ਨਿਊ ਸਾਊਥ ਵੇਲਜ਼ ਵਿੱਚ ਸੜਕ ਸੁਰੱਖਿਆ ਲਈ ਖਰਚੇ ਜਾਣਗੇ 135 ਮਿਲੀਅਨ ਡਾਲਰ

ਸੜਕ ਪਰਿਵਹਨ ਮੰਤਰੀ ਸ੍ਰੀ ਐਂਡ੍ਰਿਊਜ਼ ਕੰਸਟੈਂਸ ਨੇ ਸਾਂਝੀ ਕੀਤੀ ਜਾਣਕਾਰੀ ਰਾਹੀਂ ਦੱਸਿਆ ਹੈ ਕਿ ਰਾਜ ਅੰਦਰ ਪਹਿਲਾਂ ਤੋਂ ਹੀ ਚੱਲ ਰਹੇ 822 ਮਿਲੀਅਨ ਡਾਲਰਾਂ ਦੇ ਸੜਕ ਸੁਰੱਖਿਆ ਪ੍ਰਬੰਧਨ ਪ੍ਰਾਜੈਕਟਾਂ ਦੇ ਮੌਜੂਦਾ ਪੜਾਅ ਤਹਿਤ ਹੁਣ ਅਜਿਹੇ ਪ੍ਰਾਜੈਕਟਾਂ ਉਪਰ 135 ਮਿਲੀਅਨ ਡਾਲਰਾਂ ਦੇ ਪ੍ਰਾਜੈਕਟ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਦੇ ਤਹਿਤ ਘੱਟੋ ਘੱਟ 78 ਅਜਿਹੇ ਪ੍ਰਾਜੈਕਟ ਚਲਾਏ ਜਾਣੇ ਹਨ ਜਿਨ੍ਹਾਂ ਰਾਹੀਂ ਕਿ ਕੀਮਤੀ ਜਾਨਾਂ ਨੂੰ ਹੋਰ ਵੀ ਮੁਸਤੈਦੀ ਨਾਲ ਸਮਾਂ ਰਹਿੰਦਿਆਂ ਬਚਾਇਆ ਜਾ ਸਕੇਗਾ।
ਉਨ੍ਹਾਂ ਕਿਹਾ ਕਿ ਬੀਤੇ ਤਕਰੀਬਨ 15 ਸਾਲਾਂ ਅੰਦਰ ਅਸੀਂ 1500 ਤੋਂ ਵੀ ਜ਼ਿਆਦਾ ਅਜਿਹੀਆਂ ਕੀਮਤੀ ਜਾਨਾਂ ਗੁਆ ਚੁਕੇ ਹਾਂ ਜੋ ਕਿ ਆਪਣੀ ਘਰਾਂ ਨੂੰ ਪਰਤ ਰਹੀਆਂ ਸਨ ਅਤੇ ਰਾਹ ਵਿੱਚ ਦੁਰਘਟਨਾਵਾਂ ਦਾ ਸ਼ਿਕਾਰ ਹੋ ਗਈਆਂ।
ਇਸ ਸਾਲ ਵਾਸਤੇ ਸਰਕਾਰ ਨੇ ਮੈਟਰੋਪਾਲਿਟਨ ਨਿਊ ਸਾਊਥ ਵੇਲਜ਼ ਵਾਸਤੇ 43 ਮਿਲੀਅਨ ਡਾਲਰ ਦਾ ਫੰਡ ਰੱਖਿਆ ਹੈ ਅਤੇ ਬਾਕੀ ਖੇਤਰੀ ਇਲਾਕਿਆਂ ਵਾਸਤੇ 92 ਮਿਲੀਅਨ ਡਾਲਰਾਂ ਦਾ ਫੰਡ ਅਜਿਹੇ ਹੀ ਪ੍ਰਾਜੈਕਟਾਂ ਲਈ ਵਰਤਿਆ ਜਾਣਾ ਹੈ।
