ਸਰਕਾਰਾਂ ਦੀ ਬੱਜਰ ਅਣਗਹਿਲੀ ਕਾਰਨ ਫੈਲੀ ਕੋਰੋਨਾ ਮਹਾਂਮਾਰੀ

ਲਾਕਡਾਊਨ ਬੀਮਾਰੀ ਦਾ ਇਲਾਜ ਜਾਂ ਹੱਲ ਨਹੀਂ ਕਾ: ਸੇਖੋਂ

ਬਠਿੰਡਾ -ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਬੱਜਰ ਅਣਗਹਿਲੀ ਸਦਕਾ ਨਿੱਤ ਦਿਨ ਹੋ ਰਹੀਆਂ ਹਜ਼ਾਰਾਂ ਮੌਤਾਂ ਤੇ ਤਿੰਨ ਲੱਖ ਤੋਂ ਟੱਪ ਰਹੀ ਰੋਜਾਨਾ ਕਰੋਨਾ ਪੀੜ੍ਹਤਾਂ ਦੀ ਗਿਣਤੀ ਨਾਲ ਪੈਦਾ ਹੋਈ ਅਤੀ ਗੰਭੀਰ ਸਥਿਤੀ ਪੈਦਾ ਕਰ ਦਿੱਤੀ ਹੈ। ਇਸ ਕਾਰਨ ਸਮਸਾਨਘਾਟਾਂ ਵਿੱਚ ਸਸਕਾਰ ਕਰਨ ਲਈ ਹੋ ਰਹੀ ਥਾਂ ਦੀ ਘਾਟ ਅਤੇ ਅਸਥੀਆਂ ਜਲ ਪ੍ਰਵਾਹ ਕਰਨ ਲਈ ਲੱਗੀਆਂ ਲਾਈਨਾਂ ਨੇ ਭਾਰਤ ਵਾਸੀਆਂ ਦੇ ਹਿਰਦੇ ਵੰਲੂਧਰ ਕੇ ਰੱਖ ਦਿੱਤੇ ਹਨ। ਪ੍ਰਧਾਨ ਮੰਤਰੀ ਨੂੰ ਵਿਗਿਆਨੀਆਂ ਵੱਲੋਂ ਕਰੀਬ ਇੱਕ ਸਾਲ ਪਹਿਲਾਂ ਜਾਗਰੂਕ ਕਰਨ ਦੇ ਬਾਵਜੂਦ ਕੋਈ ਠੋਸ ਪ੍ਰਬੰਧ ਨਾ ਕਰਨੇ ਅਤੇ ਰਾਜਾਂ ਦੀਆਂ ਚੋਣਾਂ ਲਈ ਰੈਲੀਆਂ ਕਰਨ ਦੀ ਖੁਲ੍ਹ ਦੇਣੀ ਕੇਂਦਰ ਦੀ ਬੱਜਰ ਗਲਤੀ ਹੈ। ਇਸ ਮਾਮਲੇ ਦੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਦੇ ਸੁਬਾਈ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਹੁਣ ਲਾਕਡਾਊਨ ਵਰਗੀਆਂ ਪਾਬੰਦੀਆਂ ਲਾ ਕੇ ਲੋਕਾਂ ਦਾ ਧਿਆਨ ਪਾਸੇ ਕਰਨਾ ਚਾਹੁੰਦੀਆਂ ਹਨ। ਾਂ
ਪਿਛਲੇ ਸਾਲ ਕੋਰੋਨਾ ਨਾਲ ਹੋਏ ਜਾਨੀ ਮਾਲੀ ਭਾਰੀ ਨੁਕਸਾਨ ਉਪਰੰਤ ਵਿਗਿਆਨੀਆਂ ਖੋਜੀਆਂ ਨੇ ਲੰਬੀ ਖੋਜ ਉਪਰੰਤ ਪ੍ਰਧਾਨ ਮੰਤਰੀ ਨੂੰ ਦੇਸ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦੇ ਦਿੱਤੀ ਸੀ, ਪਰ ਕੇਂਦਰ ਸਰਕਾਰ ਵੱਲੋਂ ਠੋਸ ਉਪਰਾਲੇ ਨਹੀਂ ਕੀਤੇ। ਪ੍ਰਧਾਨ ਮੰਤਰੀ ਤੇ ਉਸਦੀ ਕੈਬਨਿਟ ਇਸ ਭਿਆਨਕ ਮਹਾਂਮਾਰੀ ਤੋਂ ਅੱਖਾਂ ਮੀਚ ਕੇ ਪੰਜ ਰਾਜਾਂ ਦੀ ਸਤ੍ਹਾ ਹਥਿਆਉਣ ਤੇ ਹੀ ਲੱਗੀ ਰਹੀ। ਸਿਆਸੀ ਰੈਲੀਆਂ ਕਰਨ ਦੀ ਖੁਲ੍ਹ ਦੇ ਦਿੱਤੀ ਗਈ, ਜਿਸਨੇ ਇਸ ਬੀਮਾਰੀ ਨੂੰ ਵੱਡੇ ਪੱਧਰ ਤੇ ਫੈਲਾ ਦਿੱਤਾ। ਇਸਤੋਂ ਇਲਾਵਾ ਰਹਿੰਦੀ ਕਸਰ ਕੁੰਭ ਦੇ ਮੇਲੇ ਨੇ ਕੱਢ ਦਿੱਤੀ। ਅੱਜ ਕੋਰੋਨਾ ਬੀਮਾਰੀ ਇਸ ਹੱਦ ਤੱਕ ਭਿਆਨਕ ਹੋ ਗਈ ਹੈ ਕਿ ਰੋਜਾਨਾ ਹਜ਼ਾਰਾਂ ਦੀ ਤਾਦਾਦ ਵਿੱਚ ਮੌਤਾਂ ਹੋ ਰਹੀਆਂ ਹਨ ਅਤੇ ਤਿੰਨ ਲੱਖ ਤੋਂ ਉੱਪਰ ਨਵੇਂ ਕੋਰੋਨਾ ਪੀੜ੍ਹਤ ਮਰੀਜ ਸਾਹਮਣੇ ਆ ਰਹੇ ਹਨ। ਹਾਲਤ ਇਸ ਕਦਰ ਗੰਭੀਰ ਹੋ ਗਈ ਹੈ ਕਿ ਸਮਸਾਨ ਘਾਟਾਂ ਵਿੱਚ ਸਸਕਾਰ ਕਰਨ ਲਈ ਥਾਂ ਦੀ ਘਾਟ ਹੋ ਰਹੀ ਹੈ ਅਤੇ ਅਸਥੀਆਂ ਜਲ ਪ੍ਰਵਾਹ ਕਰਨ ਲਈ ਮ੍ਰਿਤਕਾਂ ਦੇ ਵਾਰਸਾਂ ਦੀਆਂ ਲਾਈਨਾਂ ਲਗਾਈਆਂ ਜਾ ਰਹੀਆਂ ਹਨ।
ਪ੍ਰਧਾਨ ਮੰਤਰੀ ਆਪਣੇ ਦੇਸ਼ ‘ਚ ਤਿਆਰ ਹੋਈ ਵੈਕੋਸੀਨ ਨੂੰ ਹੋਰ ਦੇਸਾਂ ਲਈ ਸਪਲਾਈ ਕਰਨ ਦੇ ਬਿਆਨ ਦਾਗ ਕੇ ਆਪਣੀ ਆਭਾ ਚਮਕਾਉਣ ਤੇ ਲੱਗਾ ਰਿਹਾ, ਪਰ ਅੱਜ ਭਾਰਤ ਵਿੱਚ ਹੀ ਵੈਕਸੀਨ ਦੀ ਕਮੀ ਆ ਗਈ ਹੈ। ਮੌਤ ਦੇ ਨਾਲ ਲੜ ਰਹੇ ਮਰੀਜਾਂ ਨੂੰ ਸਾਹ ਦਿਵਾਉਣ ਲਈ ਆਕਸੀਜਨ ਨਹੀਂ ਮਿਲ ਰਹੀ। ਹੁਣ ਕਈ ਦੇਸਾਂ ਨੇ ਦਵਾਈਆਂ ਅਤੇ ਆਕਸੀਜਨ ਭਾਰਤ ਨੂੰ ਭੇਜੀ ਜਿਸ ਨਾਲ ਕੁੱਝ ਰਾਹਤ ਮਿਲੀ ਹੈ। ਗੁਰਦੁਆਰਾ ਸਾਹਿਬਾਨਾਂ ਵੱਲੋਂ ਆਕਸੀਜਨ ਦੇ ਲੰਗਰ ਲਗਾਏ ਜਾ ਰਹੇ ਹਨ, ਕੁੱਝ ਸੰਸਥਾਵਾਂ ਜਾਂ ਸਮਾਜ ਸੇਵਕ ਆਪਣੇ ਵੱਲੋਂ ਅਜਿਹੇ ਪ੍ਰਬੰਧ ਕਰ ਰਹੇ ਹਨ, ਪਰ ਸਰਕਾਰਾਂ ਫੇਲ੍ਹ ਦਿਖਾਈ ਦਿੰਦੀਆਂ ਹਨ।
