ਪਿੰਡ, ਪੰਜਾਬ ਦੀ ਚਿੱਠੀ (269)

ਪਿੰਡ, ਪੰਜਾਬ ਦੀ ਚਿੱਠੀ (269)

ਜਿਉਂਦੇ-ਵੱਸਦੇ ਰਹੋ ਭਾਈ ਸਾਰੇ, ਇੱਥੇ, ਮੀਂਹ ਨੇ ਗਰਮੀ ਨੂੰ ਮੋੜਾ ਪਾ ਦਿੱਤਾ ਹੈ। ਵਿਆਹਾਂ ਲਈ ਮਹੱਲਾਂ, ਹੋਟਲਾਂ, ਹਲਵਾਈਆਂ, ਟੈਂਟ ਹਾਊਸ, ਗਾਉਣ ਵਾਲੇ ਅਤੇ ਹੋਰ ਨਿੱਕ-ਸੁੱਕ ਦੀ ਬੁਕਿੰਗ ਹੋ ਗਈ ਹੈ। ਦੀਵਾਲੀ ਦੀਆਂ ਤਿਆਰੀਆਂ ਹਨ। ਸੱਚ! ਜਵਾਨ ਮੁੰਡਾ ਜਵੰਦਾ ਗਾਂਉਂਦਾ-ਗਾਂਉਂਦਾ, ਤੁਰ ਗਿਆ ਹੈ। ਅਖ਼ਬਾਰਾਂ ਚ ਹੁਣ, ਬਾਹਲੇ ਡਾਕਟਰਾਂ ਦੀਆਂ ਮਸ਼ਹੂਰੀਆਂ ਦੇ ਪਰਚੇ ਆਂਉਂਦੇ ਹਨ। ਤੁਸੀਂ ਵੀ ਸਰਦੀਆਂ ਲਈ, ਟਿਕਟਾਂ ਬੁੱਕ ਕਰਾ ਲਵੋ। ਅੱਗੇ ਸਮਾਚਾਰ ਇਹ ਹੈ ਕਿ ਆਪਣਾ ਬਹੂ-ਰੁਪੀਆ, ਰੂਪ ਸਿੰਘ ਬਹੁਤ ਮਸ਼ਹੂਰ ਹੋ ਗਿਆ ਹੈ। ਅੱਗੇ ਤਾਂ ਉਸਦਾ ਇੱਕੋ ਮੁੱਖ ਰੂਪ ਸੀ ਮਾਸਟਰੀ, ਫੇਰ ਉਹ ਬਾਗੜੀ ਬੋਲੀਚ ਹੱਸਣ ਆਲੀਆਂ ਕਵਿਤਾਵਾਂ ਬੋਲਣ ਚ ਮਸ਼ਹੂਰ ਹੋਇਆ। ਰਟੈਰ ਹੋ ਕੇ, ਹੁਣ ਉਹ ਖੁੱਲ੍ਹ ਕੇ ਲਿਖਦਾ, ਬੋਲਦਾ 21 ਕਿਤਾਬਾਂ ਛਪਾ ਗਿਆ ਹੈ। ਕ੍ਰਿਸ਼ਨ ਲਾਲ ਬਾਈ ਜੀ, ਕਹਿੰਦਾ “ਥੇ ਤੋ ਕਮਾਲ ਕਰੈ ਬਈ ਕਬੀ ਰੂਪ ਚੰਦ ਬਣ ਜੈ ਔਰ ਕਭੀ ਰੂਪ ਨਾਥ, ਅਰ ਬਾਗੜੀ ਬੋਲੀ, ਬੋਲੈ ਡਿਟੋ, ਨੀਲੀ ਪਗੜੀ ਵਾਲੇ ਸਰਦਾਰ ਕੇ ਮੂੰਹ ਪੂਰੀ ਜੱਚੈ।" ਨਿੱਕੇ-ਨਿੱਕੇ ਨਾਟਕ ਬਣਾ ਕੇ ਪੜ੍ਹਾਈ, ਸਫ਼ਾਈ ਅਤੇ ਦਾਨਾਈ ਦੀ ਸਿੱਖਿਆ ਦਿੰਦਾ। ਹੁਣ ਉਹਦੀ ਇੰਟਰਵਿਊ ਕੀਤੀ ਐ ਕਈ ਚੈਨਲਾਂ ਨੇ। ਪਿੰਡ ਵਾਲਿਆਂ ਸੁਣੀਂ, ਸੂਰਜਾ ਰਾਮ ਖੁਸ਼ ਹੋ ਗਿਆ, “ਲੈ ਬਈ ਰੂਪ ਜੀ ਅਤੇ ਮੈਂ ਹਮ-ਉਮਰ, ਹਮ ਜਮਾਤੀ, ਉਹਨੇ ਜੋ ਗੱਲਾਂ ਦੱਸੀਆਂ 1960-70 ਦੀਆਂ, ਜਮਾਂ ਸੱਚੀਆਂ। ਅਸੀਂ 14-15 ਮੀਲ ਰੋਜ ਪੈਦਲ ਚੱਲ ਕੇ ਮੰਡੀ ਜਾ ਕੇ ਪੜ੍ਹੇ। ਮੈਂ ਰਹਿ ਗਿਆ ਪਿੰਡ, ਉਹ ਤਰੱਕੀ ਕਰ ਕੇ ਟੱਪ ਗਿਆ।" “ਉਹਦੀਆਂ ਗੱਲਾਂ ਸੁਣ ਕੇ ਮੇਰਾ ਪੋਤਾ ਤਾਂ ਸੱਚ ਨੀਂ ਮੰਨਦਾ।" ਕੰਵਲਿਆਂ ਦੀ ਗਲੀ ਆਲੇ ਕੈਲੇ ਨੇ ਬਦਲਦੀ ਦੁਨੀਆਂ ਦੀ ਸਚਾਈ ਦੱਸੀ। “ਨਾ ਮੰਨੇ, ਮੈਂ ਗਵਾਹ ਹਾਂ ਉਹਦਾ, ਉਹਨੇ ਤਾਂ ਇਹ ਵੀ ਨੀਂ ਮੰਨਣਾ, ਬਈ ਅਸੀਂ, ਸਾਈਕਲ ਉੱਤੇ ਦੋ ਝੂਟੇ ਲੈਣ ਲਈ ਤਰਸਦੇ ਸੀ ਅਤੇ ਵੱਡੇ ਘਰ ਆਲੇ ਪ੍ਰਦੁੱਮਣ ਦੇ ਹਾੜੇ ਕੱਢਦੇ ਸੀ। ਮਾਸਟਰ ਦੀ ਤਨਖਾਹ 100 ਰੁਪੈ ਸੀ, ਦੁੱਧ 25 ਪੈਸੇ ਕਿੱਲੋ ਅਤੇ ਘਿਓ ਸ਼ੁੱਧ ਦੇਸੀ 3-4 ਰੁਪੈ ਕਿੱਲੋ।" ਸੂਰਜੇ ਨੇ ਆਪਣੀ ਹੱਡ-ਬੀਤੀ ਨਾਲ, ਜੱਗ-ਬੀਤੀ ਨੂੰ ਜੋੜਿਆ। “ਫੇਰ ਯਾਰ ਉਹ ਐਨੀ ਗੂੜ੍ਹੀ ਰਾਜਸਥਾਨੀ ਬੋਲੀ ਕਿਵੇਂ ਸਿੱਖ ਗਿਆ?" ਨਵੀਂ ਪੀੜ੍ਹੀ ਆਲੇ ਕੈਲੇ ਨੂੰ ਹੈਰਾਨੀ ਹੋਈ। “ਉਹਦੀ ਭੂਆ ਸੀ ਸੰਗਰੀਏ ਕੰਨੀਂ। ਉੱਥੇ ਜਾ ਕੇ ਕੋਰਸ ਕਰਕੇ ਰਾਵਤਸਰ/ਪੱਲੂ, ਦੇ ਪਿੰਡਾਂਚ ਪੜ੍ਹਾਉਣ ਲੱਗਾ। ਸਾਰਾ ਇਲਾਕਾ ਬਾਗੜੀ। ਜੈਸਾ ਦੇਸ, ਵੈਸੀ ਬੋਲੀ, ਹੌਲੀ-ਹੌਲੀ ਉਹ ਬੋਲੀ ਸਿੱਖ ਕੇ, ਲਿਖਣ-ਬੋਲਣ ਲੱਗਾ। ‘ਬਾਗੜੀ ਸਰਦਾਰਦੇ ਨਾਂ, ਮਸ਼ਹੂਰ ਹੋ, ਉਹ, ਸਾਰੀ ਦੁਨੀਆਂ ਗਾਹ ਆਇਐ।" ਸੂਰਜਾ ਰਾਮ ਗੇਦਰ ਨੇ ਕਹਾਣੀ ਕਹੀ। “ਇੰਟਰਵਿਊਚ ਤਾਂ ਉਹਨੇ ਇਹ ਵੀ ਕਿਹਾ ਕਿ ਹੁਣ, ਦੰਦੀਵਾਲਾਂ ਦੇ ਸੁਖਪਾਲ ਸਿੰਹੁ ਮਾਸਟਰ ਨਾਲ ਰਲ ਕੇ ਆਪਣੇ ਪਿੰਡ ਦੀ ਕਿਤਾਬ ਵੀ ਲਿਖੂਗਾ।” ਕੈਲਾ ਨੇ ਜੋਸ਼ ਨਾਲ ਭਾਖਿਆ ਕੀਤੀ। “ਫੇਰ ਤਾਂ ਬਈ ਉਹ ਮੇਰਾ ਅਤੇ ਆਪਣਾ ਸਭ ਦਾ ਨਾਂ ਵੀ ਲਿਖੂਗਾ, ਚੰਗੀ ਗੱਲ ਐ। ਇੱਕ ਗੱਲ ਦੱਸਾਂ, ਪਿੰਡ ਦਾ ਚੰਗਾ ਬੰਦਾ, ਸ਼ਹਿਰ ਜਾ ਕੇ ਕੋਠੀਆਂ ਪਾ ਲੇ, ਵੱਡਾ ਬਣ ਜੇ, ਪਰ ਉਹ ਆਪਣੀ ਜੜ ਨਾਲੋਂ ਨੀਂ ਟੁੱਟਦਾ। ਪਿੰਡ ਦੀ ਕਿਤਾਬ ਲਿਖ ਕੇ ਉਹ ਕੁੱਝ ਅਹਿਸਾਨ ਤਾਂ ਮੋੜੂਗਾ ਹੀ, ਜੀ ਆਇਆਂ ਨੂੰ।” ਸੂਰਜਾ ਰਾਮ ਦੀਆਂ ਅੱਖਾਂ ਚਮਕ ਉੱਠੀਆਂ।
ਬਾਕੀ ਅਗਲੇ ਐਤਵਾਰ…..

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061