ਆਕਸੀਜਨ ਟਵੀਟ ਕੀ ਕੀਤਾ…ਬੱਸ ਐਵੇਂ ਰੌਲਾ ਪੈ ਗਿਆ

‘ਨਿਊਜ਼ੀਲੈਂਡ ਹਾਈ ਕਮਿਸ਼ਨ ਇਨ ਇੰਡੀਆ’ ਨੇ ਸਟਾਫ ਮੈਂਬਰ ਲਈ ਮੰਗੀ ਆਕਸੀਜਨ ਤੇ ਫਿਰ…..?
-ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਦੱਸਣੀ ਪਈ ਸਫਾਈ ਤੇ ਕਿਹਾ ਤਰੀਕਾ ਸਹੀ ਨਹੀਂ ਸੀ
-ਹਾਈ ਕਮਿਸ਼ਨ ਨੇ ਮੰਗੀ ਮਾਫੀ-ਬਿਮਾਰ ਵਿਅਕਤੀ ਲਈ ਕੀਤੀ ਦੁਆ

ਆਕਲੈਂਡ :-‘ਮੇਰਾ ਭਾਰਤ ਮਹਾਨ’ ਨਾ ਹੋ ਕੇ ਅੱਜ ਕੱਲ੍ਹ ਕਰੋਨਾ ਦੀ ਮਾਰ ਝਲਦਿਆਂ ਹਰ ਇਕ ਦੀ ਜਾਨ ਲੈਣ ਵਾਲਾ ਬਣਿਆ ਹੋਇਆ ਹੈ। ਆਕਸੀਜਨ ਸਿਲੰਡਰਾਂ ਦੀ ਐਨੀ ਥੁੜ੍ਹ ਪੈਦਾ ਹੋ ਗਈ ਹੈ ਕਿ ਵੱਡੇ-ਵੱਡੇ ਅਦਾਰੇ ਸਰਕਾਰੀ ਆਸ ਤੋਂ ਪਰ੍ਹੇ ਹੋ ਸੋਸ਼ਲ ਮੀਡੀਆ ਉਤੇ ਵਿਸ਼ਵਾਸ਼ ਕਰਨ ਲੱਗੇ ਹਨ ਕਿ ਸ਼ਾਇਦ ਸਰਕਾਰੀ ਸਾਧਨਾਂ ਤੋਂ ਪਹਿਲਾਂ ਕੋਈ ਉਥੇ ਆਕਸੀਜਨ ਪਹੁੰਚਾ ਦੇਵੇ ਅਤੇ ਕਿਸੀ ਦੀ ਜਾਨ ਬਚ ਜਾਵੇ।
ਗੱਲ ਹੈ ਨਵੀਂ ਦਿੱਲੀ ਸਥਿਤ ਨਿਊਜ਼ੀਲੈਂਡ ਹਾਈ ਕਮਿਸ਼ਨ ਦੀ। ਪਿਛਲੇ ਇਕ ਸਾਲ ਤੋਂ ਇਹ ਕਮਿਸ਼ਨ ਆਪਣਾ ਕੀਵੀ ਸਟਾਫ ਅਤੇ ਸਥਾਨਿਕ ਸਟਾਫ ਆਪਣੇ ਹੀ ਕੰਪਾਊਡ ਦੇ ਵਿਚ ਰੱਖ ਰਿਹਾ ਹੈ ਤਾਂ ਕਿ ਕਰੋਨਾ ਤੋਂ ਬਚਿਆ ਜਾ ਸਕੇ। ਬੀਤੇ ਦਿਨੀਂ ਉਨ੍ਹਾਂ ਦਾ ਇਕ ਸਥਾਨਕ ਸਟਾਫ ਮੈਂਬਰ ਬਿਮਾਰ ਹੋ ਗਿਆ ਅਤੇ ਉਸਨੂੰ ਤੁਰੰਤ ਆਕਸੀਜਨ ਦੀ ਲੋੜ ਸੀ। ਹਾਈ ਕਮਿਸ਼ਨ ਨੇ ਨੈਸ਼ਨਲ ਯੂਥ ਕਾਂਗਰਸ ਦੇ ਪ੍ਰਧਾਨ ਸਿਰੀਨਿਵਾਸ ਬੀ.