ਭਾਰਤ ਤੋਂ ਮੁੜਨ ਵਾਲਿਆਂ ਨੂੰ ਜੇਲ੍ਹ ਜਾਂ ਜੁਰਮਾਨੇ ਦੇ “ਨਾਂਹ ਦੇ ਬਰਾਬਰ” ਚਾਂਸ -ਸਕਾਟ ਮੋਰੀਸਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਹਰ ਤਰਫੋਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਵੱਲੋਂ ਭਾਰਤ ਖ਼ਿਲਾਫ਼ ਕੀਤੀ ਗਈ ਕਾਰਵਾਈ ਕਾਰਨ ਨਿਖੇਧੀ ਹੋ ਰਹੀ ਹੈ ਤਾਂ ਇਸ ਪ੍ਰਤੀ ਸਫਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਉਕਤ ਪਾਬੰਧੀਆਂ ਨੂੰ ਲੱਗਿਆਂ ਤਾਂ ਸਾਲ ਤੋਂ ਵੀ ਜ਼ਿਆਦਾ ਹੋ ਗਿਆ ਹੈ ਅਤੇ ਇਸ ਕਾਰਨ ਕਿਸੇ ਵੀ ਆਸਟ੍ਰੇਲੀਆ ਪਰਤਣ ਵਾਲੇ ਕਿਸੇ ਨਾਗਰਿਕ ਨੂੰ ਅਜਿਹਾ ਕੋਈ ਜੁਰਮਾਨਾ ਜਾਂ ਜੇਲ੍ਹ ਦੀ ਸਜ਼ਾ ਨਹੀਂ ਦਿੱਤੀ ਗਈ। ਇਹ ਸਭ ਤਾਂ ਦੇਸ਼ ਦੇ ਨਾਗਰਿਕਾਂ ਨੂੰ ਕਰੋਨਾ ਦੇ ਬਾਹਰੀ ਇਨਫੈਕਸ਼ਨ ਤੋਂ ਬਚਾਉਣ ਲਈ ਕੀਤਾ ਗਿਆ ਹੈ ਅਤੇ ਸਰਕਾਰ ਦਾ ਇਹ ਫਰਜ਼ ਵੀ ਬਣਦਾ ਹੈ ਕਿ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਉਹ ਹਰ ਇੱਕ ਕਦਮ ਚੁੱਕੇ ਅਤੇ ਆਸਟ੍ਰੇਲੀਆ ਦੀ ਸਰਕਾਰ ਵੀ ਅਜਿਹਾ ਹੀ ਕਰ ਰਹੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੇਸ਼ ਅੰਦਰ ਕਰੋਨਾ ਦਾ ਬਹੁਤ ਹੀ ਮਾੜਾ ਪ੍ਰਭਾਵ ਪਿਆ ਹੈ ਅਤੇ ਹਰ ਤਰਫ ਹੀ ਮੌਤ ਦਾ ਤਾਂਡਵ ਹੋ ਰਿਹਾ ਹੈ ਅਤੇ ਬੇਸ਼ਕ ਲੋਕ ਤੀਜੇ ਦੇਸ਼ਾਂ ਤੋਂ ਹੋ ਕੇ ਆਸਟ੍ਰੇਲੀਆ ਪਰਤ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਤੀਜੇ ਦੇਸ਼ਾਂ ਦੇ ਰਾਹ ਵੀ ਬੰਦ ਕਰਨੇ ਪਏ ਹਨ ਕਿਉਂਕਿ ਉਹ ਹੁਣ ਜੋਖਮ ਉਠਾਉਣਾ ਨਹੀਂ ਚਾਹੁੰਦੇ।
ਹੋਰਨਾਂ ਦੇਸ਼ਾਂ ਨਾਲ ਫਲਾਈਟਾਂ ਅਤੇ ਆਵਾਗਮਨ ਉਪਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਆਂਕੜੇ ਦਰਸਾਉਂਦੇ ਹਨ ਕਿ ਜੋ ਭਾਰਤ ਦੇਸ਼ ਅੰਦਰ ਇਸ ਸਮੇਂ ਸਥਿਤੀਆਂ ਹਨ ਉਹ ਬਹੁਤ ਹੀ ਖ਼ਤਰਨਾਕ ਹਨ ਅਤੇ ਇੱਥੋਂ ਕਰੋਨਾ ਦੇ ਟ੍ਰਾਂਸਫਰ ਹੋਣ ਦੇ ਖ਼ਤਰੇ ਜ਼ਿਆਦਾ ਹਨ ਅਤੇ ਇਸੇ ਵਾਸਤੇ ਦੋਹਾ ਅਤੇ ਦੁਬਈ ਦੀਆਂ ਫਲਾਈਟਾਂ ਨੂੰ ਵੀ ਬੰਦ ਕਰਨਾ ਪਿਆ ਹੈ ਕਿਉਂਕਿ ਕੁੱਝ ਲੋਕ ਭਾਰਤ ਵਿੱਚੋਂ ਆਸਟ੍ਰੇਲੀਆ ਆਉਣ ਵਾਸਤੇ ਇਨ੍ਹਾਂ ਰਾਹਾਂ ਦਾ ਇਸਤੇਮਾਲ ਕਰ ਰਹੇ ਸਨ।
ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਵੀ ਸਕਾਟ ਮੋਰੀਸਨ ਦੇ ਇਸ ਕਦਮ ਦੀ ਨਿੰਦਾ ਹੀ ਕੀਤੀ ਹੈ ਅਤੇ ਕਿਹਾ ਹੈ ਕਿ ਸਾਨੂੰ ਆਪਣੀਆਂ ਕੁਆਰਨਟੀਨ ਸਹੂਲਤਾਂ ਆਦਿ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ ਤਾਂ ਕਿ ਲੋਕ ਇੱਥੇ ਆ ਕੇ, ਕੁਆਰਨਟੀਨ ਦੇ 14 ਦਿਨ ਬਿਤਾ ਕੇ, ਆਪਣੇ ਘਰਾਂ ਨੂੰ ਪਰਤ ਸਕਣ।