ਕਾਂਟਾਜ਼ ਦਾ ਹੈਡਕੁਆਰਟਰ ਰਹੇਗਾ ਸਿਡਨੀ ਵਿੱਚ ਹੀ -ਰਾਜ ਸਰਕਾਰ ਨਾਲ ਹੋਇਆ ਇਕਰਾਰ

ਨਿਊ ਸਾਊਥ ਵੇਲਜ਼ ਦੇ ਖ਼ਜ਼ਾਨਾ ਮੰਤਰੀ ਡੋਮੀਨਿਕ ਪੈਰੋਟੈਟ ਨੇ ਇੱਕ ਅਹਿਮ ਜਾਣਕਾਰੀ ਰਾਹੀਂ ਰਾਜ ਸਰਕਾਰ ਦੇ ਫੈਸਲੇ ਉਪਰ ਵਧਾਈ ਦਿੰਦਿਆਂ ਦੱਸਿਆ ਕਿ ਕਾਂਟਾਜ਼ ਅਤੇ ਰਾਜ ਸਰਕਾਰ ਵਿਚਾਲੇ ਨਵੇਂ ਇਕਰਾਰ ਹੋਣ ਕਾਰਨ ਹੁਣ ਇਹ ਸਪਸ਼ਟ ਹੋ ਚੁਕਿਆ ਹੈ ਕਿ ਕਾਂਟਾਜ਼ ਦਾ ਹੈਡਕੁਆਰਟਰ ਸਿਡਨੀ ਵਿੱਚ ਹੀ ਰਹੇਗਾ ਅਤੇ ਇਸ ਵਿੱਚ ਕੰਮ ਕਰਦੇ 3500 ਤੋਂ ਵੀ ਜ਼ਿਆਦਾ ਲੋਕ ਅਤੇ ਇਸ ਨਾਲ ਅਸਿੱਧੇ ਤੌਰ ਤੇ ਜੁੜੇ ਹਜ਼ਾਰਾਂ ਹੀ ਲੋਕ, ਬੇਰੌਜ਼ਗਾਰ ਨਹੀਂ ਹੋਣਗੇ ਅਤੇ ਇਸ ਵਾਸਤੇ ਰਾਜ ਸਰਕਾਰ ਵੱਲੋਂ ਕਾਂਟਾਜ਼ ਨਾਲ ਨਵੇਂ ਤਰੀਕਿਆਂ ਦੇ ਨਾਲ ਐਗਰੀਮੈਂਟ ਸਹੀਬੱਧ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਕਾਂਟਾਜ਼ ਕੰਪਨੀ ਨੇ ਆਪਣਾ ਹੈਡਕੁਆਰਟਰ ਸਿਡਨੀ ਵਿੱਚ ਸਾਲ 1938 ਵਿੱਚ ਬਣਾਇਆ ਸੀ ਅਤੇ ਇਸ ਨਾਲ ਹੁਣ ਤੱਕ ਹਜ਼ਾਰਾਂ ਹੀ ਅਜਿਹੇ ਲੋਕ ਹਨ ਜੋ ਕਿ ਸਿੱਧੇ ਜਾਂ ਅਸਿੱਧੇ ਤੌਰ ਉਪਰ ਇਸ ਥਾਂ ਤੋਂ ਰੌਜ਼ਗਾਰ ਪ੍ਰਾਪਤ ਕਰ ਚੁਕੇ ਹਨ ਅਤੇ ਭਵਿੱਖ ਵਿੱਚ ਕਰਦੇ ਵੀ ਰਹਿਣਗੇ।
ਰੌਜ਼ਗਾਰ, ਨਿਵੇਸ਼, ਟੂਰਿਜ਼ਮ ਅਤੇ ਵੈਸਟਰਨ ਸਿਡਨੀ ਤੋਂ ਮੰਤਰੀ ਸਟੁਅਰਟ ਆਇਰਜ਼ ਨੇ ਇਸ ਦਾ ਖੁਲਾਸਾ ਕਰਦਿਆਂ ਕਿਹਾ ਕਿ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਇਸ ਨਾਲ ਜਿੱਥੇ ਬੇਰੌਜ਼ਗਾਰੀ ਹੋਣ ਦੀ ਸੰਭਾਵਨਾ ਖ਼ਤਮ ਹੋ ਗਈ ਹੈ ਉਥੇ ਹੀ ਇੱਕ ਪੁਰਾਣੇ ਰਿਸ਼ਿਤਿਆਂ ਦੇ ਵੀ ਭਵਿੱਖ ਉਪਰ ਛਾ ਰਹੇ ਬੱਦਲ ਛਟ ਚੁਕੇ ਹਨ।
ਇਕਰਾਰਾਂ ਤਹਿਤ ਇਹ ਮੰਨਿਆ ਗਿਆ ਹੈ ਕਿ ਰਾਜ ਅੰਦਰ ਇੱਕ ਨਵਾਂ ਫਲਾਈਟ ਟ੍ਰੇਨਿੰਗ ਸੈਂਟਰ ਖੋਲ੍ਹਿਆ ਜਾਵੇਗਾ ਜੋ ਕਿ 2023 ਤੱਕ ਕੰਮ ਕਰਨਾ ਸ਼ੁਰੂ ਕਰ ਦੇਵੇਗਾ।
ਮਾਸਕਟ ਵਿੱਚ ਕਾਂਟਾਜ਼ ਦੀ ਟੀਮ ਨੂੰ ਵਧਾਇਆ ਜਾਵੇਗਾ।
ਇੰਡੀਜੀਨਸ ਅਤੇ ਦੂਰ ਦੁਰਾਡੇ ਦੇ ਲੋਕਾਂ ਨੂੰ ਵੀ ਰੌਜ਼ਗਾਰ ਮੁਹੱਈਆ ਕਰਵਾਉਣ ਵਿੱਚ ਕਾਂਟਾਜ਼ ਅਤੇ ਸਰਕਾਰ, ਦੋਹੇਂ ਜਣੇ ਮਿਲ ਕੇ ਕੰਮ ਕਰਨਗੇ।
ਹਾਲੇ ਗੱਲਬਾਤ ਦਾ ਸਿਲਸਿਲਾ ਜਾਰੀ ਹੈ ਅਤੇ ਜਲਦੀ ਹੀ ਫਾਈਨਲ ਐਗਰੀਮੈਂਟ ਦਾ ਐਲਾਨ ਕਰ ਦਿੱਤਾ ਜਾਵੇਗਾ।