ਰਵਿੰਦਰ ਰਵੀ ਦੇ ਕਾਵਿ-ਨਾਟਕਾਂ ਵਿਚ ਅਜੋਕੇ ਦੁਨਿਆਵੀ ਵਰਤਾਰਿਆਂ ਦੀ ਪੇਸ਼ਕਾਰੀ

ਸਿਆਲਕੋਟ (ਪਾਕਿਸਤਾਨ) ਦਾ ਜੰਮਪਲ ਰਵਿੰਦਰ ਰਵੀ, ਦੇਸ਼ ਦੀ ਵੰਡ ਵੇਲੇ ਆਪਣੇ ਪਰਿਵਾਰ ਨਾਲ ਭਾਰਤ ਪਹੁੰਚ ਗਿਆ। ਪੜਾਈ ਖਤਮ ਕਰਨ ਤੋਂ ਬਾਅਦ ਦਸ ਕੁ ਸਾਲ ਸਰਕਾਰੀ ਸਕੂਲਾਂ ਵਿਚ ਅਧਿਆਪਕ ਰਿਹਾ। 1967 ਵਿਚ ਬਤੌਰ ਅਧਿਆਪਕ ਹੀ ਕੀਨੀਆਂ ਚਲਾ ਗਿਆ। 1974 ਵਿਚ ਪੱਕੇ ਤੌਰ ਤੇ ਕੈਨੇਡਾ ਨੂੰ ਆਪਣੀ ਕਰਮ ਭੂਮੀ ਬਣਾ ਲਿਆ। ਸੈਰ-ਸਪਾਟੇ ਦੇ ਸ਼ੌਕੀਨ ਰਵੀ ਨੇ ਕਈ ਪੱਛਮੀ ਮੁਲਕਾਂ ਦਾ ਭ੍ਰਮਨ ਵੀ  ਕੀਤਾ। ਕੈਨੇਡਾ ਵਿਚ ਕੁਝ ਦੇਰ ਬੇਰੁਜ਼ਗਾਰੀ ਦੀ ਮਾਰ ਵੀ ਝੱਲੀ ਅਤੇ ਲੱਕੜ ਮਿਲ ਵਿਚ ਮਜਦੂਰੀ ਵੀ ਕੀਤੀ। ਪਰ ਜਲਦੀ ਹੀ ਆਪਣੇ ਅਧਿਆਪਨ ਦੇ ਕੀਤੇ ਵਿਚ ਪਹੁੰਚ ਗਿਆ। 
ਕੈਨੇਡਾ ਰਹਿੰਦੇ ਹੋਏ ਅਤੇ ਪੱਛਮੀ ਮੁਲਕਾਂ ਦੀ ਸੈਰ ਸਮੇਂ ਨੌਜਵਾਨ ਰਵੀ ਨੇ ਉਹਨਾਂ ਦੇਸ਼ਾਂ ਵਿਚ ਆ ਰਹੀਆਂ ਤਬਦੀਲੀਆਂ ਨੂੰ ਮਹਿਸੂਸ ਕੀਤਾ। ਕੀਨੀਆਂ ਜਾਣ ਤੋਂ ਪਹਿਲਾਂ ਹੀ ਰਵੀ ਕਵਿਤਾ ਅਤੇ ਕਹਾਣੀਆਂ ਲਿਖਣ ਵੱਲ ਪ੍ਰੇਰਿਤ ਹੋ ਚੁੱਕਿਆ ਸੀ। ਵਿਦੇਸ਼ੀ ਦੌਰਿਆਂ ਦੇ ਦੌਰਾਨ ਨੌਜਵਾਨ ਸਾਹਿਤਕਾਰ ਨੇ ਜਦੋਂ ਇਕ ਨਵੇਂ ਮਾਹੌਲ ਦੀ ਸਿਰਜਣਾ ਵੱਲ ਵਧ ਰਹੇ ਰੁਝਾਨ ਨੂੰ ਦੇਖਿਆ ਤਾਂ ਦਿਬ ਦ੍ਰਿਸ਼ਟੀ ਵਾਲੇ ਸਾਹਿਤਕਾਰ ਦੀ ਕਲਪਨਾ ਸ਼ਕਤੀ ਨੂੰ ਖੰਭ ਲੱਗੇ। ਦੂਜਾ, ਵਿਦਿਆਰਥੀਆਂ ਨੂੰ ਅੰਗ੍ਰੇਜੀ ਪੜਾਉਂਦੇ ਹੋਏ ਰਵੀ ਨੇ ਵਿਸ਼ਵ ਪੱਧਰ ਦੇ ਸਾਹਿਤ ਵਿਚ ਆ ਰਹੇ ਨਵੇਂ ਝੁਕਾਵਾਂ ਦੀ ਜਾਣਕਾਰੀ ਪ੍ਰਾਪਤ ਕੀਤੀ, ਨਵੇਂ ਸਾਹਿਤਕ ਸਿਧਾਂਤਾਂ ਦਾ ਡੂੰਘਾ ਅਧਿਐਨ ਕੀਤਾ। ਰਵੀ ਨੂੰ ਮਹਿਸੂਸ ਹੋਇਆ ਕਿ ਉਹ ਜਿਹੜੇ ਨਵੇਂ ਵਰਤਾਰਿਆਂ ਸੰਬੰਧੀ ਲਿਖਣਾ ਚਾਹੁੰਦਾ ਹੈ, ਪਾਠਕਾਂ ਨੂੰ ਨਵੇਂ ਹਾਲਾਤ ਤੋਂ ਜਾਣੂ ਕਰਵਾਉਣਾ ਚਾਹੁੰਦਾ ਹੈ, ਅਸਿੱਧੇ ਢੰਗ ਨਾਲ ਗੈਰ ਸਮਾਜਿਕ ਰੁਝਾਨਾਂ ਵਿਰੁੱਧ ਖਬਰਦਾਰ ਕਰਨਾ ਚਾਹੁੰਦਾ ਹੈ, ਉਹਨਾਂ ਲਈ ਪੰਜਾਬੀ ਸਾਹਿਤ ਦੇ ਪੁਰਾਣੇ ਰੂਪਕ ਪੱਖ ਨੂੰ ਤਿਆਗ ਕੇ ਨਵੇਂ ਸਾਹਿਤਕ ਸਿਧਾਂਤਾਂ ਦੀ ਸਹਾਇਤਾ ਨਾਲ, ਆਪਣੀਆਂ ਸਾਹਿਤਕ ਕਿਰਤਾਂ ਦੀ ਰਚਨਾ ਕਰਨੀ ਹੋਵੇਗੀ। ਰਵੀ ਦਾ ਮਕਸਦ ਸੀ ਕਿ ਪੰਜਾਬੀ ਪਾਠਕਾਂ ਨੂੰ ਵੀ ਨਵੇਂ ਸਾਹਿਤਕ ਧਰਾਤਲ ਨਾਲ ਜੋੜਿਆ ਜਾਵੇ, ਸਾਹਿਤ ਪ੍ਰਤੀ ਉਹਨਾਂ ਦਾ ਨਜ਼ਰੀਆ ਬਦਲਿਆ ਜਾਵੇ, ਸਾਹਿਤਕਾਰ ਦੀ ਸੰਕੇਤਕ ਭਾਸ਼ਾ ਨੂੰ ਸਮਝਣ ਦੀ ਰੁਚੀ ਪੈਦਾ ਹੋ ਸਕੇ ਅਤੇ ਪੰਜਾਬੀ ਸਾਹਿਤ,  ਸਾਹਿਤਕਾਰ, ਪਾਠਕ ਸਾਰੇ ਹੀ ਸਮੇਂ ਦੇ ਹਾਣ ਦਾ ਬਣਨ।

