
ਰੂਸ ਦੀ ਇੱਕ ਫੈਕਟਰੀ ਅੰਦਰ ਹੋਏ ਜ਼ਬਰਦਸਤ ਧਮਾਕੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਅਤੇ 2 ਗੰਭੀਰ ਰੂਪ ‘ਚ ਜ਼ਖਮੀ ਹਨ। ਇਸ ਧਮਾਕੇ ਦੀ ਪੁਸ਼ਟੀ ਰੂਸੀ ਸਮਾਚਾਰ ਏਜੰਸੀ ਨੇ ਕੀਤੀ ਹੈ। ਰਿਪੋਰਟ ਮੁਤਾਬਕ ਇਹ ਧਮਾਕਾ ਮੱਧ ਰੂਸੀ ਖੇਤਰ ਦੇ ਸਮਾਰਾ ‘ਚ ਸਥਿਤ ਫੈਕਟਰੀ ‘ਚ ਹੋਇਆ। ਜਿਸ ਫੈਕਟਰੀ ‘ਚ ਇਹ ਧਮਾਕਾ ਹੋਇਆ ਸੀ, ਉਹ ਵਿਸਫੋਟਕ ਬਣਾਉਣ ਲਈ ਵਰਤੀ ਜਾਂਦੀ ਸੀ।
ਰੂਸ ਦੀ ਸਰਕਾਰੀ ਸਮਾਚਾਰ ਏਜੰਸੀ RIA ਨੋਵੋਸਤੀ ਨੇ ਐਮਰਜੈਂਸੀ ਸੇਵਾ ਅਧਿਕਾਰੀਆਂ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ ਕਿ ਇਹ ਧਮਾਕਾ ਰੂਸ ਦੇ ਸਮਰਾ ਖੇਤਰ ਵਿਚ ਪ੍ਰੋਮਸਿਨੇਟੇਜ਼ ਫੈਕਟਰੀ ‘ਚ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੀਆਂ ਇਮਾਰਤਾਂ ‘ਚ ਝਟਕੇ ਮਹਿਸੂਸ ਕੀਤੇ ਗਏ। ਰਿਪੋਰਟ ਮੁਤਾਬਕ ਸਥਾਨਕ ਲੋਕ ਹੈਰਾਨ ਸਨ ਕਿ ਕੀ ਇਹ ਬੰਬ ਧਮਾਕਾ ਸੀ।
ਜਾਣਕਾਰੀ ਮੁਤਾਬਕ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਧਮਾਕੇ ਸਬੰਧੀ ਫੈਕਟਰੀ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਧਮਾਕੇ ਦੇ ਸਮੇਂ ਫੈਕਟਰੀ ਵਿੱਚ ਕਰਮਚਾਰੀ ਕੰਮ ਕਰ ਰਹੇ ਸਨ। ਉਸੇ ਸਮੇਂ ਇਹ ਧਮਾਕਾ ਹੋ ਗਿਆ। ਅਜੇ ਤੱਕ ਮ੍ਰਿਤਕ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।