ਵੀ. ਨੂੰ ਹੈਸ਼ ਟੈਗ ਕਰਦਿਆਂ ਸੋਸ਼ਲ ਸਫੇ ਉਤੇ ਆਕਸੀਜਨ ਦੇ ਸਿਲੰਡਰ ਦੀ ਤੁਰੰਤ ਲੋੜ ਲਈ ਪੋਸਟ ਪਾ ਦਿੱਤੀ। ਟਵੀਟ  ਨੇ ਕੰਮ ਕੀਤਾ ਅਤੇ ਸਿਲੰਡਰ ਤਾਂ ਜਲਦੀ ਹੀ ਦੱਸ ਕੇ ਪਹੁੰਚਾ ਦਿੱਤਾ ਗਿਆ ਪਰ ਹਾਈ ਕਮਿਸ਼ਨ ਵੱਲੋਂ ਅਪਣਾਇਆ ਗਿਆ ਇਹ ਤਰੀਕਾ ਰਾਜਸੀ ਤਰੀਕਿਆਂ ’ਤੇ ਖਰਾ ਨਹੀਂ ਉਤਰਿਆ ਜਿਸ ਕਰਕੇ ਮਾਮਲਾ ਮੀਡੀਆ ਰਾਹੀਂ ਤੁਰਦਾ-ਤੁਰਦਾ ਨਿਊਜ਼ੀਲੈਂਡ ਸਰਕਾਰ ਤੱਕ ਪਹੁੰਚ ਗਿਆ। ਪ੍ਰਧਾਨ ਮੰਤਰੀ ਮਾਣਯੋਗ ਜੈਸਿੰਡਾ ਆਰਡਨ ਨੂੰ ਇਸ ਸਬੰਧੀ ਸਫਾਈ ਦੇਣੀ ਪਈ ਹੈ ਅਤੇ ਕਹਿਣਾ ਪਿਆ ਕਿ ਹਾਈ ਕਮਿਸ਼ਨ ਦਾ ਇਹ ਤਰੀਕਾ ਠੀਕ ਨਹੀਂ ਸੀ। ਨਿਯਮਾਂ ਅਨੁਸਾਰ ਭਾਰਤ ਦੀ ਸਰਕਾਰ ਤੱਕ ਪਹੁੰਚ ਕਰਨੀ ਬਣਦੀ ਸੀ ਅਤੇ ਉਨ੍ਹਾਂ ਨੇ ਇਸਦਾ ਯੋਗ ਪ੍ਰਬੰਧ ਕਰਨਾ ਸੀ। ਬਿਮਾਰ ਵਿਅਕਤੀ ਦੀ ਸਿਹਤਯਾਬੀ ਲਈ ਪ੍ਰਧਾਨ ਮੰਤਰੀ ਨੇ ਦੁਆ ਕੀਤੀ ਹੈ।
ਹਾਈ ਕਮਿਸ਼ਨ ਨਿਊਜ਼ੀਲੈਂਡ ਨੇ ਇਸ ਤਰ੍ਹਾਂ ਦਾ ਟਵੀਟ ਕਰਨ ਉਤੇ ਵੀ ਮਾਫੀ ਮੰਗੀ ਹੈ। ਮਾਫੀ ਮੰਗਣ ਦਾ ਕਾਰਨ ਹੈ ਕਿ ਜਦੋਂ ਸਹੀ ਰਸਤਾ ਸੀ ਤਾਂ ਟੇਢਾ-ਮੇਢਾ ਰਸਤਾ ਕਿਉਂ ਚੁਣਿਆ ਗਿਆ। ਹਾਈ ਕਮਿਸ਼ਨ ਨੇ ਉਸ ਟਵੀਟ ਨੂੰ ਬਦਲ ਕੇ ਦੁਬਾਰਾ ਪਾ ਦਿੱਤਾ ਹੈ।
ਸੋ ਆਕਸੀਜਨ ਲਈ ਟਵੀਟ ਕੀ ਕੀਤਾ…ਬੱਸ ਐਵੈਂ ਰੌਲਾ ਪੈ ਗਿਆ। ਹੋ ਸਕਦਾ ਹੈ ਤੁਰੰਤ ਪਹੁੰਚੇ ਸਿਲੰਡਰ ਨਾਲ ਕਿਸੀ ਦੀ ਜਾਨ ਬਚ ਗਈ ਹੋਵੇ ਪਰ ਕਈ ਵਾਰ ਮਸਲਾ ਨਿਯਮਾਂ ਦਾ ਆ ਜਾਂਦਾ ਹੈ।