ਰਵੀ ਨੇ ਪੱਛਮੀ ਮੁਲਕਾਂ ਦੇ ਅਤਿਆਧੁਨਿਕ ਰੰਗਮੰਚ ਨੂੰ ਦੇਖਿਆ ਅਤੇ ਮਹਿਸੂਸ ਨੀਤਾ ਕਿ ਸਾਹਿਤਕਾਰ ਨਾਟਕੀ ਵਿਧਾ ਰਾਹੀਂ ਵੀ ਪਾਠਕਾਂ/ਦਰਸ਼ਕਾਂ ਤੱਕ ਆਪਣਾ ਸੁਨੇਹਾ ਵਧੀਆ ਢੰਗ ਨਾਲ ਪਹੁੰਚਾ ਸਕਦਾ ਹੈ। ਉਹ ਮੂਲ ਰੂਪ ਵਿਚ ਕਵੀ ਸੀ, ਇਸ ਲਈ ਉਸ ਨੇ ਵਾਰਤਕ ਨਾਟਕਾਂ ਦੀ ਥਾਂ ਕਾਵਿ-ਨਾਟਕਾਂ ਦੀ ਰਚਨਾ ਨੂੰ ਤਰਜੀਹ ਦਿੱਤੀ। ਅਸਲ ਵਿਚ ਕਾਵਿ-ਨਾਟਕ ਲਿਖਣਾ ਵਾਰਤਕ ਨਾਟਕ ਲਿਖਣ ਨਾਲੋਂ ਵਧੇਰੇ ਕੁਸ਼ਲਤਾ ਦੀ ਮੰਗ ਕਰਦਾ ਹੈ। ਰਵੀ ਦਾ ਪਹਿਲਾ ਕਾਵਿ-ਨਾਟਕ 1974 ਵਿਚ ਪ੍ਰਕਾਸ਼ਿਤ ਹੋਇਆ ਅਤੇ ਹੁਣ ਤੱਕ ਉਹ ਸੋਲਾਂ ਕਾਵਿ-ਨਾਟਕ ਲਿਖ ਚੁੱਕਿਆ ਹੈ ਅਤੇ ਇਹ ਸਾਰੇ ਮੰਚ ਦਾ ਸ਼ਿੰਗਾਰ ਵੀ ਬਣ ਚੁੱਕੇ ਹਨ।

ਉਸ ਦੇ ਨਾਟਕਾਂ ਨੂੰ ਪਰਖਣ ਤੋਂ ਪਹਿਲਾਂ ਇਸ ਤੱਥ ਦਾ ਪਤਾ ਹੋਣਾ ਚਾਹੀਦਾ ਹੈ ਕਿ ਉਸ ਨੇ ਤਕਨੀਕੀ ਪੱਖ ਤੋਂ ਸੰਪਨ ਪੱਛਮੀ ਰੰਗਮੰਚ ਦੇਖਿਆ, ਉਸ ਤੋਂ ਪ੍ਰਭਾਵਿਤ ਹੋਇਆ। ਉਹਨਾਂ ਮੁਲਕਾਂ ਦੇ ਖੁਲ੍ਹੇ ਮਾਹੌਲ ਅਨੁਸਾਰ ਮੰਚ ਤੇ ਦਿਖਾਈਆਂ ਜਾਂਦੀਆਂ ਪੇਸ਼ਕਾਰੀਆਂ ਦਾ ਵੀ ਪ੍ਰਭਾਵ ਗ੍ਰਹਿਣ ਕੀਤਾ। ਇਸੇ ਲਈ ਰਵੀ ਨੇ ਵੀ ਕਈ ਨਾਟਕਾਂ ਵਿਚ ਪਾਤਰਾਂ ਦੇ ਆਪਸੀ ਵਾਰਤਾਲਾਪ ਵਿਚ ਇਹ ਖੁਲ੍ਹਾਂ ਲਈਆਂ। ਇਥੇ ਇਹ ਗੱਲ ਧਿਆਨ ਵਿਚ ਰੱਖਣ ਵਾਲੀ ਹੈ ਕਿ ਉਸ ਨੇ ਆਪਣੇ ਨਾਟਕਾਂ ਦੇ ਵਿਸ਼ੇ ਅਨੁਸਾਰ ਹੀ ਅਜਿਹਾ ਕੁਝ ਪੇਸ਼ ਕੀਤਾ ਹੈ। ਅਜਿਹੀ ਪੇਸ਼ਕਾਰੀ ਸਮੇਂ ਉਸ ਨੇ ਰੰਗਮੰਚ ਦੀਆਂ ਨਵੀਆਂ ਤਕਨੀਕਾਂ ਵਰਤਣ ਦੇ ਵੀ ਨਿਰਦੇਸ਼ ਦਿੱਤੇ ਹਨ ਤਾਂ ਜੋ ਮੱਧਮ ਰੌਸ਼ਨੀਆਂ, ਸੰਗੀਤਕ ਪ੍ਰਭਾਵਾਂ, ਜਗਦੀਆਂ-ਬੁਝਦੀਆਂ ਰੌਸ਼ਨੀਆਂ ਦੀ ਓਟ ਵਿਚ ਕਲਾਕਾਰ ਵੀ ਬਹੁਤੇ ਅਸਿਹਜ ਨਾ ਹੋਣ ਅਤੇ ਦਰਸ਼ਕ ਵੀ ਅਜਿਹੀਆਂ ਤਕਨੀਕੀ ਬਰੀਕੀਆਂ ਨੂੰ ਮਾਣਦੇ ਹੋਏ ਪਾਤਰਾਂ ਦੇ ਕਾਰਜ ਅਤੇ ਵਾਰਤਾਲਾਪ ਤੋਂ ਕੁਝ ਦੇਰ ਲਈ ਟੁੱਟ ਜਾਣ।

ਆਪਣੇ ਕਾਵਿ-ਨਾਟਕਾਂ ਵਿਚ ਪੇਸ਼ ਕੀਤੀਆਂ ਸਮੱਸਿਆਵਾਂ ਸੰਬੰਧੀ ਰਵਿੰਦਰ ਰਵੀ ਨੇ ਆਪਣੇ ਨਾਟਕ ‘ ਦਰ ਦੀਵਾਰਾਂ ‘ ਦੇ ਮੁੱਢ ਵਿਚ ਵਿਸਥਾਰ ਨਾਲ ਚਰਚਾ ਕੀਤੀ ਹੈ, ਜਿਸ ਦਾ ਸਾਰ ਕੁਝ ਇਸ ਤਰਾਂ ਬਣਦਾ ਹੈ–ਪੱਛਮੀ ਮੁਲਕਾਂ ਵਿਚ ਔਰਤ-ਮਰਦ ਕਾਨੂੰਨੀ ਤੌਰ ਤੇ ਵਿਆਹ ਕਰਵਾਏ ਬਿਨਾਂ ਹੀ ਇਕੱਠੇ ਰਹਿ ਸਕਦੇ ਹਨ;  ਅਜੋਕੀ ਪੀੜ੍ਹੀ ਵਿਆਹ ਦੇ ਸੰਕਲਪ ਤੋਂ ਕਿਨਾਰਾ ਕਰ ਰਹੀ ਹੈ; ਕੁਝ ਔਰਤਾਂ ਵਿਆਹ ਤਾਂ ਕਰਵਾਉਂਦਿਆਂ ਹਨ ਪਰ ਆਪਣੀ ਸ਼ਰੀਰਕ ਦਿਖ ਨੂੰ ਕਾਇਮ ਰੱਖਣ ਲਈ ਬੱਚੇ ਪੈਦਾ ਨਹੀਂ ਕਰਦੀਆਂ; ਮਾਤਾ-ਪਿਤਾ ਆਪਣੀ ਮਰਜੀ ਅਨੁਸਾਰ ਇਕੱਠੇ ਰਹਿੰਦੇ ਹਨ ਅਤੇ ਜਦੋਂ ਮਰਜੀ ਅਲੱਗ ਹੋ ਕੇ ਨਵਾਂ ਘਰ ਵਸਾ ਲੈਂਦੇ ਹਨ;  ਲੰਬਾ ਅਰਸਾ ਇਕੱਠੇ ਰਹੇ ਪਤੀ-ਪਤਨੀ ਵਿਚੋਂ ਜੇ ਕੋਈ ਇਕ ਕਿਸੇ ਜਾਣ ਲੇਵਾ ਬਿਮਾਰੀ ਦਾ ਸ਼ਿਕਾਰ ਹੋ ਜਾਵੇ ਤਾਂ ਦੂਜਾ ਉਸ ਨੂੰ ਛੱਡ ਜਾਂਦਾ ਹੈ; ਬਹੁਤੇ ਬੱਚਿਆਂ ਨੂੰ ਮਾਂ-ਪਿਉ ਵਿਚੋਂ ਕਿਸੇ ਇਕ ਦਾ ਹੀ ਪਿਆਰ ਮਿਲਦਾ ਹੈ; ਅਣਵਿਆਹੀਆਂ ਮਾਵਾਂ ਦੀ ਗਿਣਤੀ ਵਧ ਰਹੀ ਹੈ; ਬੱਚੇ ਬੇਬੀ ਸਿਟਰਾਂ ਕੋਲ ਪਲ ਰਹੇ ਹਨ; ਨਸ਼ਿਆਂ ਵਿਚ ਗਲਤਾਨ ਨਵੀਂ ਪੀੜ੍ਹੀ ਨਰਕ ਦੀ ਜ਼ਿੰਦਗੀ ਭੋਗ ਰਹੀ ਹੈ; ਸਰਕਾਰੀ ਦੇਖ ਭਾਲ ਵਿਚ ਚੱਲ ਰਹੇ ਵੱਖ ਵੱਖ ਬਾਲ-ਘਰਾਂ ਵਿਚ ਪਲ ਰਹੇ ਭੈਣ ਭਰਾ  ਕਈ ਵਾਰ ਅਣਜਾਣੇ ਵਿਚ ਹੀ ਵਿਆਹ ਕਰਵਾ ਲੈਂਦੇ ਹਨ ਆਦਿ।