ਕੇਂਦਰ ਲਈ ਇਸਤੋਂ ਵੱਧ ਨਮੋਸ਼ੀ ਵਾਲੀ ਹੋਰ ਕੀ ਗੱਲ ਹੋਵੇਗੀ ਕਿ ਸੁਪਰੀਮ ਕੋਰਟ ਵੱਲੋਂ ਹੁਕਮ ਦਿੱਤੇ ਜਾਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਆਕਸੀਜਨ ਮੁਹੱਈਆ ਨਹੀਂ ਕਰਵਾ ਸਕੀ। ਹੁਣ ਦਿੱਲੀ ਹਾਈਕੋਰਟ ਦੇ ਜੱਜਾਂ ਦੇ ਇੱਕ ਬੈਂਚ ਵੱਲੋਂ ਕੇਂਦਰ ਸਰਕਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਇਹ ਅਦਾਲਤੀ ਤੌਹੀਨ ਹੈ। ਜੱਜਾਂ ਦਾ ਕਹਿਣਾ, ”ਕੇਂਦਰ ਸਰਕਾਰ ਚਾਹੇ ਅੱਖਾਂ ਬੰਦ ਕਰ ਲਵੇ ਪਰ ਜਦੋਂ ਲੋਕ ਮਰ ਰਹੇ ਹੋਣ ਤਾਂ ਅਸੀਂ ਅੱਖਾਂ ਬੰਦ ਨਹੀਂ ਕਰ ਸਕਦੇ।” ਕੇਂਦਰ ਸਰਕਾਰ ਲਈ ਸਰਮਨਾਕ ਹੈ।
ਇਸ ਮਾਮਲੇ ਸਬੰਧੀ ਜਦ ਸੀ ਪੀ ਆਈ ਐੱਮ ਦੇ ਸੁਬਾਈ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਦਾ ਪ੍ਰਤੀਕਰਮ ਜਾਣਨਾ ਚਾਹਿਆ ਤਾਂ ਉਹਨਾਂ ਕਿਹਾ ਕਿ ਇਹ ਗੱਲ ਜੱਗ ਜ਼ਾਹਰ ਹੋ ਚੁੱਕੀ ਹੈ ਕਿ ਕੋਰੋਨਾ ਮਹਾਂਮਾਰੀ ਫੈਲਣ ਦਾ ਕਾਰਨ ਸਰਕਾਰਾਂ ਦੀ ਅਣਗਹਿਲੀ ਤੇ ਪ੍ਰਬੰਧਾਂ ਦੀ ਘਾਟ ਹੀ ਹੈ। ਉਹਨਾਂ ਕਿਹਾ ਕੇਂਦਰ ਸਰਕਾਰ ਰਾਜਾਂ ਨਾਲ ਵਿਤਕਰੇਬਾਜੀ ਤੋਂ ਉੱਪਰ ਉੱਠ ਕੇ ਮਾਨਵਤਾ ਦੇ ਭਲੇ ਲਈ ਹਰ ਸੰਭਵ ਯਤਨ ਕਰੇ। ਫੌਰੀ ਤੌਰ ਤੇ ਦਵਾਈਆਂ, ਆਕਸੀਜਨ, ਵੈਟੀਲੇਟਰ ਆਦਿ ਦਾ ਪ੍ਰਬੰਧ ਕੀਤਾ ਜਾਵੇ। ਉਹਨਾਂ ਕਿਹਾ ਕਿ ਸਰਕਾਰਾਂ ਆਪਣੀਆਂ ਕਮੀਆਂ ਨੂੰ ਛੁਪਾਉਣ ਲਈ ਹੁਣ ਲਾਕਡਾਊਨ ਕਰਕੇ ਲੋਕਾਂ ਦਾ ਧਿਆਨ ਲਾਂਭੇ ਕਰਨ ਦੇ ਯਤਨ ਕਰ ਰਹੀਆਂ ਹਨ, ਜਿਸ ਨਾਲ ਲੋਕਾਂ ਨੂੰ ਪਰੇਸਾਨੀ ਹੁੰਦੀ ਹੈ। ਉਹਨਾਂ ਕਿਹਾ ਲਾਕਡਾਊਨ ਇਲਾਜ ਜਾਂ ਹੱਲ ਨਹੀ ਹੈ, ਸਰਕਾਰਾਂ ਆਪਣੀ ਜੁਮੇਵਾਰੀ ਕਬੂਲ ਕਰਨ ਤੇ ਜਾਨਾਂ ਬਚਾਉਣ ਲਈ ਯਤਨ ਕਰਨ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਬੀਮਾਰੀ ਤੋਂ ਬਚਾਅ ਲਈ ਜਾਗਰੂਕ ਹੋਣ ਅਤੇ ਇੱਕ ਦੂਜੇ ਦਾ ਸਹਿਯੋਗ ਦੇਣ।