ਅਪ੍ਰੈਲ ਮਹੀਨੇ ਦੌਰਾਨ ਸਰੀ ‘ਚ ਓਵਰਡੋਜ਼ ਕਾਰਨ 20 ਬੰਦਿਆਂ ਦੀ ਮੌਤ

ਸਰੀ -ਸਰੀ ਵਿਚ ਪਿਛਲੇ ਇਕ ਹਫਤੇ ਦੌਰਾਨ ਜ਼ਹਿਰੀਲੇ ਡਰੱਗਸ ਕਾਰਨ 6 ਮੌਤਾਂ ਹੋ ਜਾਣ ਤੇ ਚਿੰਤਾ ਪ੍ਰਗਟ ਕਰਦਿਆਂ ਸਰੀ ਆਰ.ਸੀ.ਐਮ.ਪੀ. ਨੇ ਡਰੱਗਸ ਦੇ ਆਦੀ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਕੋਈ ਵੀ ਡਰੱਗਸ ਇਕੱਲਿਆਂ ਨਾ ਲਈ ਜਾਵੇ ਸਗੋਂ ਕਿਸੇ ਦੀ ਮੌਜੂਦਗੀ ਵਿਚ ਹੀ ਇਸ ਦੀ ਵਰਤੋਂ ਕੀਤੀ ਜਾਵੇ।

ਸਰੀ ਆਰ ਸੀ ਐਮ ਪੀ ਅਨੁਸਾਰ ਅਪ੍ਰੈਲ 21 ਤੋਂ 27 ਅਪ੍ਰੈਲ ਦਰਮਿਆਨ ਸਰੀ ਵਿਚ 6 ਮੌਤਾਂ ਹੋ ਚੁੱਕੀਆਂ ਹਨ ਅਤੇ ਇਹ ਮੰਨਿਆਂ ਜਾ ਰਿਹਾ ਹੈ ਕਿ ਇਨ੍ਹਾਂ ਮੌਤਾਂ ਦਾ ਕਾਰਨ ਜ਼ਹਿਰੀਲੇ ਡਰੱਗਸ ਦਾ ਸੇਵਨ ਕਰਨਾ ਹੈ। ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਮੌਤਾਂ ਦਾ ਕਾਰਨ ਇੱਕੋ ਜਗ੍ਹਾ ਤੋਂ ਲਈਆਂ ਗਈਆਂ ਡਰੱਗਸ ਸਨ ਜਾਂ ਨਹੀਂ। ਜ਼ਿਕਰਯੋਗ ਹੈ ਕਿ ਡਰੱਗਸ ਕਾਰਨ ਮਰਨ ਵਾਲੇ 6 ਵਿੱਚੋਂ 5 ਵਿਅਕਤੀ ਆਪਣੀ ਪ੍ਰਾਈਵੇਟ ਰਿਹਾਇਸ਼ ਵਿਚ ਮ੍ਰਿਤਕ ਮਿਲੇ ਸਨ।

ਪੁਲਿਸ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਸਿਰਫ ਅਪ੍ਰੈਲ ਮਹੀਨੇ ਦੌਰਾਨ ਹੀ ਸਰੀ ਵਿਚ 20 ਬੰਦੇ ਓਵਰਡੋਜ਼ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ ਸਾਲ 2021 ਦੇ ਪਹਿਲੇ ਚਾਰ ਮਹੀਨਿਆਂ ਵਿਚ ਹੀ ਸਰੀ ਵਿਚ ਓਵਰਡੋਜ਼ ਕਾਰਨ 70 ਮੌਤਾਂ ਹੋ ਚੁੱਕੀਆਂ ਹਨ।

(ਹਰਦਮ ਮਾਨ)  +1 604 308 6663
maanbabushahi@gmail.com