ਨਿਰਸੰਦੇਹ ਅਜਿਹਾ ਮਾਹੌਲ ਪੰਜਾਬ ਦੇ ਮਾਹੌਲ ਨਾਲੋਂ ਵੱਖ ਸੀ। ਪਰ ਅਸੀਂ ਦੇਖ ਰਹੇ ਹਾਂ ਕਿ ਅਜੋਕੇ ਪੰਜਾਬ ਵਿਚ ਉਪਰੋਕਤ ਘਟਨਾਕ੍ਰਮ ਵਾਪਰਨੇ ਸ਼ੁਰੂ ਹੋ ਗਏ ਹਨ। ਜਦੋਂ ਅਜਿਹੇ ਨਾਟਕਾਂ ਦੀ ਪੇਸ਼ਕਾਰੀ ਦਰਸ਼ਕਾਂ ਵਿੱਚ ਪ੍ਰਵਾਣ ਚੜ੍ਹ ਰਹੀ ਤਾਂ ਇਸ ਦਾ ਭਾਵ ਹੈ ਕਿ ਪੰਜਾਬੀ ਰੰਗ-ਮੰਚ ਅਤੇ ਦਰਸ਼ਕ ਸਮੇਂ ਦੇ ਹਾਣ ਦਾ ਹੋ ਰਹੇ ਹਨ।
ਰਵੀ ਨੇ ਐਬਸਰਡ ਥੀਏਟਰ, ਅਸਤਿਤਵਵਾਦ , ਚੇਤਨ ਪ੍ਰਵਾਹ, ਪੜਯਥਾਰਵਾਦ, ਹੁਣਵਾਦ ਵਰਗੇ ਨਵੀਨ ਸਾਹਿਤਕ ਵਰਤਾਰਿਆਂ ਨੂੰ ਆਪਣੇ ਨਾਟਕਾਂ ਰਾਹੀਂ ਪੇਸ਼ ਕਰਕੇ ਪੰਜਾਬੀ ਸਾਹਿਤਕ ਪਿੜ ਮੋਕਲਾ ਕੀਤਾ।
ਰਵੀ ਦੇ ਨਾਟਕਾਂ ਦੀ ਇਕ ਹੋਰ ਖ਼ੂਬੀ ਦ੍ਰਿਸਟੀਗੋਚਰ ਹੁੰਦੀ ਹੈ ਕਿ ਉਹ ਆਪਣੇ ਇਕ ਹੀ ਨਾਟਕ ਨੂੰ ਕਿਸੇ ਇਕਹਿਰੇ ਵਿਸ਼ੇ ਦੇ ਆਲੇ-ਦੁਆਲੇ ਨਹੀਂ ਉਸਾਰਦਾ ਸਗੋਂ ਨਾਟਕਾਂ ਦੇ ਵੱਖ ਵੱਖ ਦ੍ਰਿਸ਼ਾਂ ਵਿੱਚ ਨਵੀਂ ਸਮੱਸਿਆ ਉੱਭਾਰਦਾ ਹੈ। ਨਾਟਕਕਾਰ ਦਾ ਮਕਸਦ ਇਹਨਾਂ ਸਮੱਸਿਆਵਾਂ ਦਾ ਸਮਾਧਾਨ ਦੇਣਾ ਨਹੀਂ ਬਲਕਿ ਉਹ ਤਾਂ ਪਾਠਕਾਂ/ਦਰਸ਼ਕਾਂ ਦੇ ਸਨਮੁਖ ਅਜਿਹੀਆਂ ਵਿਕਰਾਲ ਅਵਸਥਾਵਾਂ ਦੀ ਪੇਸ਼ਕਾਰੀ ਕਰਕੇ ਉਹਨਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਹੈ। ਅਸਲ ਵਿੱਚ ਉਹ ਘਟਨਾਵਾਂ ਨਹੀਂ ਪੇਸ਼ ਕਰਦਾ, ਉਹ ਤਾਂ ਮਨੁੱਖੀ ਮਨ ਦੀਆਂ ਗੁੰਝਲ਼ਾਂ ਨੂੰ ਦਰਸਾਉਂਦਾ ਹੈ।

ਜੇ ਰਵੀ ਦੇ ਕੁਝ ਕਾਵਿ-ਨਾਟਕਾਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਪਤਾ ਲੱਗਦਾ ਹੈ ਕਿ ਉਸ ਨੇ ਕਿਵੇਂ ਕਲਾਮਈ ਢੰਗ ਨਾਲ ਵਿਸ਼ਵ ਵਿਆਪੀ ਸਮਸਿਆਵਾਂ ਨੂੰ ਰੂਪਮਾਨ ਕੀਤਾ ਹੈ।

ਸਭ ਤੋਂ ਪਹਿਲਾਂ ਅਸੀਂ ਉਸ ਦੇ ਨਾਟਕ ‘ ਭਰਮ-ਜਾਲ ‘ ਦੀ ਗੱਲ ਕਰਦੇ ਹਾਂ। ਇਸ ਨਾਟਕ ਵਿਚ ਇਕ ਅਜਿਹੀ ਔਰਤ (ਤ੍ਰਿਸ਼ਨਿੰਦਰ) ਦੀ ਕਹਾਣੀ ਹੈ ਜਿਸ ਦੀ ਜ਼ਿੰਦਗੀ ਵਿਚ ਚਾਰ-ਪੰਜ ਮਰਦ ਆਉਂਦੇ ਹਨ।  ਇਹ ਸਾਰੇ ਹੀ ਕਾਮ ਦੇ ਅੰਨੇ ਹਨ। ਨਾਇਕਾ ਦੇ ਕਾਲਜ ਦਾ ਇਕ ਪ੍ਰੋਫੈਸਰ ਉਸ ਨੂੰ ਆਪਣੀ ਜਕੜ ਵਿਚ ਫਸਾਉਂਦਾ ਹੈ। ਦੂਜਾ ਪਾਤਰ ਤਨਜੀਤ( ਨਾਂ ਤੋਂ ਹੀ ਪ੍ਰਤੀਤ ਹੁੰਦਾ ਹੈ ਕਿ ਉਹ ‘ਤਨ’ ਦੀ ਖੇਡ ਤੱਕ ਹੀ ਮਹਿਦੂਦ ਹੈ)। ਤ੍ਰਿਸ਼ਨਿੰਦਰ ਵੀ ‘ਤ੍ਰਿਸ਼ਨਾ’ ਦੀ ਹੀ ਭੁੱਖੀ ਹੈ। ਤ੍ਰਿਸ਼ਨਿੰਦਰ, ਤਨਜੀਤ ਨੂੰ ਭਰਾ ਮੰਨਦੀ ਹੈ, ਪਰ ਉਹ ਬੜੀ ਬੇਸ਼ਰਮੀ ਨਾਲ ਉਸ ਨੂੰ ਕਹਿੰਦਾ ਹੈ,” ਮੇਰੀਆਂ ਸੰਭਾਵਨਾਵਾਂ ਨੂੰ/ ਅਸੰਭਵ ਨਾ ਬਣਾ/ ਦਿਲ ਦਾ ਚੈਨਲ ਬਦਲ/ ਮੈਨੂੰ ਮਹਿਰਮ ਬਣਾ। ਦੂਸਰਾ ਮਰਦ(ਸੂਰਬੀਰ) ਵੀ ਨੀਚਤਾ ਦੀ ਹੱਦ ਪਾਰ ਕਰਦਾ ਕਹਿੰਦਾ ਹੈ, ” ਸ਼ਾਪਿੰਗ ਕਰਦਿਆਂ/ ਕੋਈ ਚੀਜ਼ ਲੈਣ ਤੋਂ ਪਹਿਲਾਂ/ ਉਸ ਨੂੰ ਕਈ ਵਾਰ/ ਪਹਿਨ ਕੇ ਵੇਖੀਦਾ ਹੈ।” ਤੀਸਰਾ ਮਰਦ (ਰੁਸ਼ਨਿੰਦਰ) ਵੀ ਉਸ ਨਾਲ ਵਕਤੀ ਰਿਸ਼ਤੇ ਰੱਖਣਾ ਚਾਹੁੰਦਾ ਹੈ। ਇਸੇ ਲਈ ਕਹਿੰਦਾ ਹੈ, ” ਮੌਸਮ ਬਣਕੇ ਆਇਆ ਕਰ/ ਕਦੇ ਕਦੇ/ ਮੈਨੂੰ ਇਸ ਜੱਗ ਦੀਆਂ ਹੋਰ ਰੁੱਤਾਂ ਵੀ ਮਾਨਣ ਦੇ।” ‘ਆਪੋ ਆਪਣੇ ਦਰਿਆ ‘ ਦੇ ਅੱਠਵੇਂ ਦ੍ਰਿਸ਼ ਵਿਚ ਕੁੜੀ-1 ਬੜੀ ਬੇਬਾਕੀ ਨਾਲ ਇਹ ਸ਼ਬਦ ਬੋਲਦੀ ਹੈ–” ਛਿਣ ਦੇ ਰਿਸ਼ਤੇ ਤੂੰ ਕੀ ਜਾਣੇ/ ਬੇ-ਬੰਧਨ ਤੇ ਖੁੱਲ੍ਹੀਆਂ ਚੋਖਾ / ਅੱਜ ਦਾ ਪੰਛੀ ਰੱਜ ਰੱਜ ਮਾਣੇ।

