ਭਾਰਤ ਨਾਲ ਯਾਤਰਾ ਸਬੰਧੀ ਪਾਬੰਧੀਆਂ ਲਗਾਉਣਾ ਕੋਈ ਗ਼ੈਰ-ਜ਼ਿੰਮੇਵਾਰਾਨਾ ਕੰਮ ਨਹੀਂ ਸਗੋਂ ਸਮੇਂ ਦੀ ਜ਼ਰੂਰਤ -ਸਕਾਟ ਮੋਰੀਸਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆ ਦੁਆਰਾ ਭਾਰਤ ਦੇਸ਼ ਨਾਲ ਲਗਾਈਆਂ ਗਈਆਂ ਯਾਤਰਾ ਸਬੰਧੀ ਸਖ਼ਤ ਪਾਬੰਧੀਆਂ ਦੀ ਕਈ ਤਰਫੋਂ (ਭਾਰਤੀ ਲੋਕਾਂ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਖੜ੍ਹੇ ਬਹੁਤ ਸਾਰੇ ਸੰਗਠਨ ਆਦਿ) ਨੁਕਤਾਚੀਨੀ ਅਤੇ ਵਿਰੋਧਤਾ ਹੋਣ ਤੇ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਿਹਾ ਕਿ ਉਹ ਜਾਣਦੇ ਹਨ, ਅਤੇ ਦਿਲੋਂ ਦੁਖੀ ਵੀ ਹਨ, ਕਿ ਇਸ ਫੈਸਲੇ ਨਾਲ ਅਜਿਹੇ ਹਜ਼ਾਰਾਂ ਲੋਕਾਂ ਦੀਆਂ ਤਕਲੀਫ਼ਾਂ ਵਿੱਚ ਵਾਧਾ ਹੋਇਆ ਹੈ ਜੋ ਕਿ ਭਾਰਤ ਵਿੱਚ ਫਸੇ ਹਨ ਅਤੇ ਆਸਟ੍ਰੇਲੀਆ ਨਹੀਂ ਆ ਸਕਦੇ ਪਰੰਤੂ ਇਸ ਸਮੇਂ ਜੋ ਹਾਲ ਭਾਰਤ ਦੇਸ਼ ਵਿੱਚ ਹੋ ਰਿਹਾ ਹੈ ਅਤੇ ਹਰ ਪਾਸੇ ਕਰੋਨਾ ਦੀ ਮਾਰ ਪੈ ਰਹੀ ਹੈ ਅਤੇ ਮੌਤ ਦਾ ਤਾਂਡਵ ਚੱਲ ਰਿਹਾ ਹੈ ਤਾਂ ਅਜਿਹੀਆਂ ਸਥਿਤੀਆਂ ਵਿੱਚ ਗੰਭੀਰ ਜੋਖਮ ਚੁਕਿਆ ਨਹੀਂ ਜਾ ਸਕਦਾ ਅਤੇ ਆਸਟ੍ਰੇਲੀਆਈ ਦੇਸ਼ ਵਾਸੀਆਂ ਦੇ ਜਨਤਕ ਅਤੇ ਸਿਹਤ ਸਬੰਧੀ ਧਿਆਨ ਹਿਤ ਹੀ ਅਜਿਹੇ ਕਠੋਰ ਫੈਸਲੇ ਲਏ ਗਏ ਹਨ ਅਤੇ ਇਸ ਬਾਬਤ ਕੋਈ ਵੀ ਪੱਖਪਾਤ ਨਹੀਂ ਕੀਤਾ ਜਾ ਰਿਹਾ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅਜਿਹਾ ਕਰਨਾ ਲਾਜ਼ਮੀ ਇਸ ਲਈ ਵੀ ਹੋ ਗਿਆ ਸੀ ਕਿਉਂਕਿ ਕੁੱਝ ਲੋਕਾਂ ਨੇ ਦੋਹਾ (ਕਤਰ) ਵਾਲਾ ਰਾਹ ਫੜਿਆ ਸੀ ਅਤੇ ਇਸ ਰਸਤੇ ਆਸਟ੍ਰੇਲੀਆ ਅੰਦਰ ਦਾਖਿਲ ਹੋ ਰਹੇ ਸਨ ਅਤੇ ਹਾਲ ਦੀ ਘੜੀ ਅਜਿਹਾ ਕਰਨਾ ਵਾਜਿਬ ਹੀ ਨਹੀਂ ਸਗੋਂ ਗੈਰ ਕਾਨੂੰਨੀ ਵੀ ਘੋਸ਼ਿਤ ਕਰ ਦਿੱਤਾ ਗਿਆ ਹੈ ਅਤੇ ਇਹ ਸੱਭ ਜਨਤਕ ਸਿਹਤ ਦੇ ਮੱਦੇਨਜ਼ਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮੌਜੂਦਾ ਸਮਿਆਂ ਅੰਦਰ 9000 ਤੋਂ ਵੀ ਵੱਧ ਅਜਿਹੇ ਲੋਕ ਹਨ ਜੋ ਕਿ ਭਾਰਤ ਵਿੱਚ ਫਸੇ ਹਨ ਅਤੇ ਘਰ ਵਾਪਸੀ ਦੇ ਇੰਤਜ਼ਾਰ ਵਿੱਚ ਬੈਠੇ ਹਨ ਅਤੇ ਅਜਿਹੀਆਂ ਪਾਬੰਧੀਆਂ ਹਾਲ ਦੀ ਘੜੀ ਤਾਂ 15 ਮਈ, 2021 ਤੱਕ ਹੀ ਲਗਾਈਆਂ ਗਈਆਂ ਹਨ ਪਰੰਤੂ ਇਸ ਦੇ ਨਾਲ ਹੀ ਸਥਿਤੀਆਂ ਅਤੇ ਕਰੋਨਾ ਦੇ ਆਂਕੜਿਆਂ ਉਪਰ ਪੈਨੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਨ੍ਹਾਂ ਉਪਰ ਹੀ ਅਗਲੀਆਂ ਕਾਰਵਾਈਆਂ ਦਾ ਐਲਾਨ ਕੀਤਾ ਜਾਵੇਗਾ -ਇਹ ਤਾਂ ਜ਼ਾਹਿਰ ਹੀ ਹੈ।