ਕਰੋਨਾ ਦੇ ਨਜ਼ਦੀਕੀ ਸੰਪਰਕ ਕਾਰਨ ਨਿਊ ਸਾਊਥ ਵੇਲਜ਼ ਦੇ ਖ਼ਜਾਨਾ ਮੰਤਰੀ ਡੋਮਿਨਿਕ ਪੈਰੋਟੈਟ ਨੇ ਕੀਤਾ ਆਪਣੇ ਆਪ ਨੂੰ ਆਈਸੋਲੇਟ -ਟੈਸਟ ਰਿਪੋਰਟ ਨੈਗੇਟਿਵ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਡਨੀ ਦੇ ਇੱਕ ਰੈਸਟੌਰੈਂਟ ਅੰਦਰ ਸ਼ਿਰਕਤ ਕਰਨ ਤੋਂ ਬਾਅਦ ਜਦੋਂ ਨਿਊ ਸਾਊਥ ਵੇਲਜ਼ ਦੇ ਖ਼ਜ਼ਾਨਾ ਮੰਤਰੀ ਡੋਮਿਨਿਕ ਪੈਰੋਟੈਟ ਨੇ ਆਪਣਾ ਕਰੋਨਾ ਟੈਸਟ ਕਰਵਾਇਆ ਤਾਂ ਬੇਸ਼ੱਕ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ ਪਰੰਤੂ ਉਨ੍ਹਾਂ ਨੇ ਅਹਿਤਿਆਦਨ ਆਪਣੇ ਆਪ ਨੂੰ, ਆਪਣੇ ਘਰ ਅੰਦਰ ਹੀ 14 ਦਿਨਾਂ ਲਈ ਆਈਸੋਲੇਟ ਕਰ ਲਿਆ ਹੈ।
ਦਰਅਸਲ ਬੀਤੇ ਸ਼ੁਕਰਵਾਰ, 20 ਅਪ੍ਰੈਲ ਨੂੰ ਉਹ ਸਿਡਨੀ ਸੀ.ਬੀ.ਡੀ. ਦੇ ਉਸੇ ਰੈਸਟੌਰੈਂਟ ਵਿੱਚ ਗਏ ਸਨ ਜਿੱਥੇ ਕਿ ਇੱਕ ਵਿਅਕਤੀ ਕਰੋਨਾ ਪਾਜ਼ਿਟਿਵ ਪਾਇਆ ਗਿਆ ਸੀ।
ਹੁਣੇ ਹੁਣੇ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਉਕਤ 50ਵਿਆਂ ਸਾਲਾਂ ਵਿੱਚਲਾ ਵਿਅਕਤੀ ਬਾਬਤ ਇੱਕ ਬਿਆਨ ਵੀ ਜਾਰੀ ਕੀਤਾ ਸੀ ਕਿ ਉਕਤ ਵਿਅਕਤੀ ਨਾ ਤਾਂ ਬਾਹਰਲੇ ਕਿਸੇ ਦੇਸ਼ ਵਿੱਚ ਗਿਆ, ਨਾ ਹੀ ਹੋਟਲ ਕੁਆਰਨਟੀਨ ਵਾਲੇ ਕਿਸੇ ਮਾਮਲੇ ਨਾਲ ਜੁੜਿਆ ਹੈ ਅਤੇ ਨਾ ਹੀ ਕਿਸੇ ਕਿਸਮ ਦੇ ਫਰੰਟ ਲਾਈਨ ਵਰਕਰਾਂ ਆਦਿ ਵਿੱਚ ਜਾਂ ਫੇਰ ਉਨ੍ਹਾਂ ਦੇ ਸੰਪਰਕ ਵਿੱਚ ਹੀ ਸ਼ਾਮਿਲ ਹੈ -ਤਾਂ ਮਸਲਾ ਇਹ ਚੱਲ ਰਿਹਾ ਹੈ ਕਿ ਆਖਿਰ ਉਸਨੂੰ ਇਹ ਵਾਇਰਸ ਹੋਇਆ ਕਿੱਥੋਂ….? ਪੜਤਾਲ ਜਾਰੀ ਹੈ ਕਿਉਂਕਿ ਹੋਰ ਤਾਂ ਹੋਰ ਉਕਤ ਵਿਅਕਤੀ ਤਾਂ ਆਸਟ੍ਰੇਲੀਆ ਵਿੱਚ ਹੀ ਕਿਸੇ ਹੋਰ ਰਾਜ ਵਿੱਚ ਵੀ ਨਹੀਂ ਗਿਆ। ਇਸ ਦਾ ਮਤਲੱਭ ਤਾਂ ਸਾਫ ਇਹੋ ਲਗਦਾ ਹੈ ਕਿ ਸਾਡੇ ਸਮਾਜ ਅੰਦਰ ਅਜਿਹੇ ਮਾਮਲੇ ਹੋਰ ਵੀ ਹਨ ਅਤੇ ਸਾਨੂੰ ਗੰਭੀਰਤਾ ਨਾਲ ਇਨ੍ਹਾਂ ਦੀ ਜਾਂਚ ਪੜਤਾਲ ਕਰਨੀ ਹੋਵੇਗੀ ਅਤੇ ਹਰ ਇੱਕ ਰਾਜ ਦੇ ਨਿਵਾਸੀ ਦਾ ਫ਼ਰਜ਼ ਵੀ ਹੈ ਕਿ ਅਜਿਹੀਆਂ ਸਥਿਤੀਆਂ ਉਪਰ ਆਪਣੀ ਪੈਨੀ ਨਜ਼ਰ ਰੱਖੇ।
ਮੁੱਖ ਸਿਹਤ ਅਧਿਕਾਰੀ -ਕੈਰੀ ਚੈਂਟ, ਦਾ ਕਹਿਣਾ ਹੈ ਕਿ ਉਕਤ ਵਿਅਕਤੀ ਦੇ ਸੰਪਰਕ ਵਿੱਚ ਕਈ ਲੋਕ ਆਏ ਸਨ, ਅਤੇ ਸਭ ਦੀ ਜਾਂਚ ਪੜਤਾਲ ਚੱਲ ਰਹੀ ਹੈ ਅਤੇ ਸਭ ਦੇ ਟੈਸਟ ਕੀਤੇ ਜਾ ਰਹੇ ਹਨ ਅਤੇ ਇਸਤੋਂ ਇਲਾਵਾ ਸਭ ਨੂੰ ਆਈਸੋਲੇਟ ਵੀ ਕਰ ਦਿੱਤਾ ਗਿਆ ਹੈ।