‘ ਅੱਧੀ ਰਾਤ ਦੁਪਹਿਰ ‘ਵਿਚ ਨੌਜਵਾਨ ਕੁੜੀ ਆਪਣੀ ਮਾਂ ਦਾ ਕਥਨ ਦੁਹਰਾਉਂਦੀ ਹੈ–” ਲਿਵ-ਇਨ-ਲਿਵ ਦੀ ਸ਼ੋਭਾ ਕਰਦੀ/ ਕਾਮ ਸਹੂਲਤ ਭੋਗਦੀ।” ‘ਦਰ ਦੀਵਾਰ ‘ ਨਾਟਕ ਇਕ ਅਵਾਜ ਸਪਸ਼ਟ ਸ਼ਬਦਾਂ ਵਿਚ ਕਹਿੰਦੀ ਹੈ–” ਭੁੱਖ ਲੱਗੀ ਤਾਂ ਰੋਟੀ ਖਾਧੀ/ ਕਾਮ ਜਾਗਿਆ/ ਭੋਗ ਕਮਾਇਆ।” ਪਰ ਇਹ ਵੀ ਸਚਾਈ ਹੈ ਕਿ ਅਜਿਹੀ ਕੁਚਾਲ ਜ਼ਿੰਦਗੀ ਨਾਲ ਮਨ ਨੂੰ ਚੈਣ ਨਹੀਂ ਮਿਲਦਾ। ‘ ਅੱਧੀ ਰਾਤ ਦੁਪਹਿਰ ‘ ਵਿਚ ਰਵੀ ਲਿਖਦਾ ਹੈ–ਤਨ ਨੇ ਜਿੰਨੇ ਜਿਸਮ ਹੰਡਾਏ/ ਮਨ ਨੇ ਓਨੇ ਬੋਝ ਉਠਾਏ। ਅਸਲ ਵਿਚ ਤਾਂ ਇਹਨਾਂ ਕਾਵਿ-ਨਾਟਕਾਂ ਦਾ ਸਿਰਜਕ ਅੱਜ ਦੀ ਕੁਰਾਹੇ ਪਈ ਪੀੜ੍ਹੀ ਨੂੰ ਸਿੱਧੇ ਰਾਹ ਪਾਉਣਾ ਚਾਹੁੰਦਾ ਹੈ। ਪਰ ਉਹ ਕਿਸੇ ਪ੍ਰਚਾਰਕ ਵਾਂਗ ਭਾਸ਼ਣ ਨਹੀਂ ਦਿੰਦਾ ਬਲਕਿ ਨਾਟਕ ਦੇ ਕਿਸੇ ਪਾਤਰ ਰਾਹੀਂ ਹੀ ਮੌਕਾ ਦੇਖ ਕੇ ਗੱਲ ਕਹਿਲਵਾ ਦਿੰਦਾ ਹੈ।

‘ਅੱਧੀ ਰਾਤ ਦੁਪਹਿਰ’ ਰਵੀ ਦੀ ਇਕ ਅਜਿਹੀ ਰਚਨਾ ਹੈ ਜਿਸ ਵਿਚ ਉਸ ਨੇ ਭ੍ਰਿਸ਼ਟ ਰਾਜਸੀ ਆਗੂਆਂ, ਦੁਨੀਆਂ ਦੀਆਂ ਦੋ ਵੱਡੀਆਂ ਤਾਕਤਾਂ, ਵਰਤਮਾਨ ਸਮੇਂ ਦੀ ਨੌਜਵਾਨ ਪੀੜ੍ਹੀ ਦੇ ਗਲਤ ਰਾਹਾਂ ਵੱਲ ਜਾਂਦੇ ਰੁਝਾਨਾਂ, ਭਟਕੇ ਹੋਏ ਮਨੁੱਖੀ ਮਨ, ਮਾਤਾ-ਪਿਤਾ ਦਾ ਬੱਚਿਆਂ ਵੱਲੋਂ ਅਵੇਸਲੇ ਹੋਣਾ, ਮਸ਼ੀਨੀ ਯੁੱਗ ਦਾ ਦੁਖਾਂਤ,  ਨਸ਼ਿਆਂ ਦੀ ਮਾਰ ਆਦਿ ਦਾ ਪ੍ਰਗਟਾਵਾ ਬੜੇ ਭਾਵਪੂਰਤ ਢੰਗ ਨਾਲ ਕੀਤਾ ਹੈ ਅਤੇ ਨਾਲ ਹੀ ਕਈ ਥਾਂ ਇਸ਼ਾਰੇ ਨਾਲ ਅਜਿਹੇ ਜੀਵਨ ਤੋਂ ਦੂਰ ਰਹਿਣ ਲਈ ਸੁਚੇਤ ਵੀ ਕੀਤਾ ਹੈ।

ਰਵੀ ਦਾ ਇਹ ਵਿਚਾਰ ਹੈ ਕਿ ਅਜੋਕੇ ਗਲੋਬਲੀ ਵਰਤਾਰਾ ਪੂੰਜੀਵਾਦੀ ਤਾਕਤਾਂ (ਅਮਰੀਕਾ) ਅਤੇ ਸਮਾਜਵਾਦੀ (ਰੂਸ) ਤੇ ਨਿਰਭਰ ਕਰ ਰਿਹਾ ਹੈ। ਹਰ ਦੇਸ਼ ਦੀਆਂ ਰਾਜਨੀਤਕ ਅਤੇ ਸਮਾਜਿਕ ਕਦਰਾਂ-ਕੀਮਤਾਂ ਨੇ ਮਨੁੱਖ ਨੂੰ ਅੰਦਰੂਨੀ ਤੌਰ ਤੇ ਤੋੜ ਦਿੱਤਾ ਹੈ ਅਤੇ ਇਨਸਾਨ ਖੰਡਿਤ ਜੀਵਨ ਭੋਗ ਰਿਹਾ ਹੈ।

