
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਹਤ ਮੰਤਰੀ ਗਰੈਗ ਹੰਟ ਦੇ ਬਿਆਨਾਂ ਮੁਤਾਬਿਕ, ਆਸਟ੍ਰੇਲੀਆ ਵਿੱਚ ਫੈਡਰਲ ਸਰਕਾਰ ਦੀ ਵਿਤੀ ਮਦਦ ਨਾਲ ਚੱਲਣ ਵਾਲੀਆਂ 100 ਤੋਂ ਵੀ ਜ਼ਿਆਦਾ ਕਲਿਨਿਕਾਂ (ਕਾਮਨਵੈਲਥ ਕਲਿਨਕ) ਅੰਦਰ ਕਰੋਨਾ ਦੀ ਵੈਕਸੀਨ ਲਗਾਉਣ ਅਤੇ ਜੀ.ਪੀਆਂ ਉਪਰ ਦਬਾਅ ਘਟਾਉਣ ਵਾਸਤੇ, ਆਮ ਲੋਕਾਂ ਵੱਲੋਂ ਕਰੋਨਾ ਦੀ ਡੋਜ਼ ਵਾਸਤੇ ਬੁਕਿੰਗ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬੁਕਿੰਗ ਕਰਨ ਵਾਲਿਆਂ ਦਾ ਟੀਕਾਕਰਣ ਅਗਲੇ ਹਫਤੇ ਦੀ ਸ਼ੁਰੂਆਤ ਯਾਨੀ ਕਿ ਸੋਮਵਾਰ ਤੋਂ ਸ਼ੁਰੂ ਵੀ ਕਰ ਦਿੱਤਾ ਜਾਵੇਗਾ ਅਤੇ ਖਾਸ ਗੱਲ ਇਹ ਹੈ ਕਿ ਕੋਈ ਵੀ ਇਸ ਕਲਿਨਿਕ ਵਿੱਚ ਆਪਣੀ ਬੁਕਿੰਗ ਕਰਵਾ ਸਕਦਾ ਹੈ ਅਤੇ ਇਸ ਵਾਸਤੇ ਉਸ ਵਿਅਕਤੀ ਦਾ ਇਸ ਕਲਿਨਿਕ ਦਾ ਪਹਿਲਾਂ ਤੋਂ ਮੈਂਬਰ ਹੋਣਾ ਜ਼ਰੂਰੀ ਨਹੀਂ ਹੈ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਨ੍ਹਾਂ ਕਲਿਨਿਕਾਂ ਉਪਰ ਹਰ ਹਫਤੇ 1000 ਦੀ ਦਰ ਨਾਲ ਕਰੋਨਾ ਵੈਕਸੀਨ ਜਨਤਕ ਤੌਰ ਤੇ ਲਗਾਈ ਜਾਵੇਗੀ ਅਤੇ ਕਈ ਵੱਡੀਆਂ ਕਲਿਨਿਕਾਂ ਉਪਰ ਇਹ ਗਿਣਤੀ 2000 ਡੋਜ਼ਾਂ ਦੀ ਵੀ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਇਸ ਮੁਹਿੰਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦੇ ਬਿਆਨਾਂ ਤੋਂ ਬਾਅਦ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਹੋਇਆਂ, ਉਕਤ ਟੀਕਾਕਰਣ ਦੇਸ਼ ਅੰਦਰ ਮੁਸ਼ਕਿਲ ਜ਼ਰੂਰ ਹੈ ਪਰੰਤੂ ਇਸਨੂੰ ਹਰ ਪੱਖ ਤੋਂ ਸੰਭਵ ਬਣਾਉਣ ਲਈ ਸਰਕਾਰ ਹਰ ਤਰ੍ਹਾਂ ਦੇ ਜ਼ਰੂਰੀ ਕਦਮ ਚੁੱਕੇਗੀ ਅਤੇ ਇਸ ਮੁਹਿੰਮ ਨੂੰ ਜਨਤਕ ਤੌਰ ਤੇ ਭੁਗਤਾ ਕੇ ਹੀ ਦਮ ਲਵੇਗੀ।
ਅੱਜ ਤੋਂ ਹੀ ਉਕਤ ਕਲਿਨਿਕਾਂ ਅੰਦਰ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਮੀਦ ਹੈ ਕਿ ਇਸ ਨਾਲ 250,000 ਤੋਂ ਵੀ ਜ਼ਿਆਦਾ ਲੋਕਾਂ ਨੂੰ ਫਾਈਜ਼ਰ ਜਾਂ ਐਸਟ੍ਰੇਜ਼ੈਨੇਕਾ ਦੀ ਡੋਜ਼ ਦਿੱਤੀ ਜਾਵੇਗੀ।
ਅਗਲੇ ਹਫਤੇ ਦੇ ਅਨੁਮਾਨ ਮੁਤਾਬਿਕ ਰਾਜਾਂ ਨੂੰ 150,000 ਡੋਜ਼ਾਂ, ਜੀ.ਪੀਆਂ ਨੂੰ 200,000, ਕਾਮਨਵੈਲਥ ਕਲਿਨਕਾਂ ਨੂੰ 50,000 ਅਤੇ 100,000 ਡੋਜ਼ਾਂ ਫਰੰਟਲਾਈਨ ਵਰਕਰਾਂ ਅਤੇ ਏਜਡ ਕੇਅਰ ਵਿੱਚ ਭੇਜੇ ਜਾਣ ਦੀ ਸੰਭਾਵਨਾ ਹੈ। ਅਤੇ ਇਹ ਵੀ ਕਿਹਾ ਗਿਆ ਹੈ ਕਿ ਅਗਲੇ ਹਫਤੇ ਤੋਂ ਹੀ 1000 ਤੋਂ ਵੀ ਵੱਧ ਜੀ.ਪੀ. ਕਲਿਨਿਕਾਂ ਵੀ ਵੈਕਸੀਨ ਦੇਣੀਆਂ ਸ਼ੁਰੂ ਕਰ ਦੇਣਗੀਆਂ।