ਸਾਬਕਾ ਐਨ.ਆਰ.ਐਲ. ਖਿਡਾਰੀ ਜੈਰਿਡ ਹੈਨੀ ਉਪਰ ਸਰੀਰਕ ਪ੍ਰਤਾੜਨਾ ਦੇ ਆਰੋਪ ਲਗਾਉਣ ਵਾਲੀ ਮਹਿਲਾ ਨੇ ਰੋ ਰੋ ਦੱਸੀ ਆਪਣੀ ਕਹਾਣੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅੱਜ ਜਦੋਂ ਸਾਬਕਾ ਐਨ.ਆਰ.ਐਲ. ਖਿਡਾਰੀ ਜੈਰਿਡ ਹੈਨੀ ਨੂੰ ਨਿਊ ਕਾਸਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਉਪਰ ਸਰੀਰਕ ਪ੍ਰਤਾੜਨਾ ਦੇ ਆਰੋਪ (ਸਾਲ 2018) ਲਗਾਉਣ ਵਾਲੀ ਮਹਿਲਾ ਨੇ ਅਦਾਲਤ ਵਿੱਚ ਮਾਣਯੋਗ ਜੱਜ ਹੈਲਨ ਸਾਈਮ ਨੂੰ ਰੋ ਰੋ ਕੇ ਆਪਣੀ ਦਰਦਨਾਕ ਕਹਾਣੀ ਦੱਸਦਿਆਂ ਕਿਹਾ ਕਿ ਇੰਨਾ ਮਾੜਾ ਵਰਤਾਵ ਮੁਲਜ਼ਮ ਨੇ ਉਸ ਨਾਲ ਕੀਤਾ ਕਿ ਉਹ ਕਈ ਦਿਨਾਂ ਤੱਕ ਰੋਂਦੀ ਰਹੀ ਅਤੇ ਹੁਣ ਉਹ ਜਾਣ ਚੁਕੀ ਹੈ ਕਿ ਉਹ ਪਹਿਲਾਂ ਦੀ ਤਰ੍ਹਾਂ ਵਾਲੀ ਔਰਤ ਨਹੀਂ ਰਹੀ ਕਿਉਂਕਿ ਹੈਨੀ ਨੇ ਉਸਦੇ ਜੀਵਨ ਵਿੱਚੋਂ ਖੁਸ਼ੀਆਂ ਹੀ ਖੋਹ ਲਈਆਂ ਹਨ ਅਤੇ ਉਸਨੂੰ ਅੰਧਕਾਰ ਵਿੱਚ ਧਕੇਲ ਦਿੱਤਾ ਹੈ।
ਉਸਨੇ ਕਿਹਾ ਕਿ ਉਸ ਨੇ ਬੇਸ਼ੱਕ ਆਪਣਾ ਸਰੀਰ ਹੈਨੀ ਨੂੰ ਸੌਪਿਆ ਸੀ ਪਰੰਤੂ ਇਸ ਵਾਸਤੇ ਨਹੀਂ ਕਿ ਉਹ ਉਸਦੇ ਸਰੀਰ ਨਾਲ ਮਹਿਜ਼ ਖੇਡਾਂ ਕਰੇ ਅਤੇ ਉਹ ਵੀ ਸਿਰੇ ਦੀ ਪ੍ਰਤਾੜਨਾ ਨਾਲ। ਉਹ ਤਾਂ ਉਸ ਨਾਲ ਸਾਰੀ ਜ਼ਿੰਦਗੀ ਵਤੀਤ ਕਰਨਾ ਚਾਹੁੰਦੀ ਸੀ, ਆਪਣਾ ਘਰ ਵਸਾ ਕੇ ਅਤੇ ਉਸ ਨਾਲ ਸਾਰੀ ਜ਼ਿੰਦਗੀ ਪਿਆਰ ਕਰਕੇ। ਪਰੰਤੂ ਉਸਨੇ ਕੁੱਝ ਮਿਨਟਾਂ ਵਿੱਚ ਹੀ ਉਸ ਦੇ ਸਾਰੇ ਸੁਫਨੇ ਰੋਂਦ ਕੇ ਰੱਖ ਦਿੱਤੇ ਅਤੇ ਹੁਣ ਤਾਂ ਉਸਨੂੰ ਇਹ ਵੀ ਯਾਦ ਨਹੀਂ ਕਿ ਬੀਤੇ ਸਮਿਆਂ ਵਿੱਚ ਉਹ ਚੰਗੀ ਨੀਂਦ ਸੁੱਤੀ ਕਦੋਂ ਸੀ ਅਤੇ ਹਰ ਪਲ ਉਸਦਾ ਮਾਨਸਿਕ ਪੀੜ੍ਹਾ ਵਿੱਚ ਹੀ ਬੀਤਦਾ ਹੈ।
ਉਕਤ ਮਹਿਲਾ ਨੇ ਕਿਹਾ ਕਿ ਉਸ ਵਾਕਿਆ ਤੋਂ ਬਾਅਦ ਉਹ ਕਈ ਕਈ ਘੰਟੇ ਰੋਂਦੀ ਰਹਿੰਦੀ ਸੀ ਅਤੇ ਉਸਨੇ ਇਸ ਸਥਿਤੀ ਵਿੱਚ ਨਿਕਲਣ ਵਾਸਤੇ ਕਈ ਮਾਨਸਿਕ ਰੋਗੀਆਂ ਦੇ ਡਾਕਟਰਾਂ ਨਾਲ ਵੀ ਸਲਾਹ ਮਸ਼ਵਰੇ ਕੀਤੇ ਤਾਂ ਕਿ ਅਜਿਹੇ ਗੰਦੇ ਵਾਕਿਆ ਨੂੰ ਉਹ ਆਪਣੇ ਜ਼ਿਹਨ ਵਿੱਚੋਂ ਬਾਹਰ ਕੱਢ ਸਕੇ ਪਰੰਤੂ ਹਰ ਤਰਫ ਤੋਂ ਹੀ ਉਸਨੂੰ ਨਾਕਮਿਯਾਬੀ ਹੀ ਮਿਲੀ।
ਵਾਕਿਆ ਦਾ ਜ਼ਿਕਰ ਕਰਦਿਆਂ ਉਸਨੇ ਕਿਹਾ ਕਿ 2018 ਦੀ 30 ਸਤੰਬਰ ਨੂੰ ਰਾਤ ਦੇ 9 ਕੁ ਵਜੇ ਹੈਨੀ ਪੂਰੀ ਤਰ੍ਹਾਂ ਨਾਲ ਸ਼ਰਾਬੀ ਹੋ ਕੇ ਉਸਦੇ ਘਰ ਅੰਦਰ ਦਾਖਿਲ ਹੋਇਆ ਅਤੇ ਜ਼ਬਰਦਸਤੀ (ਉਸਦੀ ਮਰਜ਼ੀ ਦੇ ਖਿਲਾਫ਼) ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਉਹ ਵੀ ਗੈਰ ਕੁਦਰਤੀ ਤਰੀਕਿਆਂ ਦੇ ਨਾਲ ਅਤੇ ਉਸਨੂੰ ਇਸ ਦੌਰਾਨ ਜ਼ਖ਼ਮੀ ਵੀ ਕਰ ਦਿੱਤਾ।
ਖ਼ਬਰ ਮਿਲਣ ਤੱਕ, ਅਦਾਲਤ ਵਿੱਚ ਜਿਰਹ ਹਾਲੇ ਵੀ ਜਾਰੀ ਸੀ।