣੇ ਟਵੀਟ ਚ ਜ਼ਿਕਰ ਕੀਤਾ ਗਿਆ ਸੀ ਕਿ ਸੂਬੇ ਕੋਲ ਕਰੀਬ 50 ਹਜਾਰ ਵੈਕਸੀਨ ਦਾ ਸਟਾਕ ਪਿਆ ਹੈ। ਸੂਬੇ ਨੂੰ ਇੱਕ ਮਈ ਤੋਂ ਲੈ ਕੇ 15 ਮਈ ਤੱਕ ਕੇਂਦਰ ਸਰਕਾਰ ਪਾਸੋਂ ਸਿਰਫ਼ 6 ਲੱਖ ਡੋਜ਼ ਮਿਲੀ ਹੈ, ਜਿਸਦਾ ਮਤਲਬ 40 ਹਜ਼ਾਰ ਪ੍ਰਤੀ ਦਿਨ ਹੈ। ਸੀਐਮ ਨੇ ਸੂਬੇ ਅੰਦਰ ਵੱਡੀ ਗਿਣਤੀ ਸਾਹਮਣੇ ਆ ਰਹੇ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰੀ ਨੂੰ ਪੰਜਾਬ ਦਾ ਕੋਟਾ ਵਧਾਉਣ ਦੀ ਅਪੀਲ ਕੀਤੀ ਹੈ।ਐਮ.ਪੀ ਤਿਵਾੜੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਪੰਜਾਬ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਦੇਸ਼ ਦੇ ਦੂਜੇ ਹਿੱਸਿਆਂ ਵਿੱਚੋਂ ਇੱਕ ਹੈ ਅਤੇ ਅਜਿਹੇ ਹਾਲਾਤਾਂ ਚ ਤੇਜ਼ੀ ਨਾਲ ਵੈਕਸੀਨੇਸ਼ਨ ਦੀ ਲੋਡ਼ ਹੈ। ਐਮ.ਪੀ ਨੇ ਪਬਲਿਕ ਇਨਫਰਮੇਸ਼ਨ ਬਿਊਰੋ ਵੱਲੋਂ 4 ਮਈ ਨੂੰ ਜਾਰੀ ਇਕ ਪ੍ਰੈੱਸ ਨੋਟ ਦਾ ਜ਼ਿਕਰ ਕੀਤਾ ਹੈ, ਜਿਹੜਾ ਕੋਰੋਨਾ ਦੇ ਟੀਕਿਆਂ ਦੀ ਵੰਡ ਚ ਪੱਖਪਾਤ ਦਾ ਖੁਲਾਸਾ ਕਰਦਾ ਹੈ। ਜਿਸਨੂੰ ਲੈ ਕੇ 18 ਤੋਂ 43 ਸਾਲ ਦੀ ਉਮਰ ਵਰਗ ਦਾ ਉਦਾਹਰਨ ਲਈਏ, ਤਾਂ ਗੁਜਰਾਤ ਚ 1.61 ਲੱਖ ਲੋਕਾਂ ਨੂੰ ਵੈਕਸੀਨੇਸ਼ਨ ਲੱਗੀ ਹੈ। ਜਦਕਿ ਇਸਦੇ ਉਲਟ ਪੰਜਾਬ ਚ ਸਿਰਫ 908 ਲੋਕਾਂ ਨੂੰ ਇੱਕ ਕੋਰੋਨਾ ਦਾ ਟੀਕਾ ਲੱਗ ਸਕਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਮੱਸਿਆ ਲੋਕਾਂ ਚ ਲਾਪ੍ਰਵਾਹੀ ਦਾ ਨਤੀਜਾ ਨਹੀਂ ਹੈ, ਸਗੋਂ ਟੀਕਿਆਂ ਦੀ ਘਾਟ ਦਾ ਸਿੱਟਾ ਹੈ। ਜਿਸ ਤੇ ਉਨ੍ਹਾਂ ਕੇਂਦਰੀ ਮੰਤਰੀ ਨੂੰ ਪੱਖਪਾਤ ਛੱਡ ਕੇ ਪੰਜਾਬ ਨੂੰ ਵੈਕਸੀਨ ਚ ਉਸਦਾ ਉਚਿਤ ਹਿੱਸਾ ਜਲਦੀ ਤੋਂ ਜਲਦੀ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।