ਉੱਡ – ਪੁੱਡ ਗਏ ਚਿੱਠੀਆਂ, ਚਿੜ੍ਹੀਆਂ ਤੇ ਚਬੂਤਰੇ

ਜਦੋਂ ਅਜੋਕਾ ਆਧੁਨਿਕਤਾ ਦਾ ਦੌਰ ਅਜੇ ਸ਼ੁਰੂ ਨਹੀਂ ਸੀ ਹੋਇਆ , ਉਦੋਂ ਭਾਵ ਦੋ – ਢਾਈ ਕੁ ਦਹਾਕੇ ਪਹਿਲਾਂ ਚਿੱਠੀਆਂ, ਚਿੜ੍ਹੀਆਂ ਅਤੇ ਚਬੂਤਰਿਆਂ ਦੀ ਹੋਂਦ ਅਤੇ ਖ਼ਾਸ ਵਿਸ਼ੇਸ਼ਤਾ ਹੁੰਦੀ ਸੀ। ਸੰਚਾਰ ਦਾ ਮੁੱਖ ਸਾਧਨ ਚਿੱਠੀਆਂ ਹੀ ਹੋਇਆ ਕਰਦੀਆਂ ਸਨ। ਇੱਕ ਰਿਸ਼ਤੇਦਾਰ ਦੂਜੇ ਨੂੰ ਆਪਣੀ ਸੁੱਖ – ਸਾਂਦ ਅਤੇ ਘਰ – ਪਰਿਵਾਰ ਦਾ ਹਾਲ – ਚਾਲ ਚਿੱਠੀਆਂ ਵਿੱਚ ਲਿਖ ਕੇ ਦੱਸਦਾ ਹੁੰਦਾ ਸੀ। ਦੂਜੇ ਪਾਸਿਓਂ ਜਵਾਬ ਆਉਂਦੇ – ਆਉਂਦੇ ਮਹੀਨਾ ਭਰ ਲੱਗ ਜਾਂਦਾ ਹੁੰਦਾ ਸੀ। ਲੋਕ ਚਿੱਠੀਆਂ ਨੂੰ ਪਿੰਡ ਦੇ ਕਿਸੇ ਪੜ੍ਹੇ – ਲਿਖੇ ਵਿਅਕਤੀ ਕੋਲੋਂ ਲਿਖਵਾਉਂਦੇ ਅਤੇ ਪੜ੍ਹਾਉਂਦੇ ਹੁੰਦੇ ਸੀ। ਡਾਕੀਏ ਨੂੰ ਆਉਂਦਾ ਵੇਖ ਕੇ ਹਰ ਕਿਸੇ ਨੂੰ ਕੋਈ ਸੁੱਖ – ਸੁਨੇਹਾ ਮਿਲਣ ਦੀ ਇੱਕ ਵੱਖਰੀ ਹੀ ਆਸ ਅਤੇ ਤਾਂਘ ਜਿਹੀ ਹੁੰਦੀ ਸੀ। ਡਾਕੀਏ ਦਾ ਪੂਰੇ ਪਿੰਡ ਨਾਲ ਇੱਕ ਪਰਿਵਾਰਕ ਰਿਸ਼ਤਾ ਬਣਿਆ ਹੋਇਆ ਹੁੰਦਾ ਸੀ। ਪਰ ਹੌਲੀ – ਹੌਲੀ ਆਧੁਨਿਕਤਾ ਅਤੇ ਸੂਚਨਾ – ਕ੍ਰਾਂਤੀ ਨਾਲ ਚਿੱਠੀਆਂ ਦਾ ਵਜੂਦ ਖ਼ਤਮ ਹੀ ਹੋ ਕੇ ਰਹਿ ਗਿਆ । ਅੱਜ ਹਰ ਕੋਈ ਇੰਨਾ ਮਸ਼ਰੂਫ਼ ਹੋਇਆ ਪਿਆ ਹੈ ਕਿ ਉਸ ਕੋਲ ਚਿੱਠੀ ਲਿਖਣ ਦਾ ਸਮਾਂ ਹੀ ਨਹੀਂ ਰਿਹਾ । ਅੱਜ ਚਿੱਠੀਆਂ ਦੀ ਥਾਂ ਮੋਬਾਇਲ ਫ਼ੋਨਾਂ , ਵ੍ਹੱਟਸਐਪ , ਈ – ਮੇਲ , ਐਸ.