ਰਾਤ ਸਮੇਂ ਨਹਿਰ ਕੰਢੇ ਫਿਰਦੀ ਮੰਦ-ਬੁੱਧੀ ਔਰਤ ਨੂੰ ਸਰਾਭਾ ਆਸ਼ਰਮ ਨੇ ਸੰਭਾਲਿਆ

ਦਿਨ ਦੇ ਸਮੇਂ ਭਾਵੇਂ ਅਨੇਕਾਂ ਹੀ ਮੰਦ-ਬੁੱਧੀ ਬੇਘਰ ਮਰਦ ਔਰਤਾਂ ਸੜਕਾਂ ਤੇ ਫਿਰਦੇ ਦੇਖੇ ਜਾ ਸਕਦੇ ਹਨ, ਪਰ ਜੇ ਕਰ ਕੋਈ ਔਰਤ ਉਜਾੜ ਵਿੱਚ ਰਾਤ ਦੇ ਹਨੇਰੇ ਵਿੱਚ ਨਹਿਰ ਕੰਢੇ ਇਕੱਲੀ ਫਿਰਦੀ ਨਜ਼ਰ ਪੈ ਜਾਵੇ ਤਾਂ ਹੈਰਾਨਗੀ ਵੀ ਹੁੰਦੀ ਹੈ ਅਤੇ ਕਈ ਤਰਾਂ ਦੇ ਸ਼ੰਕੇ ਵੀ ਉੱਠਣੇ ਸ਼ੁਰੂ ਹੋ ਜਾਂਦੇ ਹਨ। ਕੁੱਝ ਦਿਨ ਪਹਿਲਾਂ ਦਾ ਹੀ ਵਾਕਿਆ ਹੈ ਕਿ ਸੂਰਜ ਛਿਪਣ ਤੋਂ ਬਾਅਦ ਬੱਲੋਵਾਲ ਪਿੰਡ ਦੇ ਨਾਲ ਲੰਘਦੀ ਨਹਿਰ ਕੰਢੇ ਫਿਰਦੀ ਇੱਕ 40-45 ਸਾਲਾ ਲਾਵਾਰਸ, ਬੇਘਰ ਅਤੇ ਦਿਮਾਗੀ ਸੰਤੁਲਨ ਗੁਆ ਚੁੱਕੀ ਔਰਤ ਨੂੰ ਬੱਲੋਵਾਲ ਪਿੰਡ ਦੇ ਹੀ ਕੁੱਝ ਵਿਅਕਤੀਆਂ ਨੇ ਦੇਖਿਆ । ਉਹਨਾਂ ਨੇ ਪਿੰਡ ਦੇ ਪੰਚਾਇਤ ਮੈਂਬਰਾਂ ਦੀ ਮੱਦਦ ਨਾਲ ਜੋਧਾਂ ਪੁਲਿਸ ਨਾਲ ਸੰਪਰਕ ਕੀਤਾ। ਫਿਰ ਰਾਤ ਦੇ ਦਸ ਵਜੇ ਦੇ ਕਰੀਬ ਬੱਲੋਵਾਲ ਦੇ ਪੰਚਾਇਤ ਮੈਂਬਰ ਜਗਤਾਰ ਸਿੰਘ ਅਤੇ ਕੁੱਝ ਹੋਰ ਪਤਵੰਤੇ ਸੱਜਣਾਂ ਨੇ ਪੁਲਿਸ ਦੀ ਸਹਾਇਤਾ ਨਾਲ ਇਸ ਔਰਤ ਨੂੰ ਪਿੰਡ ਸਰਾਭਾ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿੱਚ ਪੁਚਾਇਆ। ਇਹ ਔਰਤ ਆਪਣਾ ਨਾਮ, ਘਰ-ਬਾਰ ਜਾਂ ਪਰਿਵਾਰ ਵਾਰੇ ਨਹੀਂ ਦੱਸ ਸਕਦੀ। ਆਸ਼ਰਮ ਵਿੱਚ ਉਹ ਹਰ ਪੱਖੋਂ ਸੁਰੱਖਿਅਤ ਹੈ ਅਤੇ ਉਸ ਦਾ ਇਲਾਜ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਆਸ਼ਰਮ ਦੇ ਸੰਸਥਾਪਕ ਡਾ. ਨੌਰੰਗ ਸਿੰਘ ਮਾਂਗਟ ਅਤੇ ਪ੍ਰਧਾਨ ਚਰਨ ਸਿੰਘ ਜੋਧਾਂ ਨੇ ਦੱਸਿਆ ਕਿ ਇਸ ਆਸ਼ਰਮ ਵਿੱਚ ਡੇਢ ਸੌ ਦੇ ਕਰੀਬ ਅਪਾਹਜ, ਨੇਤਰਹੀਣ, ਦਿਮਾਗੀ ਸੰਤੁਲਨ ਗੁਆ ਚੁੱਕੇ, ਅਧਰੰਗ, ਸ਼ੂਗਰ, ਏਡਜ਼, ਕਾਲਾ ਪੀਲੀਆ, ਟੀ.ਬੀ. ਆਦਿ ਨਾਲ ਪੀੜਤ ਮਰੀਜ਼ ਰਹਿੰਦੇ ਹਨ । ਇਹ ਸਾਰੇ ਹੀ ਲਾਵਾਰਸ, ਬੇਘਰ ਅਤੇ ਬੇਸਹਾਰਾ ਹਨ। ਇਹਨਾਂ ਮਰੀਜ਼ਾਂ ਦੀ ਸੇਵਾ-ਸੰਭਾਲ ਮੁਫ਼ਤ ਕੀਤੀ ਜਾਂਦੀ ਹੈ। ਆਸ਼ਰਮ ਦਾ ਲੱਖਾਂ ਰੁਪਏ ਮਹੀਨੇ ਦਾ ਖ਼ਰਚਾ ਸੰਗਤਾਂ ਦੇ ਸਹਿਯੋਗ ਨਾਲ ਹੀ ਚਲਦਾ ਹੈ। ਆਸ਼ਰਮ ਵਾਰੇ ਹੋਰ ਜਾਣਕਾਰੀ ਲਈ ਇੰਡੀਆ ਵਿੱਚ (ਮੋਬਾ); 95018-42506 ਅਤੇ ਕੈਨੇਡਾ ਵਿੱਚ 403-401-8787 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਨਹਿਰ ਕੰਢੇ ਮਿਲੀ ਦਿਮਾਗੀ ਸੰਤੁਲਨ ਗੁਆ ਚੁੱਕੀ ਬੇਘਰ ਔਰਤ