ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਵੱਲੋਂ ਭਾਰਤ ਵਿੱਚ ਕਰੋਨਾ ਨਾਲ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ

(ਬ੍ਰਿਸਬੇਨ 1 ਮਈ) ਇੱਥੇ ‘ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ’ ਵੱਲੋਂ ਭਾਰਤ ਵਿੱਚ ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਪ੍ਰਕੋਪ ਦੇ ਚੱਲਦਿਆਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਤੇ ਸਬੰਧਿਤ ਪਰਿਵਾਰਾਂ ਦੇ ਦੁੱਖ ‘ਚ ਸ਼ਾਮਲ ਹੁੰਦਿਆਂ ਇਨ੍ਹਾਂ ਬੇਵਕਤੀ ਮੌਤਾਂ ਜੋ ਹਸਪਤਾਲਾਂ ਵਿੱਚ ਆਕਸੀਜਨ, ਦਵਾਈ ਤੇ ਜੀਵਨ ਰੱਖਿਅਕ ਉਪਕਰਨਾਂ ਦੀ ਘਾਟ ਕਾਰਨ ਹੋਈਆਂ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੰਸਥਾ ਪ੍ਰਧਾਨ ਦਲਜੀਤ ਸਿੰਘ ਦੀ ਅਗਵਾਈ ਹੇਠ ਹੋਈ ਇਸ ਬੈਠਕ ਵਿੱਚ ਹਰਜੀਤ ਲਸਾੜਾ, ਅਜੇਪਾਲ ਸਿੰਘ, ਦੇਵ ਸਿੱਧੂ, ਗੁਰਵਿੰਦਰ ਰੰਧਾਵਾ, ਸੁਰਿੰਦਰਪਾਲ ਸਿੰਘ ਖੁਰਦ, ਜਗਜੀਤ ਖੋਸਾ, ਹਰਪ੍ਰੀਤ ਸਿੰਘ ਕੋਹਲੀ ਅਤੇ ਸਮੂਹ ਅਹੁਦੇਦਾਰਾਂ ਵੱਲੋਂ ਕਿਹਾ ਕਿ ਇਸ ਅਸਹਿ ਤੇ ਅਕਹਿ ਦੁੱਖ ਦੀ ਘੜੀ ਦੇ ਵਿਚ ਆਸਟਰੇਲਿਆਈ ਲੋਕ ਅਤੇ ਸਮੂਹ ਭਾਰਤੀ ਭਾਈਚਾਰਾ ਆਪਣੇ ਭਾਰਤ ਵਾਸੀਆਂ ਦੇ ਨਾਲ ਇਸ ਮੁਸੀਬਤ ਸਮੇਂ ਨਾਲ ਖੜ੍ਹੇ ਹਨ। ਉਨ੍ਹਾਂ ਭਾਰਤ ਸਰਕਾਰ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਪੰਜਾਬ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਕਹਿਰ ਦੇ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਅਗਾਊਂ ਪੁਖਤਾ ਪ੍ਰਬੰਧ ਕਰਦਿਆਂ ਸਕੂਲਾਂ, ਕਾਲਜਾਂ ਤੇ ਹੋਰ ਧਾਰਮਿਕ ਸਥਾਨਾਂ ਨੂੰ ਕਰੋਨਾ ਸੈਂਟਰਾਂ ‘ਚ ਤਬਦੀਲ ਕਰਨ, ਜਰੂਰੀ ਦਵਾਈਆਂ, ਬਿਸਤਰਿਆਂ, ਆਕਸੀਜਨ, ਜੀਵਨ ਰੱਖਿਅਕ ਉਪਕਰਨਾਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਬੇਸ਼ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਫਰੰਟ ਲਾਈਨ ਸਿਹਤ ਵਰਕਰਾਂ ਤੇ ਰਾਹਤ ਕਾਰਜਾਂ ਵਿੱਚ ਲੱਗੇ ਅਧਿਕਾਰੀਆਂ ਅਤੇ ਸਵੈ-ਸੇਵੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਮੰਤਰੀਆਂ, ਸੰਸਦਾਂ, ਵਿਧਾਇਕਾਂ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਦਿਨ ਰਾਤ ਇਕ ਕਰ ਕੇ ਇਸ ਮਹਾਂਮਾਰੀ ਦੇ ਦੌਰਾਨ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਆਸਟਰੇਲੀਆ ਸਰਕਾਰ ਵੱਲੋਂ ਭਾਰਤ ਨੂੰ ਭੇਜੀ ਮਦਦ ਤੇ ਭਾਰਤ ਵਿੱਚ ਸਰਕਾਰੀ, ਅਰਧ ਸਰਕਾਰੀ, ਉਦਯੋਗਿਕ ਤੇ ਗੁਰਦੁਆਰਾ ਸਾਹਿਬਾਨ ਜੋ ਮਾਨਵਤਾ ਦੀ ਸਹਾਇਤਾ ਦੇ ਬਚਾ ਕਾਰਜਾਂ ਵਿੱਚ ਲੱਗੇ ਹੋਏ ਹਨ ਉਨ੍ਹਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਹੈ। ਉਨ੍ਹਾਂ ਭਾਰਤੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਜਾਨਲੇਵਾ ਸਟ੍ਰੈਨ ਦੇ ਕਮਿਊਨਿਟੀ ਟ੍ਰਾਸਮਿਸ਼ਨ ਤੋਂ ਬਚਣ ਲਈ ਤਾਲਾਬੰਦੀ ਦਾ ਪਾਲਣ ਕਰਨ, ਮਾਸਕ ਜਰੂਰ ਪਹਿਨਣ, ਗ਼ੈਰ ਵਾਜਬ ਕੰਮ ਤੋਂ ਬਿਨਾਂ ਘਰਾਂ ਤੋਂ ਬਾਹਰ ਨਾ ਨਿਕਲਣ ਤੇ ਸੋਸ਼ਲ ਡਿਸਟੇਂਸ ਜ਼ਰੂਰ ਅਪਨਾਉਣ। ਉਨ੍ਹਾਂ ਸਰਕਾਰ ਨੂੰ ਕਰੋਨਾ ਮਹਾਂਮਾਰੀ ਦੇ ਬਚਾਅ ਲਈ ਵੱਧ ਤੋਂ ਵੱਧ ਟੀਕਾਕਰਨ ਕਰਨ ਦੀ ਅਪੀਲ ਵੀ ਕੀਤੀ।