ਆਸਟ੍ਰੇਲੀਆਈ ਕ੍ਰਿਕਟਰ ਮਾਈਕਲ ਹਸੇ, ਭਾਰਤ ਵਿੱਚ ਕਰੋਨਾ ਪਾਜ਼ਿਟਿਵ -ਅਈ.ਪੀ.ਐਲ. ਕਾਰਨ ਇੱਥੇ ਹੀ ਫਸਿਆ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆਈ ਕ੍ਰਿਕਟਰ, ਮਾਈਕਲ ਹਸੇ, ਜੋ ਕਿ ਆਈ.ਪੀ.ਐਲ. ਦੇ ਰੱਦ ਹੋ ਜਾਣ ਕਾਰਨ ਭਾਰਤ ਗਿਆ ਸੀ ਅਤੇ ਮੌਜੂਦਾ ਸਮੇਂ ਵਿੱਚ ਭਾਰਤ ਅੰਦਰ ਹੀ ਆਪਣੇ ਸਾਥੀ ਡੇਵਿਡ ਵਾਰਨਰ ਅਤੇ ਹੋਰ ਵੀ ਕ੍ਰਿਕਟ ਦੇ ਖਿਡਾਰੀਆਂ ਦੇ ਨਾਲ ਫਸਿਆ ਹੋਇਆ ਹੈ, ਦੀ ਕਰੋਨਾ ਟੈਸਟ ਦੀ ਰਿਪੋਰਟ ਪਾਜ਼ਿਟਿਵ ਆ ਗਈ ਹੈ ਪਰੰਤੂ ਮਾਈਕਲ ਦਾ ਕਹਿਣਾ ਹੈ ਕਿ ਉਹ ਇੱਕ ਵਾਰੀ ਫੇਰ ਤੋਂ ਆਪਣਾ ਟੈਸਟ ਕਰਵਾਏਗਾ ਅਤੇ ਨਤੀਜਿਆਂ ਦਾ ਸਰਵੇਖਣ ਕਰੇਗਾ।
ਭਾਰਤ ਵਿੱਚ ਇਸ ਸਮੇਂ ਸਟਾਰ ਬੈਟਸਮੈਨ ਸਟੀਵ ਸਮਿਥ ਦੇ ਨਾਲ ਹੋਰ ਵੀ ਬਹੁਤ ਸਾਰੇ ਕ੍ਰਿਕਟ ਦੇ ਖਿਡਾਰੀ (ਗਿਣਤੀ ਵਿਚ 40 ਦੇ ਕਰੀਬ), ਆਸਟ੍ਰੇਲੀਆ ਵੱਲੋਂ ਭਾਰਤੀ ਆਵਾਗਮਨ ਉਪਰ ਲਗਾਈ ਗਈ ਪਾਬੰਧੀ ਕਾਰਨ, ਇੱਥੇ ਹੀ ਫਸੇ ਹੋਏ ਹਨ ਅਤੇ ਆਸਟ੍ਰੇਲੀਆ ਵਾਪਸੀ ਦੀ ਤਾਂਘ ਵਿੱਚ ਦਿਨ ਰਾਤ ਸਿਰਫ ਅਤੇ ਸਿਰਫ ਮਈ ਦੀ 15 ਤਾਰੀਖ ਦਾ ਹੀ ਇੰਤਜ਼ਾਰ ਕਰ ਰਹੇ ਹਨ।
ਮਾਈਕਲ ਹਸੇ, ਆਈ.ਪੀ.ਐਲ. ਚੇਨਈ ਸੁਪਰ ਕਿੰਗਜ਼ ਦੇ ਬੈਟਿੰਗ ਕੋਚ ਦੀ ਭੂਮਿਕਾ ਨਿਭਾ ਰਿਹਾ ਸੀ ਅਤੇ ਗੇਂਦਬਾਜ਼ੀ ਦੇ ਕੋਚ ਐਲ. ਬਾਲਾਜੀ ਅਤੇ ਇੱਕ ਹੋਰ ਸਟਾਫ ਮੈਂਬਰ ਦੀ ਕਰੋਨਾ ਰਿਪੋਰਟ ਪਾਜ਼ਿਟਿਵ ਆਉਣ ਕਾਰਨ ਉਸਦਾ ਵੀ ਟੈਸਟ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਹੋਰ ਦੇਸ਼ਾਂ ਦੇ ਖਿਡਾਰੀ ਵੀ ਭਾਰਤ ਵਿੱਚ ਉਕਤ ਕ੍ਰਿਕੇਟ ਸੀਰੀਜ਼ ਲਈ ਆਏ ਸਨ ਪਰੰਤੂ ਉਹ ਸਭ ਹੁਣ ਅੱਜ ਤੋਂ ਆਪਣੇ ਆਪਣੇ ਦੇਸ਼ਾਂ/ਘਰਾਂ ਨੂੰ ਪਰਤਣੇ ਸ਼ੁਰੂ ਹੋ ਰਹੇ ਹਨ ਪਰੰਤੂ ਆਸਟ੍ਰਲੀਆਈ ਖਿਡਾਰੀ ਅਜਿਹਾ 15 ਮਈ ਤੱਕ ਨਹੀਂ ਕਰ ਪਾਉਣਗੇ ਕਿਉਂਕਿ ਭਾਰਤ ਅੰਦਰ ਵੱਧਦੇ ਕਰੋਨਾ ਦੇ ਮਾਮਲਿਆਂ ਅਤੇ ਇਸ ਤੋਂ ਹੋਣ ਵਾਲੀਆਂ ਮੌਤਾਂ ਦਾ ਆਂਕੜਾ ਦਿਨ ਰਾਤ ਵੱਧ ਰਿਹਾ ਹੈ ਅਤੇ ਇਸ ਦੇ ਮੱਦੇਨਜ਼ਰ, ਮੋਰੀਸਨ ਸਰਕਾਰ ਨੇ ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਹਰ ਤਰ੍ਹਾਂ ਦੇ ਆਵਾਗਮਨ ਉਪਰ ਫੌਰ ਤੌਰ ਤੇ ਪਾਬੰਧੀ ਲਗਾ ਰੱਖੀ ਹੈ।