ਮੈਲਬੋਰਨ ਵਿੱਚ ਦੱਖਣੀ-ਏਸ਼ੀਆਈ ਔਰਤਾਂ ਵੱਲੋਂ ਖੁਦਕਸ਼ੀਆਂ ਦੇ ਚਲਨ ਨੂੰ ਰੋਕਣ ਵਾਸਤੇ ਸਮਾਜ ਸੇਵਾ ਸੰਸਥਾਵਾਂ ਆਈਆਂ ਅੱਗੇ -ਜਨਤਕ ਪੱਧਰ ਉਪਰ ਕਾਂਸਲਿੰਗ ਸ਼ੁਰੂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਐਸ.ਬੀ.ਐਸ. ਅਦਾਰੇ ਵੱਲੋਂ ਬੀਤੇ ਸਾਲ ਇਹ ਮੁੱਦਾ ਚੁਕਿਆ ਗਿਆ ਸੀ ਕਿ ਮੈਲਬੋਰਨ ਅਤੇ ਇਸ ਦੇ ਨਾਲ ਲਗਦੇ ਖੇਤਰਾਂ ਅੰਦਰ, ਦੱਖਣੀ-ਏਸ਼ੀਆਈ ਮਹਿਲਵਾਂ ਵੱਲੋਂ ਲਗਾਤਾਰ ਖੁਦਕਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਜਾ ਰਹੀ ਹੈ, ਜੋ ਕਿ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਅਤੇ ਇਸਨੂੰ ਬੰਦ ਕਰਨ ਲਈ ਫੌਰੀ ਤੌਰ ਤੇ ਹਰ ਕਿਸੇ ਨੂੰ ਕਦਮ ਚੁੱਕਣੇ ਚਾਹੀਦੇ ਹਨ। ਇਸ ਤੋਂ ਬਾਅਦ ਹੁਣ ਉਕਤ ਵਿਸ਼ੇ ਦਾ ਗੰਭੀਰਤਾ ਨਾਲ ਸੰਘਿਆਨ ਲੈਂਦਿਆਂ, ਬਹੁਤ ਸਾਰੇ ਸੰਗਠਨ ਆਦਿ ਅੱਗੇ ਆਏ ਹਨ ਅਤੇ ਉਨ੍ਹਾਂ ਨੇ ਖੁਲ੍ਹੇਆਮ ਤੌਰ ਤੇ ਲੋਕਾਂ ਨਾਲ ਭਾਈਚਾਰਕ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ ਜਿਸ ਵਿੱਚ ਕਿ ਦਿਨ ਪ੍ਰਤੀ ਦਿਨ ਪੇਸ਼ ਆਉਂਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਗੱਲਬਾਤ ਕੀਤੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਜਿਨ੍ਹਾਂ ਔਰਤਾਂ ਵੱਲੋਂ ਖੁਦਕਸ਼ੀਆਂ ਕੀਤੀਆਂ ਗਈਆਂ ਸਨ, ਪੜਤਾਲ ਵਿੱਚ ਪਾਇਆ ਗਿਆ ਸੀ ਕਿ ਜ਼ਿਆਦਾਤਰ ਘਰੇਲੂ ਹਿੰਸਾ ਅਤੇ ਪ੍ਰਤਾੜਨਾ ਦਾ ਸ਼ਿਕਾਰ ਸਨ ਅਤੇ ਇਸੇ ਕਾਰਨ ਉਨ੍ਹਾਂ ਨੇ ਖੁਦਕਸ਼ੀ ਦਾ ਰਾਹੀ ਚੁਣਿਆ ਸੀ।
ਇਸ ਨੂੰ ਰੋਕਣ ਲਈ ਹੁਣ ਦ ਬਰਦਰਹੁੱਡ (ਸੇਂਟ ਲਾਰੈਂਸ ਤੋਂ) ਅਤੇ ਊਰਜਾ ਫਾਊਂਡੇਸ਼ਨ ਨੇ ਆਪਸ ਵਿੱਚ ਮਿਲ ਕੇ ਇੱਕ ਮੁਹਿੰਮ ਚਲਾਈ ਹੈ ਅਤੇ ਹਰ ਹਫ਼ਤੇ ਅਜਿਹੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਅਤੇ ਲੋਕਾਂ ਨਾਲ ਆਪਸੀ ਗੱਲਬਾਤ ਰਾਹੀਂ ਮਸਲਿਆਂ ਦੇ ਹੱਲ ਲਈ ਕਦਮ ਚੁੱਕੇ ਜਾ ਰਹੇ ਹਨ।
ਇਸ ਬਾਬਤ ਅਜਿਹੇ ਸੰਗਠਨਾ ਨੇ ਪਿਕਨਿਕਾਂ, ਐਜੂਕੇਸ਼ਨਲ ਪ੍ਰੋਗਰਾਮਾਂ, ਜ਼ਿਹਨੀ ਤੌਰ ਤੇ ਗੱਲਬਾਤ ਆਦਿ ਕਰਨ ਲਈ ਅਜਿਹੇ ਸੈਸ਼ਨਾਂ ਆਦਿ ਦਾ ਆਯੋਜਨ ਕੀਤਾ ਜਾਂਦਾ ਹੈ ਜਿੱਥੇ ਆ ਕੇ ਲੋਕ ਆਪਣੀਆਂ ਸਮੱਸਿਆਵਾਂ ਦੀ ਚਰਚਾ ਬਿਨ੍ਹਾਂ ਕਿਸੇ ਡਰ ਭੈਅ ਦੇ ਕਰ ਸਕਦੇ ਹਨ ਅਤੇ ਇਸ ਨਾਲ ਹੀ ਇਨ੍ਹਾਂ ਦੇ ਸਮਾਧਾਨਾਂ ਬਾਰੇ ਵੀ ਚਰਚਾ ਕੀਤੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਵਿਕਟੋਰੀਆ ਪੁਲਿਸ ਦੇ ਸਾਲ 2018 ਦ ਆਂਕੜਿਆਂ ਮੁਤਾਬਿਕ ਇਹ ਤੱਥ ਸਾਹਮਣੇ ਆਏ ਹਨ ਕਿ ਐਪਿੰਗ ਅਤੇ ਮਿਲ ਪਾਰਕ ਜਿਹੇ ਸਬਅਰਬਾਂ ਵਿੱਚ ਪਰਿਵਾਰਕ ਹਿੰਸਾ ਦੇ ਕਾਫੀ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਮੈਲਬੋਰਨ ਦੇ ਸਬਅਰਬ ‘ਹੂਮੇ’ ਵਿੱਚ ਤਾਂ ਇਸ ਸਮੇਂ ਦੌਰਾਨ 3,100 ਅਜਿਹੇ ਮਾਮਲੇ ਦਰਜ ਕੀਤੇ ਗਏ ਸਨ।