ਮਨੁੱਖੀ ਦੁਖਾਂਤ ਲਈ ਲੇਖਕ ਨੇ ਕਈ ਥਾਂ ਇਸ਼ਾਰੇ ਕੀਤੇ ਹਨ: ਆਪਣੇ ਅੰਦਰ ਵੰਡਿਆ ਮਾਨਵ/ ਪਾਟਿਆ, ਟੁੱਟਾ ਹੋਣਾ ਹੋਇਆ; ਦਿਲ ਵਿਚ ਫੋੜੇ/ ਅੱਖਾਂ ਵਿਚ ਪਾਣੀ; ਤਨ ਨੂੰ ਟੱਕਰ ਮਿਲ ਜਾਂਦਾ ਹੈ/ ਮਨ ਦੀ ਬਾਤ ਨਹੀਂ ਬਣਦੀ; ਖੁਦਪਰਸਤੀ ਬਣ ਗਈ ਹੈ ਖੁਦਕਸ਼ੀ/ ਹੋ ਰਿਹਾ ਜੀਵਨ ਤੋਂ ਕਿੰਜ ਬੰਦਾ ਜੁਦਾ।

ਇਸੇ ਨਾਟਕ ਵਿਚ ਨਾਟਕਕਾਰ ਨੇ ਬੇ-ਜ਼ਮੀਰੇ ਰਾਜਸੀ ਆਗੂਆਂ ਨੂੰ ‘ਅਸਤਰ’ ਦੇ ਰੂਪ ਵਿਚ ਚਿਤਰਿਆ ਹੈ– ਮੈਂ ਅਸਤਰ ਹਾਂ/ ਮੇਰਾ ਇਸ਼ਾਰਾ/ ਸਾਰਾ ਜੱਗ ਹੀ ਨੱਚ ਰਿਹਾ; ਮੈਂ ਹੀ ਅਸਤਰ/ ਮੈਂ ਹੀ ਹਾਂ, ਉਹ ਮਾਰੂ ਅਸਤਰ/ ਜੋ ਕੇਵਲ ਆਪਣੀ ਹੀ ਖਾਤਰ/ ਜੇ ਚਾਹੇ ਤਾਂ / ਸਾਰੀ ਦੁਨੀਆਂ ਕਰੇਗਾ। ਅਜਿਹੀਆਂ ਸਵੈ-ਕੇਂਦਰਿਤ ਰਾਜਸੀ ਤਾਕਤਾਂ ਦੇ ਆਪਹੁਦਰੇ ਵਰਤਾਇਆ ਦਾ ਨਤੀਜਾ ਦੋ ਵਿਸ਼ਵ ਯੁੱਧਾਂ ਦੇ ਰੂਪ ਵਿਚ ਸਾਡੇ ਸਨਮੁੱਖ ਹੈ।

ਪਰ ਰਵੀ ਦੀ ਖੂਬੀ ਇਹ ਹੈ ਕਿ ਉਹ ਨਕਾਰਾਤਮਕ ਪਸਾਰਿਆਂ ਦੇ ਬਾਵਜੂਦ ਵੀ ਆਸ਼ਾਵਾਦੀ ਸੋਚ ਦਾ ਪੱਲਾ ਨਹੀਂ ਛੱਡਦਾ। ਉਹ ਮੰਨਦਾ ਹੈ ਕਿ ਅਜਿਹੀ ਉਲਝੀ ਤਾਣੀ ਵਿਚੋਂ ਵੀ ਬਾਹਰ ਆਇਆ ਜਾ ਸਕਦਾ ਹੈ– ਸੁਪਨਾ, ਸੁਪਨਾ ਜੋੜੋ/ ਸੱਚ ਉੱਸਰ ਸਕਦਾ ਹੈ/ ਦੀਵਾ ਦੀਵਾ ਬਾਲੋ/ ਸੂਰਜ ਚੜ੍ਹ ਸਕਦਾ ਹੈ। ਪਰ ਇਹੋ ਜਿਹੇ ਹਾਲਾਤ ਤਾਂ ਹੀ ਪੈਦਾ ਹੋਣ ਗੇ ਜੇ ਸਾਡੇ ਅੰਦਰੋਂ ਇਸ ਦੀ ਅਵਾਜ ਉੱਠੇ ਗੀ–ਜਦ ਚੜ੍ਹਨਾ ਹੈ ਚਾਨਣ/ ਕੇਵਲ ਅੰਦਰੋਂ ਚੜ੍ਹਨਾ। ਰਵੀ ਨੇ ਇਹ ਵੀ ਲਿਖਿਆ ਹੈ ਕਿ ਅੱਜ ਦੇ ਸਮੇਂ ਨੇ ” ਮਾਨਵ ਵਿਚੋਂ ਮਾਨਵ ” ਗਾਇਬ ਕਰ ਦਿੱਤਾ ਹੈ ਅਤੇ ਨਸ਼ਿਆਂ ਕਾਰਨ ਨੌਜਵਾਨ ਪੀੜ੍ਹੀ ਦਾ ਸਫਰ ” ਅੰਨਾ ਰਸਤਾ ਹੈ।”

ਨਾਟਕਕਾਰ ਨੇ ਆਪਣੇ ਨਾਟਕਾਂ ਵਿਚ ਪਾਠਕਾਂ/ ਦਰਸ਼ਕਾਂ ਨੂੰ ਬਰਾਬਰ ਦਾ ਹਿਸੇਦਾਰ ਬਣਾਇਆ ਹੈ। ਉਸ ਨੇ ਸਪਸ਼ਟ ਸ਼ਬਦਾਂ ਵਿਚ ਲਿਖਿਆ ਹੈ ਕਿ ਉਹ ਆਪਣੇ ਵੱਲੋਂ ਕੁਝ ਨਵਾਂ ਨਹੀਂ ਪੇਸ਼ ਕਰਦਾ ਸਗੋਂ ਜੋ ਆਲੇ-ਦੁਆਲੇ ਵਾਪਰ ਰਿਹਾ ਹੈ, ਉਸ ਨੂੰ ਹੀ ਪੇਸ਼ ਕਰਦਾ ਹੈ। ‘ ਚੌਕ ਨਾਟਕ ‘ ਦੇ  ‘ ਆਦਿ ਦ੍ਰਿਸ਼ ‘ ਵਿਚ ਉਹ ਲਿਖਦਾ ਹੈ : 

