
(ਦ ਏਜ ਮੁਤਾਬਿਕ) ਕੈਨਬਰਾ ਪ੍ਰੈਸ ਕਲੱਬ ਦੇ ਇੱਕ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਸਾਫ਼ ਲਫ਼ਜ਼ਾਂ ਵਿੱਚ ਕਿਹਾ ਹੈ ਕਿ ਇਸ ਵੇਲੇ ਜਾਬ-ਕੀਪਰ ਅਤੇ ਜਾਬ-ਸੀਕਰ ਭੱਤਿਆਂ ਨੂੰ ਵਧਾਉਣ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਭੱਤੇ ਕਰੋਨਾ ਦੀ ਮਾਰ ਕਾਰਨ ਪੈਦਾ ਹੋਈਆਂ ਅਜਿਹੀਆਂ ਹਾਲਤਾਂ ਵਿੱਚ ਲਗਾਏ ਗਏ ਸਨ ਕਿ ਇਸ ਭਿਆਨਕ ਬਿਮਾਰੀ ਦੀ ਮਾਰ ਹੇਠ ਆਏ ਲੋਕਾਂ ਦੇ ਕੰਮ-ਧੰਦੇ ਬੰਦ ਹੋ ਗਏ ਸਨ ਅਤੇ ਉਨ੍ਹਾਂ ਦੇ ਜੀਵਨ ਦੀ ਗੱਡੀ ਨੂੰ ਚਲਾਉਣ ਵਾਸਤੇ ਇਹ ਜ਼ਰੂਰੀ ਸਮਝੇ ਗਏ ਸਨ ਅਤੇ ਇਸ ਨਾਲ ਲੱਖਾਂ ਲੋਕਾਂ ਨੂੰ ਮਾਲੀ ਮਦਦ ਦਿੱਤੀ ਵੀ ਗਈ ਹੈ। ਪਰੰਤੂ ਹੁਣ ਦੇਸ਼ ਦੀ ਅਰਥ ਵਿਵਸਥਾ ਨੂੰ ਵੀ ਲੀਹਾਂ ਉਪਰ ਲਿਆਉਣ ਵਾਸਤੇ ਵੀ ਬਹੁਤ ਸਾਰਾ ਧਨ ਖਰਚਣ ਦੀ ਜ਼ਰੂਰਤ ਹੈ ਅਤੇ ਇਸ ਨਾਲ ਰੌਜ਼ਗਾਰਾਂ ਨੂੰ ਉਤਪੰਨ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਕੰਮ ਦੇ ਬਦਲੇ ਵਿੱਚ ਪੈਸੇ ਦਿੱਤੇ ਜਾ ਸਕਣ ਅਤੇ ਇਸ ਨਾਲ ਦੇਸ਼ ਦੀ ਅਰਥ-ਵਿਵਸਥਾ ਅੰਦਰ ਵੀ ਸੁਧਾਰ ਹੋਵੇ। ਸਰਕਾਰ ਦੇ ਇਸ ਸਾਲ 2021 ਦੇ ਹੋਰਨਾ ਮਦਦ ਦੇ ਪਲਾਨਾਂ ਵਿੱਚ ਅਜਿਹਾ ਕੀਤਾ ਜਾ ਰਿਹਾ ਹੈ ਕਿ ਲੋਕਾਂ ਦੀ ਜੇਬ ਉਪਰ ਭੁਗਤਾਨਾਂ ਦਾ ਬੋਝ ਘੱਟ ਸਕੇ ਅਤੇ ਇਸ ਵਾਸਤੇ ਨਿਚਲੇ ਅਤੇ ਵਿਚਕਾਰਲੇ ਤਬਕੇ ਨੂੰ ਆਮਦਨ ਕਰ ਦੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ; ਛੋਟੇ ਅਤੇ ਮਧਿਅਮ ਉਦਯੋਗਾਂ ਅੰਦਰ ਲਗਦੇ ਟੈਕਸਾਂ ਵਿੱਚ ਵੀ ਛੋਟ ਦੇ ਕੇ ਇਸ ਨੂੰ 26% ਤੋਂ 25% ਕਰ ਦਿੱਤਾ ਗਿਆ ਹੈ; ਰੌਜ਼ਗਾਰਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਤਾਂ ਜੋ ਨਗਦੀ ਦੇ ਭੁਗਤਾਨਾਂ ਵਿੱਚ ਇਜ਼ਾਫ਼ਾ ਹੋ ਸਕੇ ਅਤੇ ਜ਼ਿਆਦਾ ਤੋਂ ਜ਼ਿਆਦਾ ਧਨ ਬਾਜ਼ਾਰ ਦੇ ਨਿਵੇਸ਼ ਵਿੱਚ ਸਿੱਧੇ ਤੌਰ ਤੇ ਸ਼ਾਮਿਲ ਹੋ ਸਕੇ।