ਐਮ.ਐਸ. , ਵੀਡੀਓ ਕਾਲ ਆਦਿ ਨੇ ਲੈ ਲਈ ਹੈ ; ਪਰ ਜੋ ਮਜ਼ਾ , ਸਕੂਨ ਅਤੇ ਵਲਵਲੇ ਚਿੱਠੀ ਲਿਖ ਕੇ , ਉਸ ਨੂੰ ਛੂਹ ਕੇ ਅਤੇ ਪੜ੍ਹ ਕੇ ਜਾਂ ਸੁਣ ਕੇ ਮਨ ਵਿੱਚ ਪੈਦਾ ਹੁੰਦੇ ਸਨ , ਉਹ ਨਜ਼ਾਰੇ ਹੋਰ ਕਿਤੇ ਵੀ ਨਹੀਂ ਲੱਭਦੇ। ਇਸੇ ਤਰ੍ਹਾਂ ਹਰ ਘਰ ਵਿੱਚ ਅਤੇ ਵਿਹੜੇ ਦੇ ਦਰੱਖਤਾਂ ਉੱਤੇ ਚਿੜੀਆਂ ਦੀ ਚੀਂ – ਚੀਂ ਆਮ ਹੀ ਵੇਖਣ – ਸੁਣਨ ਨੂੰ ਮਿਲ ਜਾਂਦੀ ਹੁੰਦੀ ਸੀ , ਪਰ ਮਨੁੱਖ ਨੇ ਬਾਲੇ , ਸ਼ਤੀਰ , ਝੁੱਗੀਆਂ ਤੇ ਮਿੱਟੀ – ਗਾਰੇ ਦੇ ਮਕਾਨਾਂ ਦੀ ਥਾਂ ਹੁਣ ਪੱਕੇ ਸੀਮਿੰਟ ਵਾਲੇ ਘਰ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਤਾਕੀਆਂ , ਦਰਵਾਜ਼ੇ , ਰੋਸ਼ਨਦਾਨਾਂ ਆਦਿ ਨੂੰ ਜਾਲੀਆਂ ਅਤੇ ਸ਼ੀਸ਼ੇ ਲਾ ਕੇ ਚੁਫੇਰਿਓਂ ਬੰਦ ਕਰ ਲਿਆ ਅਤੇ ਵਿਹੜਿਆਂ ਵਿੱਚੋਂ ਰੁੱਖਾਂ ਦੀ ਕਟਾਈ ਕਰ ਦਿੱਤੀ । ਸਿੱਟੇ ਵਜੋਂ ਚਿੜ੍ਹੀਆਂ ਦੇ ਬੈਠਣ , ਰਹਿਣ ਅਤੇ ਆਵਾਸ ਆਦਿ ਲਈ ਕੋਈ ਥਾਂ ਹੀ ਨਹੀਂ ਰਹੀ ਅਤੇ ਨਤੀਜਾ ਇਹ ਨਿਕਲਿਆ ਕਿ ਅੱਜ ਚਿੜ੍ਹੀਆਂ ਵੇਖਣ ਨੂੰ ਬਹੁਤ ਘੱਟ ਮਿਲਦੀਆਂ ਹਨ। ਪਹਿਲਾਂ ਮਨੁੱਖ ਪੰਛੀਆਂ ਤੇ ਚਿੜ੍ਹੀਆਂ ਆਦਿ ਨੂੰ ਰੋਜ਼ਾਨਾ ਦਾਣਾ – ਪਾਣੀ ਅਤੇ ਰੋਟੀ – ਟੁੱਕ ਆਦਿ ਵੀ ਆਨੇ – ਬਹਾਨੇ ਪਾ ਦਿੰਦਾ ਹੁੰਦਾ ਸੀ ; ਪਰ ਹੁਣ ਆਧੁਨਿਕਤਾ , ਤੇਜ਼ੀ ਅਤੇ ਸਮੇਂ ਦੀ ਘਾਟ ਵਿੱਚ ਇਹ ਭਲੇ ਦਾ ਕਾਰਜ ਵੀ ਘਟਦਾ ਹੀ ਜਾ ਰਿਹਾ ਹੈ। ਪੁਰਾਣੇ ਸਮੇਂ ਵਿੱਚ ਰਾਜੇ – ਮਹਾਰਾਜੇ ਅਤੇ ਰੱਜੇ – ਪੁੱਜੇ ਘਰਾਂ ਦੇ ਲੋਕ ਵੀ ਆਪਣੇ ਮਕਾਨਾਂ ਉੱਤੇ ਚਬੂਤਰੇ ਆਦਿ ਜ਼ਰੂਰ ਬਣਾਉਂਦੇ ਹੁੰਦੇ ਸਨ । ਇਸ ਦਾ ਇੱਕ ਲਾਭ ਇਹ ਵੀ ਹੁੰਦਾ ਸੀ ਕਿ ਘਰ ਦੀ ਵੱਖਰੀ ਸ਼ਾਨ ਤੇ ਦਿੱਖ ਆਦਿ ਬਣ ਜਾਂਦੀ ਸੀ ਅਤੇ ਨਾਲ ਹੀ ਪੰਛੀਆਂ – ਪਰਿੰਦਿਆਂ ਨੂੰ ਬੈਠਣ , ਰਹਿਣ , ਆਰਾਮ ਕਰਨ ਅਤੇ ਭੋਜਨ ਪਾਣੀ ਪਾਉਣ ਅਤੇ ਖਾਣ ਲਈ ਯੋਗ ਅਤੇ ਸਹੀ ਥਾਂ ਵੀ ਮਿਲ ਜਾਂਦੀ ਸੀ । ਪੰਛੀਆਂ ਨੂੰ ਇਨ੍ਹਾਂ ਦਾ ਕਾਫ਼ੀ ਆਸਰਾ ਹੁੰਦਾ ਸੀ। ਸਾਡੇ ਵਿਰਸੇ ਵਿੱਚ ਵੀ ਚਿੱਠੀਆਂ , ਚਿੜ੍ਹੀਆਂ , ਚਬੂਤਰਿਆਂ ਦਾ ਜ਼ਕਿਰ ਹੋਇਆ ਮਿਲਦਾ ਹੈ ਅਤੇ ਇਹ ਸਾਡੇ ਸੱਭਿਆਚਾਰ , ਲੋਕ – ਗੀਤਾਂ ਅਤੇ ਸਮਾਜ ਨਾਲ ਜੁੜੇ ਰਹੇ। ਜਦੋਂ ਸਮਾਜ ਵਿੱਚ ਚਿੱਠੀਆਂ , ਚਿੜ੍ਹੀਆਂ , ਚਬੂਤਰੇ ਸਨ ; ਉਦੋਂ ਤੱਕ ਸਮਾਜ ਵਿੱਚ ਆਪਸੀ ਪਿਆਰ , ਏਕਤਾ , ਮਿਲਵਰਤਨ , ਸਾਂਝ ਅਤੇ ਸਬਰ – ਸੰਤੋਖ ਵੀ ਸੀ , ਪਰ ਚਿੱਠੀਆਂ , ਚਿੜੀਆਂ ਅਤੇ ਚਬੂਤਰਿਆਂ ਦੇ ਅਲੋਪ ਹੋਣ ਦੇ ਨਾਲ – ਨਾਲ ਏਕਤਾ , ਸ਼ਾਂਤੀ , ਸਬਰ , ਸਕੂਨ ਆਦਿ ਵੀ ਕਿਤੇ ਖੰਭ ਲਾ ਕੇ ਉੱਡ ਗਏ।

(ਮਾਸਟਰ ਸੰਜੀਵ ਧਰਮਾਣੀ)   +91 9478561356.