ਅੱਖ ਤੁਹਾਡੀ ਹੈ, ਨਜ਼ਾਰਾ ਵੀ ਤੁਸੀਂ ਹੀ ਬਣਨਾ ਹੈ।

ਸੋਚ ਤੁਹਾਡੀ ਹੈ, ਇਸ਼ਾਰਾ ਵੀ ਤੁਸੀਂ ਕਰਨਾ ਹੈ।

ਅੱਗ ਤੁਹਾਡੀ ਹੈ, ਸ਼ਰਾਰਾ ਵੀ ਤੁਸੀਂ ਹੀ ਬਣਨਾ ਹੈ।

ਨਾਟਕਕਾਰ ਨੇ ਵਰਤਮਾਨ ਯੁੱਗ ਦੇ ਮਨੁੱਖ ਨਾਲ ਸੰਬੰਧਤ ਕੁਝ ਮਿਥਾਂ,ਸਚਾਈਆਂ, ਦੁਖਾਂਤ, ਦੁਨਿਆਵੀ ਘਟਨਾਵਾਂ ਅਤੇ ਹੋਰ ਕਈ ਮਨੋਵਿਗਿਆਨਕ ਪੱਖਾਂ ਨੂੰ ਪੇਸ਼ ਕੀਤਾ ਹੈ। ਜਿਵੇਂ:

1. ਮਨੁੱਖ ਦੀ ਨਕਾਰਾਤਮਕ  ਸੋਚ( ਹਰ ਦੂਜੇ ਦਾ ਅੰਤ ਲੋੜਦਾ/ ਆਪਣਾ ਅੰਤ ਨਾ ਮੂਲ ਪਛਾਣੇ)

2. ਮਨੁੱਖੀ ਤ੍ਸਾਦੀ ( ਆਪੋ ਆਪਣੀਆਂ ਚੁੱਕ ਸਲੀਬਾਂ/ਜਨਮ ਕਾਲ ਤੋਂ ਅੰਤ ਕਾਲ ਤੱਕ/ਜੀਵਨ ਜਿਊਂਦੇ, ਲੜਦੇ ਭਿੜਦੇ/ਲਾਹ ਨਾ ਸਕਣ, ਗਲ ‘ਚੋਂ ਫਾਹਾ); ਤੁਰਦਾ ਫਿਰਦਾ ਬੰਦੀਖਾਨਾ/ ਅੱਜ ਦਾ ਜੀਵਨ।

3. ਰਾਜਸੀ ਆਗੂਆਂ ਦੀ ਅਸਲੀਅਤ ( ਸੱਤਾ ਖੁੱਸਣ ਦੇ ਭੈ ਅੰਦਰ/ ਸੱਤਾਧਾਰੀ ਜਕੜੇ/ਖੁਦ ਜੰਜੀਰਾਂ)

4. ਖਤਮ ਹੋ ਰਹੀ ਇਨਸਾਨੀਅਤ ( ਹਰ ਕੋਈ ਰਾਖਸ਼ ਬਣਦਾ/ ਹਰ ਕੋਈ ਰਾਖਸ਼ ਜਣਦਾ/ ਬੰਦਾ ਲੱਭਿਆ ਨਾ ਲੱਭਦਾ/ ਬੇੜਾ ਗਰਕ ਹੈ ਸਭ ਦਾ)

5. ਪਰਿਵਾਰਕ ਜੀਵਨ ਦਾ ਟੁੱਟਣਾ ( ਇਕ ਇਕ ਹਸਤੀ ਟੱਬਰ ਬਣ ਕੇ/ ਇਕ ਦੂਜੇ ਤੋਂ ਟੁੱਟ ਗਈ/ ਟੱਬਰ ਵਿਚ ਵੀ ਫਟੇ ਖਟਾਕੇ/ ਇਕ ਚੌਖਟ ਵਿਚ ਤਿੜਕਿਆ ਸ਼ੀਸ਼ਾ/ ਟੁਕੜੀ, ਟੁਕੜੀ)

ਸੁਚੇਤ ਨਾਟਕਕਾਰ ਨੂੰ ਇਹ ਵੀ ਪਤਾ ਹੈ ਕਿ ਹਥਿਆਰਾਂ ਦੀ ਖੇਡੀ ਜਾ ਰਹੀ ਖੇਡ, ਇਕ ਵਿਨਾਸ਼ਕਾਰੀ ਖੇਡ ਹੈ। ਇਸ ਵਿਚ ਹਾਰਨ ਵਾਲੇ ਅਤੇ ਜਿੱਤਣ ਵਾਲੇ ਦੋਹਾਂ ਨੇ ਹੀ ਬਰਬਾਦ ਹੋਣਾ ਹੈ–ਤਬਾਹ ਕਰਨ ਵਾਲੇ ਦੀ ਮੱਤ ਵੀ/ ਤਬਾਹ ਹੋਣ ਵਾਲੇ ਦੇ ਨਾਲ ਹੀ/ ਚੌਰਾਹੇ ਬਣ ਜਾਵੇਗੀ/ ਗੋਲੀਆਂ ਨਾਲ ਹਰ ਛਾਤੀ/ ਛਾਣਨੀ ਵਾਂਗ ਗਲੋਬ ਬਣ ਜਾਵੇਗੀ।

ਨਾਟਕਕਾਰ ਰਵਿੰਦਰ ਰਵੀ ਆਪਣੇ ਨਾਟਕਾਂ ਦੇ ਮੁੱਢ ਵਿਚ ਹੀ ਬਹੁਤ ਸਾਰਥਕ ਗੱਲਾਂ ਕਰ ਜਾਂਦਾ ਹੈ। ਉਸ ਨੂੰ ਇਹ ਇਲਮ ਹੈ ਕਿਹਰ ਇਨਸਾਨ ਦੀ ਕਿਸੇ ਵੀ ਘਟਨਾ, ਵਿਵਹਾਰ, ਸਿਧਾਂਤ ਨੂੰ ਦੇਖਣ ਅਤੇ ਸਮਝਣ ਦੀ ਆਪਣੀ ਹੀ ਸਮਰਥਾ ਹੁੰਦੀ ਹੈ।’ ਸਿਫਰ ਨਾਟਕ ‘ ਦੇ ਮੁੱਢ ਵਿਚ ਉਹ ਲਿਖਦਾ ਹੈ, ” ਜ਼ਿੰਦਗੀ ਤੁਹਾਡੀ ਹੈ, ਸਮਰਥਾ ਵੀ ਤੁਹਾਡੀ ਹੀ ਹੈ। ਅਰਥ ਵੀ ਤੁਸੀਂ ਹੀ ਕੱਢਣਾ ਹੈ। ‘ ੳ ‘ ( ਨਾਟਕ ਦਾ ਇਕ ਪਾਤਰ) ਦੇ ਕਾਰਨ ਆਪਣੇ ਹਨ। ਤੁਹਾਡੇ ਆਪਣੇ ਹੋ ਸਕਦੇ ਹਨ। “

‘ ਸਿਫਰ ਨਾਟਕ  ‘ ਵਿਚ ਰਵੀ ਨੇ ਬਾਹਰੀ ਘਟਨਾਵਾਂ ਨੂੰ ਨਹੀਂ ਪੇਸ਼ ਨਹੀਂ ਕੀਤਾ ਬਲਕਿ ‘ੳ ‘ ਪਾਤਰ ਦੀ ਮਾਨਸਿਕਤਾ ਨੂੰ ਉਭਾਰਿਆ ਹੈ। ਪਾਠਕ ਇਸ ਪਾਤਰ ਵਿਚੋਂ ਆਪਣੀ ਆਪਣੀ ਮਨੋਵਿਰਤੀ ਅਨੁਸਾਰ ਆਪਣਾ ਆਪਾ ਲੱਭ ਸਕਦੇ ਹਨ। ਇਸ ਤਰਾਂ ਨਾਟਕਕਾਰ ਨੇ ‘ ੳ ‘ ਪਾਤਰ ਪੂਰੀ ਮਨੁੱਖਤਾ ਦਾ ਹੀ ਪ੍ਰਤੀਕ ਬਣਾ ਦਿੱਤਾ ਹੈ। ਇਹ ਰਵੀ ਦੀ ਨਾਟਕੀ ਸੂਝ ਦਾ ਪ੍ਰਮਾਣ ਹੈ। ‘ ੳ ‘ ਪਾਤਰ ਦਾ ਇਹ ਕਹਿਣਾ, ” ਨੇਰ ਅਵਸਥਾ ਹੈ ਮਨ ਦੀ/ ਫਿਰ ਵੀ ਬੱਤੀ ਜਗੇ ਪਈ” ਅਤੇ ਉਸ ਤੋਂ ਬਾਅਦ  ‘ ਸਿਫਰ 1 ਤੋਂ 4 ‘ ਤੱਕ ਇਹੋ ਤੁਕ ਦੁਹਰਾਉਂਦੇ ਹਨ।ਅਸਲ ਵਿੱਚ ਨਾਟਕਕਾਰ ਇਸ ਤੁਕ ਰਾਹੀਂ ਮਨੁੱਖੀ ਮਨ ਦੇ ਅੰਦਰ ਮਹਿਕ ਰਹੀ ਇਨਸਾਨੀਅਤ ਨੂੰ ਉਜਾਗਰ ਕਰਨਾ ਚਾਹੁੰਦਾ ਹੈ।

ਰਵੀ ਦੇ ਹੋਰ ਕਾਵਿ-ਨਾਟਕਾਂ, ਜਿਵੇਂ : ਬਿਮਾਰ ਸਦੀ, ਆਪੋ ਆਪਣੇ ਦਰਿਆ,  ਹੋਂਦ ਨਿਹੋਂਦ,  ਪ੍ਰਤੱਖ ਤੋਂ ਅਗਾਂਹ, ਭਰਮ-ਜਾਲ, ਸਿਆਸੀ ਦੰਦ ਕਥਾ ਆਦਿ ਵਿਚ ਉਪਰੋਕਤ ਅਵਸਥਾਵਾਂ ਦੀ ਹੀ ਪੇਸ਼ਕਾਰੀ ਹੈ। ਪਰ ਇਹ ਦੁਹਰਾਈ ਨਹੀਂ  ਬਲਕਿ  ਹਰ ਨਾਟਕ ਦੇ ਪਾਤਰਾਂ, ਉਹਨਾਂ ਦੇ ਕਾਰਜ, ਸਥਾਨ ਕਰਕੇ ਨਵੀਨਤਾ ਭਰੀ ਹੋਈ ਹੈ। ਹਰ ਨਾਟਕ ਦੀ ਆਪਣੀ ਵਿਸ਼ੇਸ਼ਤਾ ਹੈ।

ਰਵੀ ਨੇ ਆਪਣੇ ਤਿੰਨ ਨਾਟਕਾਂ–ਬਿਮਾਰ ਸਦੀ, ਦਰ ਦੀਵਾਰਾਂ ਅਤੇ ਅੱਧੀ ਰਾਤ ਦੁਪਹਿਰ ਨੂੰ ਤ੍ਰੈ ਲੜੀ ਕਿਹਾ ਹੈ। ਪਰ ਮੇਰੀ ਇਹ ਧਾਰਨਾ ਹੈ ਕਿ ਰਵੀ ਦੇ ਬਹੁਤੇ ਕਾਵਿ-ਨਾਟਕ ਇਕੋ ਲੜੀ ਦਾ ਵਿਸਤਾਰ ਹਨ। ਜੇ ਕੋਈ ਸੂਝਵਾਨ ਸੰਪਾਦਕ ਇਹਨਾਂ ਦੀ ਲੋੜੀਂਦੀ ਕਾਂਟ-ਛਾਂਟ ਕਰਕੇ ਇਕੋ ਰੂਪ ਵਿਚ ਪੇਸ਼ ਕਰੇ ਅਤੇ ਕੋਈ ਨਿਰਦੇਸ਼ਕ ਅਜਿਹੇ ਨਾਟਕ ਨੂੰ ਮੰਚ ਤੇ ਖੇਡਣ ਦਾ ਉਪਰਾਲਾ ਕਰੇ ਤਾਂ ਨਿਸ਼ਚੇ ਹੀ ਇਹ ‘ ਮਹਾਂ ਨਾਟਕ ‘ ਹੋਵੇਗਾ,  ਜਿਸ ਦੀ ਪਹਿਲਾਂ ਕੋਈ ਉਦਾਹਰਣ ਨਹੀਂ ਮਿਲੀ ਅਤੇ ਨਾ ਹੀ ਭਵਿੱਖ ਵਿੱਚ ਇਹ ਸੰਭਵ ਹੋ ਸਕੇਗਾ।

(ਰਵਿੰਦਰ ਸਿੰਘ ਸੋਢੀ) 001-604-369-2371 ravindersodhi51@gmail.com