ਆਰਗੈਨਿਕ ਫੂਡ ਦੇ ਨਾਮ ‘ਤੇ ਚੱਲ ਰਿਹਾ ਅਰਬਾਂ ਖਰਬਾਂ ਦਾ ਗੋਰਖ ਧੰਦਾ।

ਆਰਗੈਨਿਕ ਫੂਡ ਦੇ ਨਾਮ ‘ਤੇ ਚੱਲ ਰਿਹਾ ਅਰਬਾਂ ਖਰਬਾਂ ਦਾ ਗੋਰਖ ਧੰਦਾ।

ਭਾਰਤ ਵਿੱਚ ਇਸ ਸਮੇਂ ਆਰਗੈਨਿਕ ਫੂਡ ਦੇ ਨਾਮ ‘ਤੇ ਲੋਕਾਂ ਨੂੰ ਰੱਜ ਕੇ ਬੇਵਕੂਫ ਬਣਾਇਆ ਜਾ ਰਿਹਾ ਹੈ। ਕਈ ਚਲਾਕ ਕਿਸਮ ਦੇ ਲੋਕ ਇਸ ਫਰਾਡ ਤੋਂ ਕਰੋੜਾਂ ਰੁਪਏ ਦੀ ਕਮਾਈ ਕਰ ਰਹੇ ਹਨ ਕਿਉਂਕਿ ਆਰਗੈਨਿਕ ਸ਼ਬਦ ਸੁਣਦੇ ਸਾਰ ਅਮੀਰ ਲੋਕ ਕੋਈ ਵੀ ਕੀਮਤ ਦੇਣ ਨੂੰ ਤਿਆਰ ਹੋ ਜਾਂਦੇ ਹਨ। ਪੇਂਡੂ ਬੰਦਾ ਤਾਂ ਸ਼ਾਇਦ ਇਹ ਪਹਿਚਾਣ ਕਰ ਲਵੇ ਕਿ ਇਹ ਅਨਾਜ਼ (ਕਣਕ, ਚਾਵਲ, ਮੱਕੀ ਆਦਿ) ਜਾਂ ਸਬਜ਼ੀਆਂ ਆਰਗੈਨਿਕ ਨਹੀਂ ਹਨ ਪਰ ਸ਼ਹਿਰੀਏ ਇਹ ਪਹਿਚਾਣ ਕਦੇ ਵੀ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਨੇ ਤਾਂ ਕਦੇ ਖੇਤਾਂ ਵਿੱਚ ਪੈਰ ਵੀ ਨਹੀਂ ਪਾਇਆ ਹੁੰਦਾ। ਆਰਗੈਨਿਕ ਅਨਾਜ਼ ਤੇ ਸਬਜ਼ੀਆਂ ਪੈਦਾ ਕਰਨਾ ਬਹੁਤ ਹੀ ਮੁਸ਼ਕਿਲ ਅਤੇ ਘਾਟੇ ਵਾਲਾ ਸੌਦਾ ਹੈ। ਆਪਾਂ ਕਣਕ ਦੀ ਹੀ ਮਿਸਾਲ ਲੈ ਲੈਂਦੇ ਹਾਂ। ਖਾਦਾਂ, ਨਦੀਨ ਨਾਸ਼ਕ ਤੇ ਕੀਟ ਨਾਸ਼ਕਾਂ ਦੀ ਵਰਤੋਂ ਕਰ ਕੇ ਤਿਆਰ ਕੀਤੀ ਗਈ ਕਣਕ ਦਾ ਔਸਤ ਝਾੜ 20 ਕਵਿੰਟਲ (50 ਮਣ, 2000 ਕਿੱਲੋ) ਦੇ ਕਰੀਬ ਨਿਕਲਦਾ ਹੈ। ਪਰ ਜੇ ਕੋਈ ਕਿਸਾਨ ਕਣਕ ਨੂੰ ਰਸਾਇਣਕ ਖਾਦਾਂ ਆਦਿ ਦੀ ਬਜਾਏ ਪਸ਼ੂਆਂ ਦਾ ਗੋਹਾ ਜਾਂ ਮੁਰਗੀਆਂ ਦੀਆਂ ਵਿੱਠਾਂ ਵਰਤਦਾ ਹੈ ਤੇ ਸੋਸ਼ਲ ਮੀਡੀਆ ‘ਤੇ ਖੂਬ ਪ੍ਰਚਾਰੇ ਜਾ ਰਹੇ ਗਾਂ ਦੇ ਮੂਤਰ ਅਤੇ ਖੱਟੀ ਲੱਸੀ ਤੋਂ ਤਿਆਰ ਕੀਤੇ ਕੀਟ ਨਾਸ਼ਕ ਦੀ ਵਰਤੋਂ ਕਰਦਾ ਹੈ ਤਾਂ ਕਿਸੇ ਵੀ ਹਾਲਤ ਵਿੱਚ ਵੀ ਝਾੜ 5 6 ਕਵਿੰਟਲ (500, 600 ਕਿੱਲੋ) ਤੋਂ ਵੱਧ ਨਹੀਂ ਨਿਕਲ ਸਕਦਾ।

ਅਜਿਹੇ ਕਿਸਾਨ ਦਾ ਸਿਰਫ ਗੁਡਾਈ ਉੱਪਰ ਹੀ ਨੌਂ, ਦਸ ਹਜ਼ਾਰ ਪ੍ਰਤੀ ਏਕੜ ਲੱਗ ਜਾਣਾ ਹੈ। ਸ਼ਾਇਦ 5 6 ਕਵਿੰਟਲ ਵੀ ਝਾੜ ਨਾ ਨਿਕਲੇ ਕਿਉਂਕਿ ਕਣਕ ਨੂੰ ਪੈਣ ਵਾਲੇ ਦੁਸ਼ਮਣ ਕੀੜੇ (ਤੇਲਾ ਆਦਿ) ਆਦਿ ਦਾ ਸਰੀਰਕ ਸਿਸਟਮ ਕੀਟ ਨਾਸ਼ਕਾਂ ਪ੍ਰਤੀ ਐਨਾ ਪ੍ਰਤੀਰੋਧਕ ਹੋ ਚੁੱਕਾ ਹੈ ਕਿ ਬੇਹੱਦ ਜ਼ਹਿਰੀਲੀਆਂ ਦਵਾਈਆਂ ਦੀਆਂ ਚਾਰ ਚਾਰ ਸਪਰੇਆਂ ਕਰਨ ‘ਤੇ ਵੀ ਪੂਰੀ ਤਰਾਂ ਨਹੀਂ ਮਰਦੇ। ਹੁਣ ਤੁਸੀ ਸੋਚ ਲਉ ਕਿ ਗਾਂ ਮੂਤਰ, ਨਿੰਮ ਅਤੇ ਖੱਟੀ ਲੱਸੀ ਤੋਂ ਤਿਆਰ ਕੀਤੇ ਗਏ ਜੈਵਿਕ ਕੀਟ ਨਾਸ਼ਕ ਉਸ ‘ਤੇ ਕੀ ਅਸਰ ਕਰਨਗੇ? ਇਸ ਵੇਲੇ ਕਣਕ ਦਾ ਸਰਕਾਰੀ ਰੇਟ ਸਾਲ 2025 2026 ਲਈ 2425 ਰੁਪਏ ਪ੍ਰਤੀ ਕਵਿੰਟਲ ਹੈ। ਇਸ ਦਾ ਮਤਲਬ ਇਹ ਹੈ ਕਿ ਆਰਗੈਨਿਕ ਕਣਕ ਉਗਾਉਣ ਵਾਲੇ ਕਿਸਾਨ ਨੂੰ ਜੇ ਆਮ ਕਣਕ ਨਾਲੋਂ 5 ਗੁਣਾ ਵੱਧ ਰੇਟ ਜੋ ਕਿ 12000 ਦੇ ਕਰੀਬ ਬਣਦਾ ਹੈ, ਮਿਲੇ ਤਾਂ ਕਿਤੇ ਉਸ ਦਾ ਘਾਟਾ ਪੂਰਾ ਹੋ ਸਕਦਾ ਹੈ। ਪਰ ਦੂਸਰੇ ਪਾਸੇ ਰਾਜਸਥਾਨੀ ਦੇਸੀ ਤੇ ਆਰਗੈਨਿਕ ਦੱਸ ਕੇ ਵੇਚੀ ਜਾ ਰਹੀ ਕਣਕ 4, 5 ਹਜ਼ਾਰ ਪ੍ਰਤੀ ਕਵਿੰਟਲ ਅਰਾਮ ਨਾਲ ਜਿੰਨੀ ਚਾਹੋ ਮਿਲ ਜਾਂਦੀ ਹੈ। ਐਨੀ ਕਣਕ ਕਿੱਥੋਂ ਆ ਰਹੀ ਹੈ? ਇਹ ਅਸਲ ਵਿੱਚ ਪੰਜਾਬ ਦੀ ਹੀ ਕਣਕ ਹੈ ਜਿਸ ਨੂੰ ਧੋ ਸਵਾਰ ਕੇ ਰਾਜਸਥਾਨੀ ਕਣਕ ਦੇ ਨਾਮ ‘ਤੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ।
ਕੁਝ ਸਾਲ ਪਹਿਲਾਂ ਮੈਂ ਬਤੌਰ ਐਸ.ਪੀ. ਸਬ ਡਵੀਜ਼ਨ ਅਬੋਹਰ ਲੱਗਾ ਹੋਇਆ ਸੀ। ਉਥੇ ਇੱਕ ਨਜ਼ਦੀਕ ਪਿੰਡ ਵਿੱਚ ਇੱਕ ਕਿਸਾਨ ਦੀ ਬੜੀ ਚਰਚਾ ਸੀ ਕਿ ਉਹ ਆਰਗੈਨਿਕ ਫਸਲਾਂ ਬੀਜਦਾ ਹੈ। ਜਦੋਂ ਮੈਂ ਉਸ ਦੇ ਫਾਰਮ ‘ਤੇ ਗਿਆ ਉਦੋਂ ਕਣਕ ਨਿੱਸਰੀ ਹੋਈ ਸੀ। ਮੈਂ ਉਸ ਨੂੰ ਪੁੱਛਿਆ ਕਿ ਕਣਕ ਲਈ ਖਾਦ ਜਾਂ ਕੀਟ ਨਾਸ਼ਕ ਜਾਂ ਨਦੀਨ ਨਾਸ਼ਕ ਵਰਤਦੇ ਉ? ਉਹ ਤੜਾਕ ਦੇਣੀ ਬੋਲਿਆ ਕਿ ਮਤਲਬ ਈ ਨਹੀਂ, ਸਿਰਫ ਆਰਗੈਨਿਕ ਵਸਤੂਆਂ ਦੀ ਵਰਤੋਂ ਹੀ ਖਾਦ ਅਤੇ ਸਪਰੇਅ ਵਾਸਤੇ ਕੀਤੀ ਜਾਂਦੀ ਹੈ। ਮੇਰੇ ਕੋਲੋਂ ਰਿਹਾ ਨਾ ਗਿਆ, ਮੈਂ ਕਿਹਾ ਕਿ ਭਾਈ ਸਾਹਿਬ ਤੁਸੀਂ ਇਨ੍ਹਾਂ ਗੱਲਾਂ ਨਾਲ ਸ਼ਹਿਰੀਆਂ ਨੂੰ ਬੇਵਕੂਫ ਬਣਾ ਸਕਦੇ ਉ ਪਰ ਕਿਸੇ ਕਿਸਾਨ ਨੂੰ ਨਹੀਂ। ਤੇਰੀ ਤਕਰੀਬਨ 40, 50 ਏਕੜ ਕਣਕ ਕਾਲੀ ਸ਼ਾਹ ਖੜ੍ਹੀ ਆ ਤੇ ਤੂੰ ਲੋਕ ਵਿਖਾਵਾ ਕਰਨ ਲਈ ਇਸ ਚੁਬੱਚੇ ਵਿੱਚ 8 – 10 ਲੀਟਰ ਲੱਸੀ ਵਾਲਾ ਕੀਟ ਨਾਸ਼ਕ ਰੱਖਿਆ ਹੋਇਆ ਹੈ। ਤੇਰੇ ਖੇਤਾਂ ਵਿੱਚ ਜੌਂਧਰ ਵਰਗੇ ਕਰੜੇ ਨਦੀਨ ਸਮੇਤ ਕਿਸੇ ਨਦੀਨ ਦਾ ਨਾਮੋ ਨਿਸ਼ਾਨ ਨਹੀਂ ਹੈ। ਗਾਵਾਂ ਤੇਰੇ ਕੋਲ ਸਿਰਫ ਚਾਰ ਖੜ੍ਹੀਆਂ ਨੇ, ਇਹ ਤੀਹ ਚਾਲੀ ਖੇਤਾਂ ‘ਤੇ ਸਪਰੇਅ ਕਰਨ ਜੋਗਾ ਮੂਤਰ ਕਿਵੇਂ ਪੈਦਾ ਕਰ ਸਕਦੀਆਂ ਹਨ? ਬਿਨਾਂ ਰਸਾਇਣਕ ਖਾਦ ਜਾਂ ਸਮਰੇਅ ਤੋਂ ਇਸ ਤਰਾਂ ਦੀ ਸ਼ਾਨਦਾਰ ਕਣਕ ਹੋ ਹੀ ਨਹੀਂ ਸਕਦੀ। ਕੁਝ ਦੇਰ ਤਾਂ ਉਹ ਬਹਿਸ ਕਰਦਾ ਰਿਹਾ ਪਰ ਅਖੀਰ ਵਿੱਚ ਉਸ ਨੂੰ ਮੰਨਣਾ ਪਿਆ ਕਿ ਸੋਸ਼ਲ ਮੀਡੀਆ ‘ਤੇ ਕੀਤੇ ਜਾ ਰਹੇ ਧੂੰਆਂ ਧਾਰ ਪ੍ਰਚਾਰ ਕਾਰਨ ਉਸ ਦਾ ਠਕ ਠਕਾ ਵਧੀਆ ਚੱਲ ਰਿਹਾ ਹੈ। ਖਾਦ, ਨਦੀਨ ਨਾਸ਼ਕ ਅਤੇ ਕੀਟ ਨਾਸ਼ਕ ਤਾਂ ਵਰਤਣੇ ਹੀ ਪੈਂਦੇ ਹਨ, ਉਹ ਗੱਲ ਵੱਖਰੀ ਹੈ ਕਿ ਮੈਂ ਬਾਕੀ ਲੋਕਾਂ ਤੋਂ ਥੋੜ੍ਹੇ ਬਹੁਤੇ ਘੱਟ ਵਰਤਦਾ ਹਾਂ।

ਮੇਰਾ ਇੱਕ ਦੋਸਤ ਮੋਹਾਲੀ ਰਹਿੰਦਾ ਹੈ ਤੇ ਸਰਕਾਰੀ ਨੌਕਰੀ ਕਰਦਾ ਹੈ। ਉਸ ਦੀ ਆਪਣੇ ਮਹਿਕਮੇ ਦੇ ਅਫਸਰਾਂ ਨਾਲ ਬਹੁਤ ਬਣਦੀ ਹੈ ਜਿਸ ਦੀ ਬਦੌਲਤ ਉਹ ਮਨਮਰਜ਼ੀ ਦੀ ਪੋਸਟਿੰਗ ਕਰਵਾ ਲੈਂਦਾ ਹੈ। ਇੱਕ ਦਿਨ ਮੈਂ ਉਸ ਨੂੰ ਮਿਲਣ ਲਈ ਗਿਆ ਤਾਂ ਅੱਗੇ ਉਹ ਲਾਅਨ ਵਿੱਚ ਅੱਠ ਦਸ ਤਰਾਂ ਦੀਆਂ ਸਬਜ਼ੀਆਂ ਦੀਆਂ ਬੋਰੀਆਂ ਖੋਲ੍ਹੀ ਬੈਠਾ ਸੀ ਜਿਨ੍ਹਾਂ ਨੂੰ ਕੁਝ ਮਜ਼ਦੂਰ ਧੋ ਸੁਕਾ ਕੇ ਲਿਫਾਫਿਆਂ ਵਿੱਚ ਪੈਕ ਕਰ ਰਹੇ ਸਨ। ਮੈਂ ਜਦੋਂ ਉਸ ਨੂੰ ਇਸ ਤਮਾਸ਼ੇ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਅਫਸਰਾਂ ਵਾਸਤੇ ਆਪਣੇ ਫਾਰਮ ਦੀ ਆਰਗੈਨਿਕ ਸਬਜ਼ੀ ਪੈਕ ਕਰਵਾ ਰਿਹਾ ਹੈ। ਮੈਂ ਉਸ ਨੂੰ ਪੁੱਛਿਆ ਕਿ ਕਿੱਥੇ ਆ ਤੇਰਾ ਫਾਰਮ, ਕਦੇ ਵਿਖਾਇਆ ਹੀ ਨਹੀਂ। ਉਹ ਹੱਸ ਕੇ ਬੋਲਿਆ ਕਿ ਕਿਹੜਾ ਫਾਰਮ? ਮੈਂ ਆਪਣੇ ਅਫਸਰਾਂ ਨੂੰ ਦੱਸਿਆ ਹੋਇਆ ਹੈ ਕਿ ਖਰੜ ਵੱਲ ਮੇਰਾ ਇੱਕ ਫਾਰਮ ਹੈ ਜਿੱਥੇ ਮੈਂ ਆਰਗੈਨਿਕ ਸਬਜ਼ੀਆਂ ਦੀ ਖੇਤੀ ਕਰਦਾ ਹਾਂ। ਦਸੀਂ ਪੰਦਰੀਂ ਦਿਨੀ ਚੰਡੀਗੜ੍ਹ ਦੀ ਸਬਜ਼ੀ ਮੰਡੀ ਤੋਂ ਸਬਜ਼ੀਆਂ ਲੈ ਆਉਂਦਾ ਹਾਂ ਤੇ ਧੋ ਸਵਾਰ ਕੇ ਉਨ੍ਹਾਂ ਦੇ ਘਰੀਂ ਪਹੁੰਚ ਦਿੰਦਾ ਹਾਂ। ਅਫਸਰਾਂ ਦੀਆਂ ਪਤਨੀਆਂ ਮੇਰੇ ਪਿੱਛੇ ਪਈਆਂ ਰਹਿੰਦੀਆਂ ਹਨ ਕਿ ਬਜ਼ਾਰ ਵਿੱਚੋਂ ਖਰੀਦੀ ਹੋਈ ਸਬਜ਼ੀ ਤੇਰੀ ਆਰਗੈਨਿਕ ਸਬਜ਼ੀ ਵਰਗੀ ਸਵਾਦ ਨਹੀਂ ਬਣਦੀ, ਦੁਬਾਰਾ ਦੇ ਕੇ ਜਾਉ। ਬੱਸ ਇਸੇ ਆਰਗੈਨਿਕ ਸਬਜ਼ੀ ਦੇ ਸਿਰ ‘ਤੇ ਮਨਮਰਜ਼ੀ ਦੀ ਪੋਸਟਿੰਗ ਹੋ ਜਾਂਦੀ ਹੈ।

ਆਪਣੀ ਘਰੇਲੂ ਵਰਤੋਂ ਵਾਸਤੇ ਤਾਂ ਕਿਚਨ ਗਾਰਡਨ ਵਿੱਚ ਆਰਗੈਨਿਕ ਸਬਜ਼ੀ ਆਦਿ ਉਗਾਈ ਜਾ ਸਕਦੀ ਹੈ ਪਰ ਕਮਰਸ਼ੀਅਲ ਤੌਰ ‘ਤੇ ਇਸ ਨੂੰ ਉਗਾਉਣਾ ਘਾਟੇਵੰਦਾ ਸੌਦਾ ਹੈ। ਜੇ ਤੁਸੀਂ ਜਰੂਰ ਹੀ ਆਰਗੈਨਿਕ ਸਬਜ਼ੀਆਂ ਜਾਂ ਆਟਾ, ਚਾਵਲ ਆਦਿ ਲੈਣੇ ਹਨ ਤਾਂ ਬਹੁਤ ਹੀ ਭਰੋਸੇਯੋਗ ਵਿਅਕਤੀ ਕੋਲੋਂ ਲਉ ਨਹੀਂ ਤਾਂ ਆਪ ਉਗਾ ਲਉ। ਅੱਜ ਕਲ੍ਹ ਸੈਂਕੜੇ ਮਿਹਨਤੀ ਲੋਕ ਆਪਣੇ ਜੋਗੀ ਸਬਜ਼ੀ ਘਰ ਦੀਆਂ ਛੱਤਾਂ ਉੱਪਰ ਹੀ ਗਮਲਿਆਂ ਵਿੱਚ ਉਗਾ ਰਹੇ ਹਨ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)
ਪੰਡੋਰੀ ਸਿੱਧਵਾਂ 9501100062