ਗੁਰਬਾਣੀ ਨੂੰ ਆਈ. ਪੀ. ਐਲ. ਮੈਚਾਂ ਵਾਂਗ ਹਰੇਕ ਚੈਨਲ ’ਤੇ ਨਹੀਂ ਕੀਤਾ ਸਕਦੈ ਪ੍ਰਸਾਰਿਤ- ਵਿਰਸਾ ਸਿੰਘ ਵਲਟੋਹਾ

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪ੍ਰੋਫ਼ੈਸਰ ਵਿਰਸਾ ਸਿੰਘ ਵਲਟੋਹਾ ਨੇ ਵਿਧਾਨ ਸਭਾ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਿੱਖਾਂ ਦੇ ਦਾਹੜੇ ਨੂੰ ਲੈ ਕੇ ਵਰਤੀ ਗਈ ਸ਼ਬਦਾਵਲੀ ਦੀ ਸਖ਼ਤ ਨਿੰਦਾ ਕਰਦਿਆਂ ਮੁੱਖ ਮੰਤਰੀ ਨੂੰ ਤੁਰੰਤ ਸਿੱਖ ਜਗਤ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਉਨ੍ਹਾਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਵੀ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਵਲੋਂ ਸਿੱਖੀ ਸਰੂਪ ’ਤੇ ਕੀਤੇ ਗਏ ਹਮਲੇ ਦਾ ਸਖ਼ਤ ਨੋਟਿਸ ਲੈਣ। ਮੁੱਖ ਮੰਤਰੀ ਵਲੋਂ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਹਰ ਚੈਨਲ ਤੋਂ ਪ੍ਰਸਾਰਿਤ ਕਰਨ ਦੇ ਕੀਤੇ ਐਲਾਨ ’ਤੇ ਟਿੱਪਣੀ ਕਰਦਿਆਂ ਵਲਟੋਹਾ ਨੇ ਕਿਹਾ ਕਿ ਗੁਰਬਾਣੀ ਕੀਰਤਨ ਪ੍ਰਸਾਰਣ ਦੀ ਵੀ ਕੋਈ ਮਰਯਾਦਾ ਹੁੰਦੀ ਹੈ ਤੇ ਆਈ. ਪੀ. ਐਲ. ਮੈਚਾਂ ਵਾਂਗ ਪਵਿੱਤਰ ਗੁਰਬਾਣੀ ਨੂੰ ਹਰੇਕ ਚੈਨਲ ਤੋਂ ਪ੍ਰਸਾਰਿਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਪੀ.ਟੀ.ਸੀ. ਚੈਨਲਾਂ ਵਲੋਂ ਕੀਤੇ ਜਾ ਰਹੇ ਮੁਫ਼ਤ ਗੁਰਬਾਣੀ ਪ੍ਰਸਾਰਣ ਲਈ ਚੈਨਲ ਪ੍ਰਬੰਧਕਾਂ ਦੀ ਪ੍ਰਸੰਸਾ ਵੀ ਕੀਤੀ।