ਕੋਰੋਨਾ ਤੋਂ ਬਚਣ ਲਈ ਤੰਬਾਕੂ ਦਾ ਸੇਵਨ ਬੰਦ ਕੀਤਾ ਜਾਵੇ – ਡਾ: ਸ਼ਰਮਾ

ਬਠਿੰਡਾ – ਕੋਰੋਨਾ ਮਾਹਾਂਮਾਰੀ ਨੇ ਅੱਜ ਸਮੁੱਚੇ ਦੇਸ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਇਸ ਬੀਮਾਰੀ ਦਾ ਭਾਵੇਂ ਹਰ ਇੱਕ ਇਨਸਾਨ ਲਈ ਖਤਰਾ ਬਣਿਆ ਹੋਇਆ ਹੈ, ਪਰ ਤੰਬਾਕੂਨੋਸ਼ੀ ਕਰਨ ਵਾਲੇ ਵਿਅਕਤੀਆਂ ਨੂੰ ਕੋਰੋਨਾ ਵਾਇਰਸ ਬੜੀ ਆਸਾਨੀ ਨਾਲ ਆਪਣੇ ਕਲਾਵੇ ਵਿੱਚ ਲੈ ਲੈਂਦਾ ਹੈ। ਇਹ ਜਾਣਕਾਰੀ ਦਿੰਦਿਆਂ ਤੰਬਾਕੂ ਕੰਟਰੌਲ ਸੈੱਲ ਬਠਿੰਡਾ ਦੀ ਨੋਡਲ ਅਫ਼ਸਰ ਕਮ ਸਹਾਇਕ ਸਿਵਲ ਸਰਜਨ ਡਾ: ਅਨੁਪਮਾ ਸ਼ਰਮਾਂ ਨੇ ਦੱਸਿਆ ਕਿ ਤੰਬਾਕੂਨੋਸ਼ੀ ਕਰਨ ਵਾਲੇ ਵਿਅਕਤੀ ਦੇ ਫੇਫੜੇ ਪਹਿਲਾਂ ਹੀ ਕਾਫ਼ੀ ਕਮਜੋਰ ਹੁੰਦੇ ਹਨ ਜੇਕਰ ਉਹ ਕੋਰੋਨਾ ਦੀ ਲਪੇਟ ਵਿੱਚ ਆ ਜਾਂਦਾ ਹੈ ਤਾਂ ਸਾਹ ਲੈਣ ਵਿੱਚ ਬਹੁਤ ਦਿੱਕਤ ਪੇਸ਼ ਆਉਂਦੀ ਹੈ।
ਉਹਨਾਂ ਦੱਸਿਆ ਕਿ ਕੋਰੋਨਾ ਕਾਰਨ ਹੋਈਆਂ ਮੌਤਾਂ ਦੌਰਾਨ ਇਹ ਤੱਥ ਉੱਭਰ ਕੇ ਸਾਹਮਣੇ ਆਏ ਹਨ ਕਿ ਜ ਆਦਮੀ ਲੰਬੇ ਸਮੇਂ ਤੋਂ ਤੰਬਾਕੂਨੋਸ਼ੀ ਕਰ ਰਹੇ ਹਨ, ਉਹ ਜਿਆਦਾ ਮੌਤ ਦਾ ਸ਼ਿਕਾਰ ਹੋ ਰਹੇ ਹਨ। ਕੋਰੋਨਾ ਵਾਇਰਸ ਸਭ ਤੋਂ ਪਹਿਲਾਂ ਫੇਫੜਿਆਂ ਉੱਪਰ ਹੀ ਅਸਰ ਕਰਦਾ ਹੈ ਅਤੇ ਤੰਬਾਕੂ ਦੀ ਵਰਤੋਂ ਕਰਨ ਵਾਲਿਆ ਦੇ ਫੇਫੜੇ ਕਮਜੋਰ ਹੁੰਦੇ ਹਨ। ਉਹਨਾਂ ਸੁਝਾਅ ਦਿੱਤਾ ਕਿ ਜੋ ਲੋਕ ਤੰਬਾਕੂ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਇਸ ਮਹਾਂਮਾਰੀ ਦੇ ਦੌਰ ਵਿੱਚ ਤੰਬਾਕੂ ਨਹੀਂ ਵਰਤਣਾ ਚਾਹੀਦਾ। ਉਹਨਾਂ ਇਹ ਵੀ ਇੰਕਸਾਫ਼ ਕੀਤਾ ਕਿ ਜੇਕਰ ਤੰਬਾਕੂ ਦੀ ਵਰਤੋਂ ਕਰਨ ਵਾਲਾ ਵਿਅਕਤੀ ਪਰਿਵਾਰ ਵਿੱਚ ਬੈਠ ਕੇ ਤੰਬਾਕੂ ਦੀ ਵਰਤੋਂ ਕਰਦਾ ਹੈ ਤਾਂ ਪਰਿਵਾਰ ਦੇ ਦੂਜੇ ਮੈਂਬਰਾਂ ਤੇ ਵੀ ਉਸਦਾ ਕਾਫ਼ੀ ਮਾੜਾ ਪ੍ਰਭਾਵ ਪੈਂਦਾ ਹੈ। ਉਹਨਾਂ ਦੱਸਿਆ ਕਿ ਕੋਰੋਨਾ ਵਾਇਰਸ ਮੂੰਹ ਵਿੱਚ ਹੀ ਪਨਪਦਾ ਹੈ ਇਸ ਲਈ ਰੋਜਾਨਾਂ ਮਾਊਥ ਵਾਸ਼ ਨਾਲ ਮੂੰਹ ਸਾਫ਼ ਕਰਨਾ ਚਾਹੀਦਾ ਹੈ ਅਤੇ ਜੇਕਰ ਮਸੂੜਿਆਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਨੇੜੇ ਦੇ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ। ਉਹਨਾਂ ਇਹ ਵੀ ਅਪੀਲ ਕੀਤੀ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਸਕ ਪਹਿਨਣ, ਸੋਸ਼ਲ ਦੂਰੀ ਬਣਾ ਕੇ ਰੱਖਣ, ਵਾਰ ਵਾਰ ਹੱਥ ਧੋਣ ਦੇ ਨਿਯਮਾਂ ਦੀ ਪਾਲਣਾ ਕਰਕੇ ਮਹਾਂਮਾਰੀ ਤੇ ਕਾਬੂ ਪਾਉਣ ਵਿੱਚ ਯੋਗਦਾਨ ਪਾਇਆ ਜਾਵੇ।
ਡਾ: ਸਰਮਾਂ ਨੇ ਤੰਬਾਕੂ ਵੇਚਣ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਤੰਬਾਕੂ ਪਦਾਰਥ ਵੇਚਣ ਤੇ ਵੀ ਪਾਬੰਦੀ ਲਗਾਈ ਹੋਈ ਹੈ ਅਤੇ ਜੇਕਰ ਕੋਈ ਵਿਅਕਤੀ ਸਰਕਾਰ ਦੇ ਇਸ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।