ਖੇਤਰੀ ਸੜਕ ਪਰਿਵਹਨ ਮੰਤਰੀ ਸ੍ਰੀ ਪਾਲ ਟੂਲੇ ਨੇ ਕਿਹਾ ਕਿ ਰਾਜ ਸਰਕਾਰ ਫੈਡਰਲ ਸਰਕਾਰ ਨਾਲ ਮਿਲ ਕੇ 408 ਮਿਲੀਅਨ ਡਾਲਰਾਂ ਦੇ ਪ੍ਰਾਜੈਕਟਾਂ ਲਈ ਬੀਤੇ ਮਾਰਚ ਦੇ ਮਹੀਨੇ ਤੋਂ ਹੀ ਕੰਮ ਕਰ ਰਹੀ ਹੈ ਜੋ ਕਿ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾਉਣ ਵਿੱਚ ਕਾਰਗਰ ਸਾਬਿਤ ਹੋ ਰਹੇ ਹਨ।
ਅਜਿਹੇ ਪ੍ਰਾਜੈਕਟਾਂ ਦੇ ਤਹਿਤ – ਹਰ 28 ਕਿਲੋਮੀਟਰ ਉਪਰ ਇੱਕ ਸੁਰੱਖਿਆ ਬੈਰੀਅਰ ਲਗਾਇਆ ਜਾਵੇਗਾ ਜੋ ਕਿ ਸੜਕ ਤੋਂ ਫਿਸਲਣ ਵਾਲੀਆਂ ਗੱਡੀਆਂ ਜਾਂ ਹੋਰ ਦੁਰਘਟਨਾਵਾਂ ਨੂੰ 95% ਤੱਕ ਰੋਕਣ ਵਿੱਚ ਸਹਾਈ ਹੋਣਗੇ; 167 ਕਿਲੋਮੀਟਰ ਦੇ ਫਾਸਲੇ ਉਪਰ ਰੰਬਲ ਸਟ੍ਰਿਪਸ ਬਣਾਈਆਂ ਜਾਣਗੀਆਂ ਜਿਨ੍ਹਾਂ ਨਾਲ ਕਿ ਡ੍ਰਾਈਵਰਾਂ ਨੂੰ ਸੜਕ ਉਪਰ ਆਪਣੀਆਂ ਰਾਹਾਂ ਬਦਲਣ ਵਿੱਚ ਮਦਦ ਮਿਲੇਗੀ ਅਤੇ ਅਜਿਹੀਆਂ ਦੁਰਘਟਨਾਵਾਂ ਵਿੱਚ 25% ਤੱਕ ਦੀ ਕਮੀ ਆਵੇਗੀ; 30 ਕਿਲੋਮੀਟਰ ਤੋਂ ਵੱਧ ਖੇਤਰ ਵਿੱਚ ਸੈਂਟਰ ਲਾਈਨ ਲਗਾਈ ਜਾਵੇਗੀ; 313 ਅਜਿਹੇ ਮੋੜ ਜੋ ਕਿ ਜ਼ਿਆਦਾ ਜੋਖਮ ਵਾਲੇ ਹਨ, ਉਪਰ ਸਾਈਡਾਂ ਤੇ ਲੱਗਣ ਵਾਲੇ ਬੈਰਿਅਰ ਅਤੇ ਰੰਬਲ ਸਟ੍ਰਾਈਪਸ ਨਾਲ ਲੈਸ ਕੀਤਾ ਜਾਵੇਗਾ ਅਤੇ ਸੜਕ ਉਪਰ ਲਾਈਨਾਂ ਨਾਲ ਮਾਰਕਿੰਗ ਹੋਵੇਗੀ; ਅਰਬਨ ਸੜਕਾਂ ਨਾਲ ਜੁੜਨ ਵਾਲੇ ਅਜਿਹੇ 47 ਪੁਆਇੰਟਾਂ ਉਪਰ ਗੋਲ ਚੱਕਰਾਂ ਅਤੇ ਸਿਗਨਲਾਂ ਦਾ ਨਵੀਨੀਕਰਣ ਕੀਤਾ ਜਾਵੇਗਾ।