ਆਸਟ੍ਰੇਲੀਆ ਅੰਦਰ ਮਿਲਣ ਵਾਲੇ 5 ਹੋਰ ਬਲੱਡ ਕਲਾਟਿੰਗ ਦੇ ਮਾਮਲੇ ਵੀ ਐਸਟ੍ਰੇਜ਼ੈਨੇਕਾ ਨਾਲ ਜੁੜਨ ਦਾ ਅੰਦੇਸ਼ਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੇਸ਼ ਅੰਦਰ ਕਰੋਨਾ ਦੇ ਬਚਾਉ ਲਈ ਲਗਾਈ ਜਾ ਰਹੀ ਐਸਟ੍ਰੇਜ਼ੈਨੇਕਾ ਵੈਕਸੀਨ ਦੇ ਇਸਤੇਮਾਲ ਤੋਂ ਬਾਅਦ ਬਲੱਡ ਕਲਾਟਿੰਗ ਦੇ ਮਾਮਲੇ ਸਾਹਮਣੇ ਆਏ ਸਨ ਅਤੇ ਹਾਲ ਵਿੱਚ ਹੀ 5 ਹੋਰ ਨਵੇਂ ਮਾਮਲੇ ਦਰਜ ਹੋਣ ਤੇ ਇਨ੍ਹਾਂ ਦਾ ਸਬੰਧ ਵੀ ਐਸਟ੍ਰੇਜ਼ੈਨੇਕਾ ਨਾਲ ਜੁੜਨ ਦੇ ਅੰਦੇਸ਼ੇ ਜ਼ਾਹਿਰ ਕੀਤੇ ਜਾ ਰਹੇ ਹਨ ਪਰੰਤੂ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਹੁਤ ਘੱਟ ਮਾਤਰਾ ਵਿੱਚ ਅਜਿਹੇ ਮਾਮਲੇ ਆ ਰਹੇ ਹਨ ਅਤੇ ਪੜਤਾਲ ਕੀਤੀ ਜਾ ਰਹੀ ਹੈ ਕਿ ਅਸਲ ਸੱਚਾਈ ਕੀ ਹੈ।
ਉਪਰੋਕਤ 5 ਨਵੇਂ ਮਾਮਲਿਆਂ ਵਿੱਚ 74 ਸਾਲਾਂ ਦੇ ਇੱਕ ਵਿਅਕਤੀ ਅਤੇ 51 ਸਾਲਾਂ ਦੀ ਮਹਿਲਾ ਵਿਕਟੋਰੀਆ ਤੋਂ ਹਨ; 66 ਸਾਲਾਂ ਦਾ ਇੱਕ ਵਿਅਕਤੀ ਕੁਈਨਜ਼ਲੈਂਡ ਤੋਂ ਹੈ; 64 ਸਾਲਾਂ ਦੀ ਇੱਕ ਮਹਿਲਾ ਪੱਛਮੀ ਆਸਟ੍ਰੇਲੀਆ ਤੋਂ ਹੈ; ਅਤੇ 70 ਸਾਲਾਂ ਦਾ ਇੱਕ ਵਿਅਕਤੀ ਤਸਮਾਨੀਆ ਰਾਜ ਵਿਚੋਂ ਦਰਜ ਕੀਤਾ ਗਿਆ ਹੈ।
ਉਪਰੋਕਤ ਮਾਮਲਿਆਂ ਦੇ ਦਰਜ ਹੋਣ ਨਾਲ ਹੁਣ ਆਸਟ੍ਰੇਲੀਆ ਅੰਦਰ ਅਜਿਹੇ ਮਾਮਲਿਆਂ ਦੀ ਕੁੱਲ ਗਿਣਤੀ 11 ਹੋ ਗਈ ਹੈ ਅਤੇ ਇਨ੍ਹਾਂ ਦਾ ਸਬੰਧ ਐਸਟ੍ਰੇਜ਼ੈਨੇਕਾ ਨਾਲ ਹੀ ਜੋੜਿਆ ਜਾ ਰਿਹਾ ਹੈ। ਵੈਸੇ ਅਧਿਕਾਰੀਆਂ ਨੇ ਜਾਣਕਾਰੀ ਇਹ ਵੀ ਦਿੱਤੀ ਹੈ ਕਿ 11 ਵਿੱਚੋਂ 4 ਤਾਂ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਿਸ ਵੀ ਚਲੇ ਗਏ ਹਨ।
ਤਸਮਾਨੀਆ ਵਿਚਲੇ ਵਿਅਕਤੀ ਦੀ ਹਾਲਤ ਸਥਿਰ ਹੈ ਅਤੇ ਹਸਪਤਾਲ ਵਿੱਚ ਉਹ ਜ਼ੇਰੇ ਇਲਾਜ ਹੈ। ਕੁਈਨਜ਼ਲੈਂਡ ਵਿਚਲੇ ਵਿਅਕਤੀ ਨੂੰ ਟਾਊਨਜ਼ਵਿਲੇ ਹਸਪਤਾਲ ਅੰਦਰ ਆਈ.ਸੀ.ਯੂ. ਵਿੱਚ ਰੱਖਿਆ ਗਿਆ ਹੈ ਅਤੇ ਇਸ ਵਿਅਕਤੀ ਨੇ ਮਾਰਚ ਦੀ 30 ਤਾਰੀਖ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਾ ਟੀਕਾ ਲਗਵਾਇਆ ਸੀ ਅਤੇ ਇਸਤੋਂ ਬਾਅਦ ਉਸਦੇ ਪੇਟ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਉਸਨੂੰ ਸਥਾਨਕ ਹਸਪਤਾਲ ਅੰਦਰ ਦਾਖਿਲ ਕਰਵਾਉਣਾ ਪਿਆ ਸੀ।
ਜ਼ਿਕਰਯੋਗ ਹੈ ਕਿ ਦੇਸ਼ ਅੰਦਰ ਬੀਤੇ 2 ਮਈ ਤੱਕ 1.4 ਮਿਲੀਅਨ ਐਸਟ੍ਰੇਜ਼ੈਨੇਕਾ ਦੀਆਂ ਡੋਜ਼ਾਂ ਦਿੱਤੀਆਂ ਜਾ ਚੁਕੀਆਂ ਸਨ।